ਟਾਈਟਲਰ ਦੇ ਪੋਸਟਰ ‘ਤੇ ਸਿੱਖਾਂ ਨੇ ਮਲੀ ਕਾਲਖ ਤੇ ਮਾਰੀਆਂ ਜੁੱਤੀਆਂ, ਕੀਤਾ ਸਖ਼ਤ ਵਿਰੋਧ

ਅੰਮ੍ਰਿਤਸਰ: ਸਥਾਨਕ ਮਜੀਠਾ ਰੋਡ ’ਤੇ ਸਾਬਕਾ ਕੇਂਦਰੀ ਮੰਤਰੀ ਜਗਦੀਸ਼ ਟਾਈਟਲਰ ਦੇ ਜਨਮ ਦਿਨ ਦੀਆਂ ਮੁਬਾਰਕਾਂ ਵਾਲੇ ਲਾਏ ਗਏ ਬੋਰਡ ਸਬੰਧੀ ਸਥਿਤੀ ਉਦੋਂ ਤਣਾਅ ਵਾਲੀ ਬਣ ਗਈ, ਜਦੋਂ ਸਿੱਖ ਜਥੇਬੰਦੀਆਂ ਨੇ ਇਕੱਠੇ ਹੋ ਕੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਨੇ ਇਹ ਬੋਰਡ ਉਤਾਰ ਦਿੱਤਾ ਅਤੇ ਬੋਰਡ ’ਤੇ ਕਾਲਖ ਮਲ ਦਿੱਤੀ। ਇਸ ਮੌਕੇ ਸਿੱਖ ਜੱਥੇਬੰਦੀਆਂ ਨੇ ਪੁਲਿਸ ਨੂੰ ਅਪੀਲ ਕੀਤੀ ਕਿ ਜਿਸ ਕਾਂਗਰਸੀ ਨੇਤਾ ਨੇ ਇਹ ਪੋਸਟਰ ਲਾਏ ਹਨ, ਉਸ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ।

ਪੋਸਟਰ ਲਾਉਣ ਵਾਲਿਆਂ ਵਿਚ ਸਿੱਖ ਯੂਥ ਪਾਵਰ ਆਫ ਪੰਜਾਬ (ਐੱਸਵਾਈਪੀਪੀ) ਅਤੇ ਸਿਰਲੱਥ ਖਾਲਸਾ ਨਾਂ ਦੀਆਂ ਸਿੱਖ ਜਥੇਬੰਦੀਆਂ ਦੇ ਮੈਂਬਰ ਸਨ। ਐੱਸਵਾਈਪੀਪੀ ਦੇ ਆਗੂ ਪਰਮਜੀਤ ਸਿੰਘ ਅਕਾਲੀ ਨੇ ਦੱਸਿਆ ਕਿ ਕਰਮਜੀਤ ਸਿੰਘ ਗਿੱਲ ਨਾਂ ਦੇ ਵਿਅਕਤੀ ਨੇ ਇਹ ਬੋਰਡ ਇੱਥੇ ਚੌਕ ਵਿਚ ਲਾਇਆ ਸੀ ਜਿਸ ਵਿਚ ਸਾਬਕਾ ਕੇਂਦਰੀ ਮੰਤਰੀ ਜਗਦੀਸ਼ ਟਾਈਟਲਰ ਅਤੇ ਬੋਰਡ ਲਾਉਣ ਵਾਲੇ ਦੀਆਂ ਤਸਵੀਰਾਂ ਬਣੀਆਂ ਹੋਈਆਂ ਹਨ। ਇਸ ਬੋਰਡ ਵਿਚ ਕਾਂਗਰਸੀ ਆਗੂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹੋਈਆਂ ਸਨ।

ਉਨ੍ਹਾਂ ਦੋਸ਼ ਲਾਇਆ ਕਿ ਜਗਦੀਸ਼ ਟਾਈਟਲਰ 1984 ਸਿੱਖ ਕਤਲੇਆਮ ਮਾਮਲਿਆਂ ਵਿਚ ਕਥਿਤ ਦੋਸ਼ੀ ਹੈ। ਅਜਿਹੇ ਵਿਅਕਤੀ ਦੇ ਜਨਮ ਦਿਨ ਦਾ ਬੋਰਡ ਲਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਉਨ੍ਹਾਂ ਬੋਰਡ ਲਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ।

  •  
  •  
  •  
  •  
  •