ਟਾਈਟਲਰ ਮਾਮਲੇ ‘ਚ ਗਵਾਹ ਅਭਿਸ਼ੇਕ ਵਰਮਾ ਨੂੰ ਮਿਲੀ ਪੁਲਿਸ ਸੁਰੱਖਿਆ ਜਾਰੀ ਰੱਖਣ ਦੇ ਹੁਕਮ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਵਿਚ ਹੋਏ ਸਿੱਖ ਕਤਲੇਆਮ ਦੇ ਕਈ ਮਾਮਲਿਆਂ ਅੰਦਰ ਮੁੱਖ ਸਾਜਿਸ਼ਕਰਤਾ ਕਾਂਗਰਸੀ ਲੀਡਰ ਜਗਦੀਸ਼ ਟਾਈਟਲਰ ਦੇ ਕੇਸਾਂ ਦੇ ਅਹਿਮ ਗਵਾਹ ਅਭਿਸ਼ੇਕ ਵਰਮਾ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਇਕ ਮਹੀਨੇ ਲਈ ਮੁੜ ਪੁਲਿਸ ਸੁਰੱਖਿਆ ਦੇ ਦਿੱਤੀ ਗਈ ਹੈ ।

ਅਦਾਲਤ ਨੇ ਕਿਹਾ ਕਿ ਵਰਮਾ ਨੂੰ ਹਾਈ ਕੋਰਟ ਅੰਦਰ ਗਵਾਹ ਸੁਰੱਖਿਆ ਤਜਵੀਜ਼ ਅਧੀਨ ਅਰਜ਼ੀ ਦਾਇਰ ਕਰਨੀ ਪਵੇਗੀ ਜਿਸ ਤੇ ਅਦਾਲਤ ਵੱਲੋਂ ਇਸ ਮਾਮਲੇ ‘ਤੇ ਫੈਸਲਾ ਲਿਆ ਜਾਏਗਾ। ਅਦਾਲਤ ਨੇ ਪੁਲਿਸ ਦੇ ਡੀਸੀਪੀ ਨੂੰ ਅਦਾਲਤ ਦੇ ਅੰਤਰਿਮ ਆਦੇਸ਼ਾ ਦੇ ਨਾਲ ਦਸਬੰਰ 2019 ਅਤੇ ਜਨਵਰੀ 2020 ਦੇ ਗਵਾਹਾਂ ਅਤੇ ਪੀੜਤਾਂ ਦੇ ਵਕੀਲਾਂ ਨੂੰ ਧਮਕੀ ਦੇਣ ਵਾਲੇ ਪੱਤਰ ਬਾਰੇ ਕੀਤੀ ਕਾਰਵਾਈ ਦੱਸਣ ਅਤੇ ਵਰਮਾ ਲਈ ਇੱਕ ਮਹੀਨੇ ਵਾਸਤੇ ਸੁਰੱਖਿਆ ਦੇ ਪ੍ਰਬੰਧ ਕਰਨ ਲਈ ਆਦੇਸ਼ ਦਿੱਤੇ ਹਨ ।

ਜਿਕਰਯੋਗ ਹੈ ਕਿ ਹਥਿਆਰਾਂ ਦੇ ਕਾਰੋਬਾਰੀ ਅਭਿਸ਼ੇਕ ਵਰਮਾ, ਜੋ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇਕ ਅਹਿਮ ਗਵਾਹ ਹਨ, ਨੇ ਸਾਬਕਾ ਕੇਂਦਰੀ ਮੰਤਰੀ ਅਤੇ ਦੰਗਿਆਂ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਕੋਲੋਂ ਅਪਣੀ ਜਾਨ ਨੂੰ ਖਤਰਾ ਦੱਸਿਆ ਸੀ । ਅਭਿਸ਼ੇਕ ਵਰਮਾ ਨੇ ਜਗਦੀਸ਼ ਟਾਈਟਲਰ ‘ਤੇ ਦੋਸ਼ ਲਾਇਆ ਸੀ ਕਿ ਟਾਈਟਲਰ ਨੇ ਆਪਣੇ ਪ੍ਰਭਾਵ ਨਾਲ ਕੇਸ ਨਾਲ ਜੁੜੇ ਅਹਿਮ ਗਵਾਹਾਂ ਨੂੰ ਪ੍ਰਭਾਵਤ ਕੀਤਾ ਹੈ। ਦਿੱਲੀ ਕਮੇਟੀ ਦੇ ਲੀਗਲ ਸੈਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਅਸੀ ਅਦਾਲਤ ਦੇ ਇਸ ਫੈਸਲੇ ਦਾ ਸੁਆਗਤ ਕਰਦੇ ਹਾਂ ਤੇ ਅਭਿਸ਼ੇਕ ਵਰਮਾ ਜੋ ਕਿ ਜਗਦੀਸ਼ ਟਾਈਟਲਰ ਦੇ ਖਿਲਾਫ ਮੁੱਖ ਗਵਾਹ ਹਨ, ਨੂੰ ਟਾਇਟਲਰ ਵੱਲੋਂ ਜਾਨੋਂ ਮਾਰਣ ਦੀ ਧਮਕੀ ਮਿਲੀ ਹੋਈ ਹੈ, ਪੱਕੀ ਪੁਲਿਸ ਸੁਰੱਖਿਆ ਦਿਵਾਉਣ ਲਈ ਹਾਈ ਕੋਰਟ ਅੰਦਰ ਵੀ ਅਪੀਲ ਦਾਖਿਲ ਕਰਾਗੇਂ । ਅਦਾਲਤ ਅੰਦਰ ਪੀੜਤ ਧਿਰ ਵਲੋਂ ਵਕੀਲ ਗੁਰਬਖਸ਼ ਸਿੰਘ, ਹਰਪ੍ਰੀਤ ਸਿੰਘ ਹੋਰਾ, ਐਚਐਸਫੁਲਕਾ, ਅਭਿਸ਼ੇਕ ਵਰਮਾ ਵੱਲੋਂ ਮਨਿੰਦਰ ਸਿੰਘ ਅਤੇ ਸੀਬੀਆਈ ਵੱਲੋਂ ਅਮਿਤ ਜਿੰਦਲ ਪੇਸ਼ ਹੋਏ ਸਨ । ਚੱਲ ਰਹੇ ਇਸ ਮਾਮਲੇ ਅੰਦਰ ਜਗਦੀਸ਼ ਟਾਈਟਲਰ ਜਮਾਨਤ ਤੇ ਬਾਹਰ ਹਨ ।

  • 96
  •  
  •  
  •  
  •