ਮੌਜੂਦਾ ਸਰਕਾਰ ਦੇ ਰਾਜ ‘ਚ ਸਿੱਖ ਵੱਲੋਂ ਅਰਦਾਸ ਕਰਨੀ ਵੀ ਗੁਨਾਹ: ਬਲਜੀਤ ਸਿੰਘ ਖ਼ਾਲਸਾ

ਨਵੀਂ ਦਿੱਲੀ 19 ਅਗਸਤ (ਮਨਪ੍ਰੀਤ ਸਿੰਘ ਖਾਲਸਾ):-ਸ਼ੋਸਲ ਮੀਡੀਆ ਵਿੱਚ ਇਕ ਖ਼ਬਰ ਛਾਈ ਹੋਈ ਹੈ ਕਿ ਪੁਲਿਸ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਇੱਕ ਸਿੱਖ ਨੌਜਵਾਨ ਨੂੰ ਅਰਦਾਸ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਕਿਸ ਰਾਜ ਪ੍ਰਣਾਲੀ ਵਿੱਚ ਰਹਿ ਰਹੇ ਹਾਂ.? ਅਜਿਹੀ ਧੱਕੇਸ਼ਾਹੀ ਤਾਂ ਮੁਗ਼ਲਾਂ ਅਤੇ ਅੰਗਰੇਜ਼ਾਂ ਦੇ ਰਾਜ ਵਿੱਚ ਵੀ ਪੜ੍ਹਨ ਸੁਣਨ ਨੂੰ ਨਹੀਂ ਮਿਲ਼ਦੀ ਇਹ ਕਹਿਣਾਂ ਹੈ ਸਿੱਖ ਚਿੰਤਕ ਬਲਜੀਤ ਸਿੰਘ ਖਾਲਸਾ ਦਾ। ਉਨ੍ਹਾਂ ਦਸਿਆ ਕਿ ਇੱਕ ਸਿੱਖ ਜਦੋਂ ਗੁਰੂ ਦੇ ਸਨਮੁਖ ਖਲੋ ਕੇ, ਗਲ਼ ਪੱਲਾ ਪਾ ਕੇ ਅਰਦਾਸ ਕਰਦਾ ਹੈ ਤਾਂ ਉਸ ਵੇਲ਼ੇ ਗੁਰੂ ਅਤੇ ਸਿੱਖ ਦੇ ਦਰਮਿਆਨ ਹੋਰ ਕੋਈ ਨਹੀਂ ਹੁੰਦਾ।

ਖਾਲਸਾ ਨੇ ਕਿਹਾ ਕਿ ਗੁਰੂ ਅਤੇ ਸਿੱਖ ਦਰਮਿਆਨ ਸਿਰਫ਼ ਅਰਦਾਸ ਦਾ ਹੀ ਰਿਸ਼ਤਾ ਨਹੀਂ, ਇਹ ਰਿਸ਼ਤਾ ਬਹੁਤ ਗੂੜ੍ਹਾ ਹੈ। ਗੁਰੂ ਦਾ ਸਿੱਖ, ਗੁਰੂ ਸਾਹਿਬ ਦੇ ਬਖਸ਼ਿਸ਼ ਕੀਤੇ ਸਿਧਾਂਤਾਂ ਤੇ ਚੱਲਦਿਆਂ, ਸਮਾਜ ਵਿੱਚ ਹਰ ਤਰ੍ਹਾਂ ਦੇ ਜ਼ੁਲਮ ਅਤੇ ਜਬਰ ਦਾ ਵਿਰੋਧ ਕਰਦਾ ਹੈ, ਉਸ ਵਿਰੁੱਧ ਜੂਝਦਾ ਵੀ ਹੈ ਤੇ ਲੋੜ ਪੈਣ ਤੇ ਸ਼ਹਾਦਤ ਵੀ ਦਿੰਦਾ ਹੈ, ਪਰ ਜਦੋਂ ਗੁਰੂ ਦਾ ਸਿੱਖ ਧਰਮ ਯੁੱਧ ਵਿੱਚ ਆਪਣੇ ਆਪ ਨੂੰ ਨਿਮਾਣਾ ਨਿਤਾਣਾ ਮਹਿਸੂਸ ਕਰੇ ਤਾਂ ਉਹ ਗੁਰੂ ਦੇ ਸਨਮੁਖ ਆਤਮਿਕ ਸ਼ਕਤੀ ਲਈ ਅਰਦਾਸ ਕਰਦਾ ਹੈ।

ਉਨ੍ਹਾਂ ਕਿਹਾ ਕਿ ਇੱਥੇ ਇਹ ਗੱਲ ਸਮਝ ਲਈ ਜਾਣੀ ਚਾਹੀਦੀ ਹੈ ਕਿ ਸਿੱਖ ਜਦੋਂ ਗੁਰੂ ਦਾ ਓਟ ਆਸਰਾ ਲੈ ਕੇ ਹਕੂਮਤੀ ਜ਼ੁਲਮ ਦਾ ਵਿਰੋਧ ਕਰਦਾ ਹੈ ਤਾਂ ਸਮੇਂ ਦੀਆਂ ਹਕੂਮਤਾਂ ਇਸ ਨੂੰ ਬਗ਼ਾਵਤ ਕਹਿ ਕੇ ਕੁਚਲਣ ਦਾ ਯਤਨ ਕਰਦੀਆਂ ਹਨ, ਪਰ ਸਿੱਖ ਜਦੋਂ ਗੁਰੂ ਦੇ ਸਨਮੁਖ ਅਰਦਾਸ ਕਰਦਾ ਹੈ ਤਾਂ ਇਸ ਨੂੰ ਅੱਜ ਤਕ ਕਿਸੇ ਵੀ ਹਕੂਮਤ ਨੇ ‘ਦੇਸ਼ ਵਿਰੋਧੀ ਸਰਗਰਮੀ’ ਜਾਂ ‘ਬਗ਼ਾਵਤ’ ਮੰਨ ਕੇ ਕਿਸੇ ਸਿੱਖ ਨੂੰ ਅਰਦਾਸ ਕਰਨ ਦੇ ਜੁਰਮ ‘ਚ ਗ੍ਰਿਫ਼ਤਾਰ ਨਹੀਂ ਸੀ ਕੀਤਾ।

ਬਲਜੀਤ ਸਿੰਘ ਖ਼ਾਲਸਾ

ਉਨ੍ਹਾਂ ਕਿਹਾ ਕਿ ਅੱਜ ਪਹਿਲੀ ਵਾਰ ਹੈ ਕਿ ਆਪਣੇ ਆਪ ਨੂੰ ਸੈਕੂਲਰ ਅਖਵਾਉਣ ਵਾਲ਼ੀ ਹਕੂਮਤ ਵਿੱਚ ਇੱਕ ਸਿੱਖ ਨੌਜਵਾਨ ਨੂੰ ਅਰਦਾਸ ਕਰਨ ਦੇ ਜ਼ੁਰਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਗ਼ਲਾਂ ਅਤੇ ਅੰਗਰੇਜ਼ਾਂ ਦੀ ਧੱਕੇਸ਼ਾਹੀ ਨੂੰ ਮਾਤ ਪਾਉਣ ਲਈ ਅੱਜ ਦੀ ਸਰਕਾਰ ਨੂੰ ਵਧਾਈਆਂ। ਸਪਸ਼ਟ ਹੈ ਕਿ ਅੱਜ ਦੀ ਸਰਕਾਰ ਨੇ ਇੱਕ ਸਿੱਖ ਦਾ ਗੁਰੂ ਦੇ ਸਨਮੁਖ ਅਰਦਾਸ ਕਰਨਾ ਵੀ ਗੁਨਾਹ ਬਣਾ ਦਿੱਤਾ ਹੈ, ਦੇਸ਼ ਧ੍ਰੋਹ ਦਾ ਫ਼ਤਵਾ ਦੇ ਦਿੱਤਾ ਹੈ।

ਇਸ ਤੋਂ ਬਾਅਦ ੳਨ੍ਹਾਂ ਕਿਹਾ ਕਿ ਮੌਜੂਦਾ ਹਕੂਮਤ ਤਾਂ ਸਿੱਖ ਪੰਥ ਉੱਤੇ ਜ਼ੁਲਮ ਤੇ ਜਬਰ ਵਿੱਚ ਮੁਗ਼ਲਸ਼ਾਹੀ ਤੇ ਅੰਗਰੇਜ਼ਸ਼ਾਹੀ ਨੂੰ ਪਿੱਛੇ ਛੱਡ ਜਾਣ ਲਈ ਕਾਹਲ਼ੀ ਹੈ, ਪਰ ਦੂਜੇ ਪਾਸੇ ਇਸ ਜਬਰ ਦਾ ਸਾਮ੍ਹਣਾ ਕਰਨ ਲਈ ਸਿੱਖ ਪੰਥ ਦੀਆਂ ਸੁਹਿਰਦ ਧਿਰਾਂ, ਉਸ ਪੰਥਕ ਏਕਤਾ ਅਤੇ ਸਿੱਖੀ ਸਿਦਕ ਦੇ ਹਾਣ ਦੀਆਂ ਕਦੋਂ ਹੋਣਗੀਆਂ, ਜਿਸ ਆਸਰੇ ਸਿੱਖਾਂ ਨੇ ਤਾਕਤਵਰ ਮੁਗ਼ਲ ਅਤੇ ਅੰਗਰੇਜ਼ ਸ਼ਹਿਨਸ਼ਾਹੀ ਦੇ ਤਖ਼ਤ ਉਲ਼ਟਾ ਦਿੱਤੇ ਸਨ.?

  • 699
  •  
  •  
  •  
  •