ਫ਼ੌਜ ਨੇ ਮਾਲੀ ‘ਚ ਤਖ਼ਤਾ ਪਲਟਿਆ, ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਬਣਾਇਆ ਬੰਦੀ

ਪੱਛਮੀ ਅਫਰੀਕੀ ਦੇਸ਼ ਮਾਲੀ ਵਿਚ ਮੰਗਲਵਾਰ ਨੂੰ ਫੌਜ ਵੱਲੋਂ ਕੀਤੇ ਰਾਜਪਲਟੇ ਮਗਰੋਂ ਰਾਸ਼ਟਰਪਤੀ ਇਬਰਾਹਿਮ ਬੁਬਾਕਾਰ ਕੇਟਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਫੌਜ ਨੇ ਦੇਰ ਰਾਤ ਰਾਸ਼ਟਰਪਤੀ ਨੂੰ ਉਨ੍ਹਾਂ ਦੀ ਰਿਹਾਇਸ਼ ਤੋਂ ਆਪਣੀ ਹਿਰਾਸਤ ਵਿੱਚ ਲੈ ਲਿਆ ਸੀ। ਪ੍ਰਦਰਸ਼ਨਕਾਰੀ ਪਿਛਲੇ ਕਈ ਮਹੀਨਿਆਂ ਤੋਂ ਕੇਟ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਵੀ ਬੰਧਕ ਬਣਾ ਲਿਆ। ਇਸ ਦੌਰਾਨ ਕੌਮਾਂਤਰੀ ਭਾਈਚਾਰੇ ਨੇ ਇਸ ਪੂਰੇ ਘਟਨਾਕ੍ਰਮ ਦੀ ਨਿਖੇਧੀ ਕੀਤੀ ਹੈ।

ਫ਼ੌਜੀ ਤਰਜਮਾਨ ਕਰਨਲ ਮੇਜਰ ਇਸਮਾਈਲ ਵੇਗ ਜਾਣਕਾਰੀ ਦਿੰਦਾ ਹੋਇਆ।

ਉਧਰ ਸਰਕਾਰ ਦਾ ਤਖ਼ਤਾ ਪਲਟਾਉਣ ਵਾਲਿਆਂ ਨੇ ਸਰਕਾਰੀ ਟੀਵੀ ’ਤੇ ਜਾਰੀ ਇਕ ਬਿਆਨ ਵਿੱਚ ਆਪਣੀ ਪਛਾਣ ਕਰਨਲ ਮੇਜਰ ਇਸਮਾਈਲ ਵੇਗ ਦੀ ਅਗਵਾਈ ਵਾਲੀ ਨੈਸ਼ਨਲ ਕਮੇਟੀ ਫਾਰ ਸਾਲਵੇਸ਼ਨ ਆਫ਼ ਦੀ ਪੀਪਲ ਵਜੋਂ ਦੱਸੀ ਹੈ। ਫੌਜ ਨੇ ਜਲਦੀ ਹੀ ਮੁਲਕ ਵਿੱਚ ਨਵੇਂ ਸਿਰਿਓਂ ਚੋਣਾਂ ਕਰਵਾਉਣ ਦਾ ਵਾਅਦਾ ਕੀਤਾ ਹੈ।
ਮਾਲੀ ‘ਚ ਸਿਆਸੀ ਸੰਕਟ ਅਚਾਨਕ ਵਧ ਗਿਆ ਹੈ। ਜਿੱਥੇ ਸੰਯੁਕਤ ਰਾਸ਼ਟਰ ਤੇ ਫਰਾਂਸ ਨੇ ਦੇਸ਼ ‘ਚ ਸਥਿਰਤਾ ਦਾ ਮਾਹੌਲ ਬਣਾਉਣ ਦੇ ਯਤਨਾਂ ‘ਚ ਸੱਤ ਸਾਲ ਤੋਂ ਜ਼ਿਆਦਾ ਸਮਾਂ ਲਾਇਆ। ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਫੌਜ ਦੇ ਕੰਮਾਂ ਦੀ ਸ਼ਲਾਘਾ ਕੀਤੀ। ਇੱਕ ਇਮਾਰਤ ਨੂੰ ਵੀ ਅੱਗ ਲਾ ਦਿੱਤੀ ਗਈ ਜੋ ਮਾਲੀ ਜੇ ਨਿਆਂ ਮੰਤਰੀ ਨਾਲ ਸਬੰਧਤ ਸੀ।

ਮਾਲੀ ਵਿੱਚ ਯੂਐੱਨ ਦੇ ਅਮਲ ਬਹਾਲੀ ਨਾਲ ਜੁੜੇ ਮਿਸ਼ਨ ਦੇ 15,600 ਕਾਮੇ ਤਾਇਨਾਤ ਹਨ। ਰਾਸ਼ਟਰਪਤੀ ਇਬਰਾਹਿਮ ਕੇਟਾ, ਜਿਨ੍ਹਾਂ ਦਾ ਅਜੇ ਤਿੰਨ ਸਾਲ ਦਾ ਕਾਰਜਕਾਲ ਪਿਆ ਸੀ, ਨੇ ਅਸਤੀਫ਼ੇ ਦੇ ਐਲਾਨ ਨਾਲ ਹੀ ਆਪਣੀ ਸਰਕਾਰ ਤੇ ਕੌਮੀ ਅਸੈਂਬਲੀ ਨੂੰ ਵੀ ਭੰਗ ਕਰ ਦਿੱਤਾ। ਕੇਟਾ ਪਹਿਲਾਂ 2013 ਵਿੱਚ ਜਮਹੂਰੀ ਢੰਗ ਨਾਲ ਚੁਣਿਆ ਗਿਆ ਸੀ ਤੇ ਮਗਰੋਂ ਪੰਜ ਸਾਲ ਬਾਅਦ ਉਹ ਫਿਰ ਚੋਣ ਜਿੱਤ ਗਿਆ।

ਤਖਤਾ ਪਲਟ ਤੋਂ ਪਹਿਲਾਂ ਫ਼ੌਜ ਨੇ ਕਾਟੀ ਦੇ ਫੌਜੀ ਕਸਬੇ ਵਿਚਲੀ ਆਰਮਰੀ ’ਚੋਂ ਹਥਿਆਰ ਆਪਣੇ ਕਬਜ਼ੇ ਵਿੱਚ ਲਏ ਤੇ ਮਗਰੋਂ ਰਾਜਧਾਨੀ ਬਮਾਕੋ ਵੱਲ ਰੁੱਖ਼ ਕਰਦਿਆਂ ਰਾਸ਼ਟਰਪਤੀ ਇਬਰਾਹਿਮ ਕੇਟਾ ਤੇ ਪ੍ਰਧਾਨ ਮੰਤਰੀ ਬੁਬੂ ਸਿਸੇ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਇਕ ਦਿਨ ਪਹਿਲਾਂ ਹਥਿਆਰਬੰਦ ਲੋਕਾਂ ਨੇ ਦੇਸ਼ ਦੇ ਵਿੱਤ ਮੰਤਰੀ ਅਬਦੁਲਾਏ ਦਫੇ ਸਮੇਤ ਅਧਿਕਾਰੀਆਂ ਨੂੰ ਹਿਰਾਸਤ ‘ਚ ਲੈ ਲਿਆ ਤੇ ਇਸ ਤੋਂ ਬਾਅਦ ਸਰਕਾਰੀ ਕਰਮਚਾਰੀ ਆਪਣੇ ਦਫ਼ਤਰਾਂ ‘ਚੋਂ ਭੱਜ ਗਏ। ਬਮਾਕੋ ਦੀਆਂ ਸੜਕਾਂ ‘ਤੇ ਫੌਜੀ ਇਸ ਤਰ੍ਹਾਂ ਘੁੰਮੇ ਜਿਸ ਤੋਂ ਇਹ ਹੋਰ ਸਪਸ਼ਟ ਹੋ ਗਿਆ ਕਿ ਰਾਜਧਾਨੀ ਸ਼ਹਿਰ ‘ਤੇ ਉਨ੍ਹਾਂ ਦਾ ਕਾਬੂ ਹੋ ਗਿਆ ਹੈ।

  • 1.1K
  •  
  •  
  •  
  •