ਕੈਨੇਡਾ ‘ਚ ਬਿਨਾਂ ਇਜਾਜ਼ਤ ਛਾਪੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ, ਸਿੱਖਾਂ ਚ ਰੋਸ

ਕੈਨੇਡਾ ਵਿਚ ਸਤਨਾਮ ਐਜੂਕੇਸ਼ਨ ਟਰਸੱਟ ਵਲੋਂ ਆਪਣੇ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਿਨਾਂ ਆਗਿਆ ਦੇ ਛਾਪਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨਾਲ ਸਿੱਖ ਸੰਗਤਾਂ ਵਿਚ ਰੋਸ ਹੈ ਕਿਉਂਕਿ ਇਸ ਦੀ ਇਜਾਜ਼ਤ ਕਿਸੇ ਵੀ ਵਿਅਕਤੀ ਨੂੰ ਨਹੀਂ ਹੈ। ਇਸ ਮਾਮਲੇ ‘ਤੇ ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਕੈਨੇਡਾ ਵਿਚ ਪਾਵਨ ਸਰੂਪ ਛਾਪਣ ਬਾਰੇ ਕਿਸੇ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ। ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਸਿੱਖ ਸੰਸਥਾ ਨੇ ਇਸ ਸਬੰਧੀ ਕਿਸੇ ਨੂੰ ਵੀ ਪ੍ਰਵਾਨਗੀ ਨਹੀਂ ਦਿੱਤੀ ਹੈ।

ਸਤਨਾਮ ਟਰੱਸਟ ਦੇ ਨੁਮਾਇੰਦੇ ਆਖ ਰਹੇ ਹਨ ਕਿ ਉਨ੍ਹਾਂ ਕੋਲ ਸ਼੍ਰੋਮਣੀ ਕਮੇਟੀ ਵਲੋਂ ਦਿੱਤੀ ਹੋਈ ਲਿਖਤੀ ਪ੍ਰਵਾਨਗੀ ਹੈ। ਅਕਾਲ ਤਖ਼ਤ ਵਲੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਛਾਪਣ ਦਾ ਅਧਿਕਾਰ ਸਿਰਫ ਸ਼੍ਰੋਮਣੀ ਕਮੇਟੀ ਨੂੰ ਦਿੱਤਾ ਗਿਆ ਹੈ। ਇਸ ਦੌਰਾਨ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਨੇ ਵੀ ਸਤਨਾਮ ਟਰੱਸਟ ਨੂੰ ਪੱਤਰ ਭੇਜ ਕੇ ਆਖਿਆ ਕਿ ਇਹ ਕਾਰਵਾਈ ਹੁਕਮਨਾਮੇ ਦੀ ਉਲੰਘਣਾ ਹੈ ਅਤੇ ਅਕਾਲ ਤਖ਼ਤ ਨੂੰ ਚੁਣੌਤੀ ਹੈ, ਜਿਸ ਕਾਰਨ ਸਿੱਖ ਸੰਗਤ ਵਿਚ ਰੋਸ ਹੈ।

ਉਨ੍ਹਾਂ ਆਖਿਆ ਕਿ ਗੁਰਦੁਆਰਾ ਕੌਂਸਲ ਵਲੋਂ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਹੈ ਕਿ ਜਿੰਨੇ ਵੀ ਸਰੂਪ ਹੁਣ ਤੱਕ ਛਾਪੇ ਗਏ ਹਨ ਉਨ੍ਹਾਂ ਨੂੰ 22 ਅਗਸਤ ਦੀ ਸ਼ਾਮ ਤੱਕ ਗੁਰੂ ਨਾਨਕ ਸਿੱਖ ਗੁਰਦੁਆਰਾ ਵਿਖੇ ਪਹੁੰਚਾ ਦਿੱਤਾ ਜਾਵੇ, ਛਪਾਈ ਨਾਲ ਸਬੰਧਤ ਸਾਰਾ ਸਮਾਨ ਵੀ ਉਥੇ ਪਹੁੰਚਾਇਆ ਜਾਵੇ। ਕੈਨੇਡਾ ਦੇ ਟਰਸੱਟ ਵਲੋਂ ਹੁਣ 20 ਸਰੂਪ ਛਾਪੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਅਤਿ ਆਧੁਨਿਕ ਮਸ਼ੀਨਰੀ ਅਤੇ ਛਪਾਈ ਤਕਨੀਕ ਵੀ ਹੈ।

  •  
  •  
  •  
  •  
  •