ਕਰਤਾਰਪੁਰ ਸਾਹਿਬ ਲਾਂਘਾ ਜਲਦ ਖੋਲ੍ਹੇ ਕੇਂਦਰ ਸਰਕਾਰ: ਭਾਈ ਲੌਂਗੋਵਾਲ

ਤਲਵੰਡੀ ਸਾਬੋ: ”ਭਾਵੇਂ ਕੋਰੋਨਾ ਮਹਾਮਾਰੀ ਦਾ ਕਹਿਰ ਅਜੇ ਜਾਰੀ ਹੈ ਪ੍ਰੰਤੂ ਜਿਵੇਂ ਬੀਤੇ ਦਿਨਾਂ ਵਿੱਚ ਕੇਂਦਰ ਸਰਕਾਰ ਨੇ ਦੇਸ਼ ਵਿੱਚ ਧਾਰਮਿਕ ਸਥਾਨਾਂ ਨੂੰ ਖੋਲ੍ਹ ਦਿੱਤਾ ਸੀ, ਉਵੇਂ ਹੀ ਸਿੱਖ ਭਾਵਨਾਵਾਂ ਨੂੰ ਦੇਖਦਿਆਂ ਹੁਣ ਚਾਹੀਦਾ ਇਹ ਹੈ ਕਿ ਕੇਂਦਰ ਸਰਕਾਰ ਬਿਨਾਂ ਦੇਰੀ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲੇ ਤਾਂਕਿ ਸਿੱਖ ਆਪਣੇ ਪਾਵਨ ਅਸਥਾਨ ਦੇ ਦਰਸ਼ਨ ਕਰ ਸਕਣ।” ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।

ਭਾਈ ਲੌਂਗੋਵਾਲ ਨੇ ਕਿਹਾ ਕਿ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਪਹਿਲੀ ਵਾਰ ਖੁੱਲ੍ਹਿਆ ਸੀ ਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਸੀ, ਪਰੰਤੂ ਹੁਣ ਜਦੋਂ ਦੇਸ਼ ਵਿਚ ਬਾਕੀ ਸਾਰੇ ਧਾਰਮਿਕ ਅਸਥਾਨ ਖੋਲ ਦਿੱਤੇ ਗਏ ਹਨ ਅਤੇ ਪਾਕਿਸਤਾਨ ਸਰਕਾਰ ਨੇ ਵੀ ਆਪਣੇ ਵੱਲੋਂ ਲਾਂਘਾ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਤਾਂ ਭਾਰਤ ਸਰਕਾਰ ਪਾਸੋਂ ਇਹ ਪ੍ਰਵਾਨਗੀ ਨਾ ਮਿਲਣ ਕਾਰਨ ਸੰਗਤਾਂ ਨਿਰਾਸ਼ ਹਨ। ਸ਼ਰਧਾਲੂ ਪਾਕਿਸਤਾਨ ਵਿਚਲੇ ਆਪਣੇ ਗੁਰੂਘਰ ਦੇ ਦਰਸ਼ਨ ਕਰਨ ਦੀ ਤਾਂਘ ਨੂੰ ਪੂਰਾ ਕਰਨਾ ਚਾਹੁੰਦੇ ਹਨ।

ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਸਾਰੇ ਹੀ ਮੁੱਖ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਕੋਰੋਨਾ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਕੀਤਾ ਜਾਵੇ।

  • 108
  •  
  •  
  •  
  •