ਪੰਜਾਬ ਦਾ ਦਰਦ-ਏ-ਦਾਸਤਾਨ

ਬੇਦਾਵਾ ਲਿਖਣ ਵਾਲੇ ਹੀ ਕਿਸਮਤ ਘਾੜੇ ਬਣ ਬੈਠੇ

ਦੁਨੀਆਂ ਵਾਲਿਓ ! ਮੈਂ ਪੰਜਾਬ ਬੋਲਦਾ ਹਾਂ। ਭਾਰਤ ਸਮੇਤ ਦੁਨੀਆਂ ਭਾਵੇਂ ਅੱਜ ਮੈਨੂੰ ਨਿਖੱਟੂ ਤੇ ਹਾਰਿਆ ਸਮਝ ਰਹੀ ਹੈ, ਹਰ ਕਿਸਮ ਦੇ ਮਾਫੀਏ ਦੀ ਗ੍ਰਿਫਤ ਚ ਮੈਨੂੰ ਫਸਾਇਆ ਹੋਇਆ ਹੈ।
ਮੈਂ ਕਬੂਲਦਾ ਹਾਂ ਮੈਂ ਹਾਰਿਆ ਜਰੂਰ ਹਾਂ, ਰਾਜਿਆਂ ਦੇ ਮਾਫੀਆ ਨੇ ਮੇਰੇ ਉੱਤੇ ਕਬਜ਼ਾ ਕਰ ਰੱਖਿਆ ਹੈ ਪਰ ਮੈਂ ਆਤਮ ਸਮਰਪਣ ਨਹੀਂ ਕੀਤਾ,ਗੋਡੇ ਨਹੀਂ ਟੇਕੇ। ਮੈਂ ਆਪਣੇ ਗੁਰੂਆਂ ਫਕੀਰਾਂ ਵਾਲੀ ਅਮੀਰ ਵਿਰਾਸਤ ਦੀ ਸ਼ਾਨ ਲਈ ਅਜੇ ਵੀ ਲੜਾਈ ਲੜ ਰਿਹਾ ਹਾਂ।
ਹੁਣ ਮੈਂ ਵੀ ਦੁਨੀਆਂ ਦੀ ਜਵਾਨ ਪੀੜ੍ਹੀ ਨੂੰ ਦੱਸਣਾ ਚਾਹੁੰਦਾ ਹਾਂ ਮੈਂ ਕੌਣ ਹਾਂ ? ਜਵਾਨੋ ਮੈਂ ਉਹ ਪੰਜਾਬ ਹਾਂ ਜਿਸ ਦੇ ਧੀਆਂ-ਪੁੱਤਰਾਂ ਨੇ ਉੱਤਰ ਪੱਛਮੀ ਸਰਹੱਦ ਰਾਹੀਂ ਲਗਾਤਾਰ 1500 ਸਾਲ ਤੋਂ ਭਾਰਤ ਆਉਣ ਵਾਲੇ ਵਿਦੇਸ਼ੀ ਧਾੜਵੀ ਹਮਲਾਵਰਾਂ ਨੂੰ ਪਹਿਲੀ ਵਾਰ ਮੇਰੇ ਪੁੱਤਰਾਂ ਨੇ ਹੀ ਚੁਨੌਤੀ ਦਿੱਤੀ ਅਤੇ “ਖ਼ਾਲਸਾਈ ਤੱਤ” ਵਾਲੀ “ਤੇਗ ਤੇ ਖੰਡੇ” ਦੀ ਤਾਕਤ ਨਾਲ ਡੱਕਿਆ ਸੀ। ਮੇਰੇ ਖ਼ਾਲਸੇ ਨੇ ਉਲਟਾ ” ਦਰਾ ਖ਼ੈਬਰ ” ਉੱਤੇ ਕਬਜਾ ਕਰਕੇ ਵਿਦੇਸ਼ੀ ਹਮਲਾਵਰਾਂ ਦਾ ਰਸਤਾ ਪੱਕੇ ਤੌਰ ਉੱਤੇ ਬੰਦ ਕੀਤੇ ਜੋ ਅੱਜ ਤੱਕ ਜਮਰੌਦ ਦੇ ਕਿਲ੍ਹੇ ਦੇ ਰੂਪ ਚ ਨਿਸ਼ਾਨ ਕਾਇਮ ਹਨ। ਕੁੱਝ ਅਕ੍ਰਿਤਘਣ ਇਨ੍ਹਾਂ ਨਿਸ਼ਾਨਾਂ ਨਾਲ ਈਰਖਾ ਕਰ ਰਹੇ,ਹਰ ਥਾਂ ਤੋਂ ਮੈਨੂੰ ਮਿਟਾਉਣ ਦਾ ਯਤਨ ਕਰ ਰਹੇ ਹਨ। ਦੁਨੀਆਂ ਦੇ ਇਤਿਹਾਸ ਦੇ ਪੰਨੇ ਗਵਾਹ ਹਨ ਇਨ੍ਹਾਂ ਵਿਦੇਸ਼ੀ ਧਾੜਵੀਆਂ ਅੱਗੇ ਭਾਰਤੀ ਰਾਜਿਆਂ ਦਾ ਟਿੱਡੀ ਦਲ 1500 ਸਾਲ ਦੇ ਇਤਿਹਾਸ ਚ ਇੱਕ ਵਾਰ ਵੀ ਅੜ ਨਹੀਂ ਸਕਿਆ। ਮੇਰੇ ਰਹਿਬਰ ਗੁਰੂ ਨਾਨਕ ਜੀ ਦੇ ਜਨਮ 1469 ਤੋਂ ਪਹਿਲਾਂ ( ਪੂਰਵ ਨਾਨਕ ਕਾਲ ਅਤੇ ਉੱਤਰ ਨਾਨਕ ਕਾਲ) ਅਤੇ ਬਾਅਦ ਦਾ ਭਾਰਤੀ ਤੇ ਮੱਧ ਏਸ਼ੀਆ ਦਾ ਇਤਿਹਾਸ ਬਸ ਇੱਕ ਵਾਰ ਜਰੂਰ ਪੜਿਓ,ਖੋਜ਼ ਕਰਿਓ ਫਿਰ ਸਮਝ ਆਵੇਗੀ ਮੈਂ ਕੌਣ ਹਾਂ ? ਮੈਂ ਆਤਮ ਸਮਰਪਣ ਕਿਉਂ ਨਹੀਂ ਕਰਦਾ ? ਅੱਜ ਵੀ ਚੀਨ ਆਲ਼ੀ ਸਰਹੱਦ ਉੱਤੇ ਪਤਾ ਕਰ ਲਿਓ ਹਿੰਦੋਸਤਾਨੀਆਂ ਦੀ ਤਹਿ ਕੀਤੀ ਫੌਜੀ ਭਰਤੀ ਫੀਸਦੀ ਦੇ ਹਿਸਾਬ ਨਾਲ ਮੇਰੇ ਸ਼ੇਰ ਪੰਜਾਬੀ ਪੁੱਤਰਾਂ ਦੀ ਤੈਨਾਤੀ ਕਿਨ੍ਹੇ ਫੀਸਦੀ ਹੈ।


1469 ਤੋਂ ਬਾਆਦ ਗੁਰੂ ਨਾਨਕ ਜੀ ਨੇ ਜੋ ਅਵਾਜ਼ ਮੌਕੇ ਦੇ ਹਮਲਾਵਰ ਬਾਬਰ ਦੇ ਜਬਰ ਜ਼ੁਲਮ ਵਿਰੁੱਧ ਬੁਲੰਦ ਕੀਤੀ ਸੀ ਉਹ ਅਵਾਜ਼ ਅੱਜ ਵੀ ਜਬਰ ਜ਼ੁਲਮ ਵਿਰੁੱਧ,ਦੁਨੀਆਂ ਭਰ ਚ ਗੂੰਜਦੀ ਰਹਿੰਦੀ ਹੈ। ਭਾਵੇਂ ਮੇਰੀ ਇਸ ਅਵਾਜ਼ ਤੋਂ ਸਾਡੇ ਆਪਣੇ ਹੁਕਮਰਾਨ ਸਭ ਤੋਂ ਵੱਧ ਪਰੇਸ਼ਾਨ ਰਹਿੰਦੇ ਰਹੇ ਹਨ। ਇਸ ਬੁਲੰਦ ਅਵਾਜ਼ ਅੰਦਰਲੀ ਅਧਿਆਤਮਕ ਸ਼ਕਤੀ ਕਰਕੇ ਹੀ ਭਾਰਤੀ ਬਹੂ-ਬੇਟੀਆਂ ਦੀ ਇੱਜਤ ਨੂੰ ਸੁਰੱਖਿਅਤ ਘੇਰਾ ਮਿਲਿਆ ਸੀ ਜੋ ਅੱਜ ਤੱਕ ਵੀ ਕਾਇਮ ਹੈ,
ਪਰ–
ਐ ! ਦੁਨੀਆਂ ਦੇ ਨੌਜਵਾਨੋਂ ਮੇਰੇ ਨਾਲ ਕੁੱਝ ਅਕ੍ਰਿਤਘਣਾਂ ਨੇ ਵਾਰ ਵਾਰ ਵਿਸ਼ਵਾਸਘਾਤ ਕੀਤਾ। “ਅਕ੍ਰਿਤਘਣ” ਸ਼ਬਦ ਤੋਂ ਨੀਚ ਸ਼ਬਦ ਦੁਨੀਆਂ ਦੀ ਕਿਸੇ ਡਿਕਸ਼ਨਰੀ ਚ ਸ਼ਬਦ ਨਹੀਂ ਪਾਇਆ ਜਾਂਦਾ ( ਇੱਕ ਕਥਾ ਅਨੁਸਾਰ ਜਦੋਂ ਧਰਤੀ ਤੋਂ ਪੁੱਛਿਆ ਗਿਆ ਸੀ ਤੂੰ ਕਿਸ ਚੀਜ ਦਾ ਭਾਰ ਮੰਨਦੀ ਹੈਂ ਤਾਂ ਧਰਤੀ ਦਾ ਜਵਾਬ ਸੀ ਕੇਵਲ ਤੇ ਕੇਵਲ “ਅਕ੍ਰਿਤਘਣ” ਬੰਦੇ ਦਾ। ਭਾਈ ਗੁਰਦਾਸ ਜੀ ਦੀਆਂ ਵਾਰਾਂ ਚ ਵੀ ਅਕ੍ਰਿਤਘਣ ਦੀ ਪ੍ਰੀਭਾਸ਼ਾ ਦਿੱਤੀ ਗਈ ਹੈ।) 1947 ਚ ਮੇਰੀ ਹਿੱਕ ਉੱਤੇ ਹਿੰਦੂਆਂ ਅਤੇ ਮੁਸਲਮਾਨਾਂ ਦੇ ਲੀਡਰਾਂ ਨੇ ਲਕੀਰ ਵਾਹਕੇ ਮੇਰੇ ਦੋ ਟੋਟੇ ਕੀਤੇ,ਇਸ ਮੌਕੇ ਮੇਰੇ ਦਰਿਆਵਾਂ,ਅਸਮਾਨ ਤੇ ਕਿਰਤੀ ਧੀਆਂ-ਪੁੱਤਰਾਂ ਵਿੱਚ ਧਰਮ ਦੀ ਜ਼ਹਿਰ ਘੋਲ਼ ਕੇ ਇਨ੍ਹਾਂ ਨੂੰ ਵੰਡ ਦਿੱਤਾ ਅਤੇ ਇੱਕ ਦੂਸਰੇ ਦਾ ਦੁਸ਼ਮਣ ਬਣਾ ਦਿੱਤਾ। ਫਿਰ ਇਨ੍ਹਾਂ ਲੀਡਰਾਂ ਦੀ ਨੀਚ ਜ਼ਹਿਨੀਅਤ ਨੇ ਮੇਰੇ ਬਾਕੀ ਬਚਦੇ ਅੰਗਾਂ ਦੇ 1966 ਚ ਟੁਕੜੇ ਟੁਕੜੇ ਕਰ ਦਿੱਤੇ ਅਤੇ ਮੇਰੀ ਧਰਤੀ ਉੱਤੋਂ ਮੇਰੀ ਹੀ ਪਛਾਣ ਨੂੰ ਸਦਾ ਲਈ ਖਤਮ ਕਰਨ ਦਾ ਮੁੱਢ ਬੰਨ ਦਿੱਤਾ।ਮੈਨੂੰ ਡਰ ਹੈ ਭਵਿੱਖ ਚ ਮੇਰਾ ਨਾਂਅ ਹੁਣ ਸ਼ਾਇਦ “ਪੰਜਾਬ” ਵੀ ਨਹੀਂ ਰਹੇਗਾ। ਪੰਜਾਬ ਸ਼ਬਦ ਤੋਂ ਹਾਕਮਾਂ ਨੂੰ ਬਹੁਤ ਹੀ ਡਰ ਭੈ ਆਉਂਦਾ ਰਹਿੰਦਾ ਹੈ। ਇਹ ਹਾਕਮ ਨਫਰਤ ਦੀ ਹੱਦ ਤੱਕ ਮੇਰੇ ਨਾਲ ਵਿਤਕਰਾ ਕਰਦੇ ਰਹਿੰਦੇ ਹਨ। ਮੇਰੇ ਆਪਣੇ ਹੀ ਕੁੱਝ ਧੀਆਂ ਪੁੱਤਰਾਂ ਨੇ ਆਪਣੀ ਮਾਂ ਦੀ ਬੋਲੀ “ਪੰਜਾਬੀ” ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਇਹ ਨਾਦਾਣ ਤੇ ਭੁੱਲੜ ਧੀਆਂ ਪੁੱਤਰ ਆਪਣੀ “ਮਾਂ ਬੋਲੀ” ਨੂੰ ਨਫਰਤ ਕਰਨ ਲੱਗ ਪਏ ਅਤੇ ਮੈਨੂੰ ਬਿਗਾਨਾ ਸਮਝਕੇ ਲੁੱਟਣਾ ਸ਼ੁਰੂ ਕਰ ਦਿੱਤਾ ਜੋ ਅੱਜ ਤੱਕ ਲੁੱਟ ਕਰਦੇ ਆ ਰਹੇ ਹਨ। ਇਸ ਜ਼ਹਿਨੀਅਤ ਨੇ ਹੀ ਮੇਰੀ ਧਰਤੀ,ਦਰਿਆਵਾਂ,ਵਾਤਾਵਰਨ ਅਤੇ ਭਾਈਚਾਰੇ ਚ ਅਜਿਹੀ ਜ਼ਹਿਰ ਘੋਲ ਦਿੱਤੀ ਕਿ ਹੁਣ ਮੇਰਾ ਮਿੱਠਾ ਪਾਣੀ ਪੀਣ ਯੋਗ ਨਹੀਂ ਰਿਹਾ ਇਹ ਜ਼ਹਿਰੀਲਾ ਬਣਾ ਦਿੱਤਾ ਹੈ,ਧਰਤੀ ਦੀ ਕੁੱਖ ਬੰਜਰ ਬਣ ਗਈ ਹੈ। ਮੇਰੇ ਹਜਾਰਾਂ ਪੁੱਤਰਾਂ ਨੂੰ ਕੋਹ ਕੋਹ ਕੇ ਮਾਰਿਆ ਜਾਂਦਾ ਆ ਰਿਹਾ ਹੈ ਬਾਕੀ ਬਚਦੇ ਨੌਜਵਾਨਾਂ ਦੇ ਸਰੀਰ ਨਸ਼ਿਆਂ ਨਾਲ ਬੰਜਰ ਬਣ ਗਏ ਹਨ।


ਧਰਮੀ ਪੁਰਸ਼ ਵਪਾਰੀ ਬਣ ਗਏ, ਵਪਾਰੀ ਲੀਡਰ ਬਣ ਗਏ ਹਨ ਅਤੇ ਧਰਮੀ ਆਲੋਪ ਹੋ ਗਏ ਹਨ,ਪਾਖੰਡੀਆਂ ਦੇ ਵੱਗ ਫਿਰ
” ਮੁਲਤਾਨ ” ਵਾਂਗ ਉੱਗ ਆਏ ਹਨ। ਮੇਰੇ ਵਿਦਵਾਨ ਪੁੱਤ ਵੀ ਘੱਟ ਨਾ ਰਹੇ ਉਹ ਵੀ ਸਸਤੇ ਸਸਤੇ ਵਿਕ ਗਏ ਹਨ। ਉਹ ਹੁਣ ਕੋਈ ਵਿਦੇਸ਼ੀ ਭਾਸ਼ਾ ਤੇ ਫਿਲਾਸਫੀ ਚ ਕਾਵਿਤਾ ਤੇ ਲੇਖ ਲਿਖਣ ਚ ਮਸਤ ਰਹਿੰਦੇ ਹਨ ਜੋ ਮੈਨੂੰ ਸਮਝ ਨਹੀਂ ਆਉਂਦੇ। ਡਾਢਿਆਂ ਨੇ ਮੇਰਾ ਕਿਰਤੀ ਕਿਸਾਨ ਪੁੱਤਰ ਖੁਦਕੁਸ਼ੀਆਂ ਦੇ ਰਾਹ ਤੋਰ ਦਿੱਤਾ ਹੈ,ਸੁਆਣੀਆਂ ਦੇ ਚਿਹਰਿਆਂ ਉੱਤੇ ਉਦਾਸੀ ਦੀਆਂ ਪਰਤਾਂ ਛਾ ਗਈਆਂ ਹਨ। ਮੈਨੂੰ ਮੇਰੇ ਬੱਚਿਆਂ ਤੋਂ ਉਹਲੇ ਕਰ ਦਿੱਤਾ ਹੈ। ਮੇਰੇ ਬੱਚਿਆਂ ਨੂੰ ਹੁਣ ਮੇਰੇ ਵਿੱਚੋਂ ਕੁੱਝ ਵੀ ਨਜਰ ਨਹੀਂ ਆਉਂਦਾ,ਉਹ ਮੈਨੂੰ ਛੱਡਕੇ ਕਿਧਰੇ ਦੂਰ ਭੱਜ ਰਹੇ ਹਨ,ਮੈਂ ਇਨ੍ਹਾਂ ਲਈ ਇੱਕ ਡਰਾਵਣਾ ” ਨਸ਼ੇੜੀ ਬਾਪੂ ਪੰਜਾਬ ” ਬਣਕੇ ਰਹਿ ਗਿਆ ਹਾਂ। ਬਹੁੜੀ ਓ ! ਦੁਨੀਆਂ ਵਾਲਿਓ ! ਮੇਰੇ ਨਸੀਬ ਫੁੱਟ ਗਏ ਹਨ ਜਦੋਂ ਦੁਸ਼ਮਣਾਂ ਨੇ ਮੇਰੇ ਗੁਰੂਆਂ,ਭਗਤਾਂ ਤੇ ਫਕੀਰਾਂ ਦੀ ਸਾਂਝੀ ਗੁਰਬਾਣੀ ਨੂੰ ਮੇਰੀ ਹਿੱਕ ਉੱਤੇ ਹੀ ਗਲ਼ੀਆਂ ਚ ਰੋਲਤਾ, ਮਸੰਦਾਂ ਨੇ ਗੁਰਬਾਣੀ ਚ ਤਬਦੀਲੀ ਕਰ ਦਿੱਤੀ ਹੈ,ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਇੱਕ ਹੋਰ ਗ੍ਰੰਥ ਨੂੰ “ਗੁਰੂ ਗ੍ਰੰਥ” ਵਜੋਂ ਸਥਾਪਨਾ ਕਰ ਦਿੱਤੀ ਹੈ ਅਤੇ ਲੀਡਰਾਂ ਨੇ ਇਸ ਮੁੱਦੇ ਉੱਤੇ ਰੱਜਵੀਂ ਸਿਆਸਤ ਕੀਤੀ। ਅੱਜ ਮੈਂ ਕੰਗਲਾ ਪੰਜਾਬ ਬੋਲਦਾ ਹਾਂ। ਮੇਰੀ ਇਸ ਹਾਲਤ ਨੂੰ ਵੇਖ ਵੇਖ ਕੇ ਡਾਢੇ ਚਿੱਟੀਆਂ ਚਾਦਰਾਂ ਵਾਲੀਆਂ ਗੱਦੀਆਂ ਉੱਤੇ ਬੈਠਕੇ ਉੱਚੀ ਉੱਚੀ ਹਾਸੇ ਹੱਸ ਰਹੇ ਹਨ। ਇਸ ਹਾਸੇ ਦੀ ਟੁਣਕਾਰ ਚ ਮੇਰੇ ਆਪਣੇ ਬੇਸਮਝ ਪੁੱਤਰਾਂ ਦੀ ਟੁਣਕਾਰ ਵੀ ਸ਼ਾਮਿਲ ਹੈ ਜੋ ਕੇਵਲ ਇੱਕ ਕੱਪ ਚਾਹ ਬਦਲੇ ਚਿੱਟੀ ਚਾਦਰ ਉੱਤੇ ਬੈਠ ਕੇ ਮੈਨੂੰ ਕੱਢੀਆਂ ਹਜਾਰਾਂ ਮੰਦੀਆਂ ਗਾਲ਼ਾਂ ਨੂੰ ਬਿਨ ਸਾਹ ਲਿਆ ਸੁਣ ਜਾਂਦੇ ਹਨ,ਦੁਪਹਿਰ ਢਾਲ ਅਤੇ ਥੱਲਾ ਝਾੜਕੇ ਘਰਾਂ ਨੂੰ ਮੁੜ ਜਾਂਦੇ ਹਨ। ਲਾਲ,ਤੇਜਾ ਤੇ ਪਹਾੜਾ ਸਿੰਘ ਮੁੜ ਅੱਜ ਮੇਰੀ ਹਿੱਕ ਉੱਤੇ ਪੈਰ ਰੱਖ ਰੱਖ ਕੇ ਤੁਰ ਰਹੇ ਹਨ। ਇਹ ਇਤਫ਼ਾਕ ਹੀ ਹੈ ਮੇਰੇ ਕ੍ਰੋੜਾਂ ਧੀਆਂ ਪੁੱਤਰਾਂ ਨੇ ਮੇਰੇ ਵੱਲ ਪਿੱਠ ਕਰ ਲਈ ਹੈ। ਮੈਨੂੰ ਵੀ ਅਜਿਹੇ ਅਕ੍ਰਿਤਘਣਾਂ ਦੀ ਬਿਲਕੁਲ ਲੋੜ ਨਹੀਂ। 1839 ਤੋਂ ਬਾਆਦ ਮੈਂ ਭਾਵੇਂ ਡਾਢੇ ਦੁਸ਼ਮਣਾਂ ਅੱਗੇ ਲਗਾਤਾਰ ਹਾਰਦਾ ਆ ਰਿਹਾ ਹਾਂ,ਇਨ੍ਹਾਂ ਡਾਢਿਆਂ ਨੇ ਮੇਰੇ ਅੰਗ ਅੰਗ ਦੇ ਟੋਟੇ ਟੋਟੇ ਕਰ ਦਿੱਤੇ ਹਨ। ਬੇਦਾਵੇ ਲਿਖਣ ਵਾਲੇ ਮੇਰੀ ਕਿਸਮਤ ਦੇ ਘਾੜੇ ਬਣ ਬੈਠੇ ਪਰ ਮੈਂ ਇਨ੍ਹਾਂ ਡਾਢਿਆਂ ਅੱਗੇ ਆਤਮ ਸਮਰਪਣ ਨਹੀਂ ਕੀਤਾ ਜੋ ਮੇਰੀ ਫਿਤਰਤ ਚ ਨਹੀਂ ਹੈ। ਬਸ ਮੇਰਾ ਗੁਰੂ ਮੇਰੇ ਉੱਤੇ ਮੁੜ ਮਿਹਰ ਕਰੇ ਪਹਿਲਾਂ ਵਾਂਗ ਹੀ
” ਇੱਕ ਜੋੜਾ ਸਿੰਘਾਂ ” ਦਾ ਮੈਨੂੰ ਬਖਸ ਦੇਵੇ ਜੋ ਅਕ੍ਰਿਤਘਣਾਂ ਲਈ ਕਾਫੀ ਹੋਣਗੇ ਅਤੇ ਮੈਂ ਮੁੜ ਗੁਰੂਆਂ ਫਕੀਰਾਂ ਦਾ ਪੰਜਾਬ ਬਣ ਜਾਵਾਂਗਾ।
ਪ੍ਰੋ : ਸਤਨਾਮ ਸਿੰਘ,
98768-53694

  • 187
  •  
  •  
  •  
  •