ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਪ੍ਰਿੰਸ ਵਿਕਟਰ ਅਲਬਰਟ ਦਾ ਮਹਿਲ ਹੋਵੇਗਾ ਨਿਲਾਮ

ਲੰਡਨ: ਸਿੱਖ ਸਾਮਰਾਜ ਦੇ ਆਖ਼ਰੀ ਰਾਜਾ ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਪ੍ਰਿੰਸ ਵਿਕਟਰ ਅਲਬਰਟ ਜੇਅ ਦਲੀਪ ਸਿੰਘ ਦਾ ਲੰਡਨ ਸਥਿਤ ਮਹਿਲ ਹੁਣ ਨੀਲਾਮ ਹੋਣ ਜਾ ਰਿਹਾ ਹੈ। ਇਸ ਦੀ ਰਾਖਵੀਂ ਕੀਮਤ 1.55 ਕਰੋੜ ਪੌਂਡ ਰੱਖੀ ਗਈ ਹੈ। 19ਵੀਂ ਸਦੀ ਵਿਚ ਸਿੱਖ ਸਾਮਰਾਜ ਦੇ ਪਤਨ ਪਿੱਛੋਂ ਇਸ ‘ਤੇ ਬ੍ਰਿਟਿਸ਼ ਸਾਮਰਾਜ ਦਾ ਕਬਜ਼ਾ ਹੋ ਗਿਆ ਅਤੇ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਵਿਚ ਜਲਾਵਤਨੀ ਦਾ ਜੀਵਨ ਬਤੀਤ ਕਰਨਾ ਪਿਆ ਸੀ।

ਮਹਾਰਾਜਾ ਦਲੀਪ ਸਿੰਘ ਦਾ ਪੁੱਤਰ ਪ੍ਰਿੰਸ ਵਿਕਟਰ 1866 ਈਸਵੀਂ ਵਿਚ ਲੰਡਨ ਵਿਚ ਪੈਦਾ ਹੋਇਆ ਤੇ ਉਸ ਦੀ ਪੂਰੀ ਨਿਗਰਾਨੀ ਮਹਾਰਾਣੀ ਵਿਕਟੋਰੀਆ ਨੇ ਕੀਤੀ। ਬਾਅਦ ਵਿਚ ਲੇਡੀ ਐਨੀ ਕੋਵੈਂਟਰੀ ਨਾਲ ਵਿਆਹ ਪਿੱਛੋਂ ਵਿਕਟਰ ਨੂੰ ਇਹ ਘਰ ਸਰਕਾਰ ਵਲੋਂ ਰਹਿਣ ਲਈ ਤੋਹਫ਼ੇ ਵਜੋਂ ਦਿਤਾ ਗਿਆ ਸੀ। ਇਸ ਘਰ ਵਿਚ ਵਿਕਟਰ ਦੇ ਰਹਿਣ ਲਈ ਹਰ ਤਰ੍ਹਾਂ ਦੀ ਸਹੂਲਤ ਮੌਜੂਦ ਸੀ।

ਮਹਿਲ ਦੀ ਵਿਕਰੀ ਦਾ ਪ੍ਰਬੰਧ ਕਰ ਰਹੇ ਬਿਊਸ਼ੈਪ ਅਸਟੇਟ ਦੇ ਐੱਮਡੀ ਜੈਰੇਮੀ ਗੀ ਨੇ ਕਿਹਾ ਕਿ ਲਾਹੌਰ ਦੇ ਜਲਾਵਤਨ ਸਾਬਕਾ ਸ਼ਹਿਜ਼ਾਦੇ ਦਾ 5613 ਸਕੁਏਅਰ ਫੁੱਟ ਦਾ ਮਹਿਲ ਖੁੱਲ੍ਹਾ-ਡੁੱਲਾ ਹੈ ਅਤੇ ਇਸ ਦੇ ਪਿੱਛੇ 52 ਫੁੱਟ ਦਾ ਬਾਗ ਹੈ। 1868 ’ਚ ਮਹਿਲ ਦਾ ਕੰਮ ਮੁਕੰਮਲ ਹੋਣ ਮਗਰੋਂ ਇਸ ਨੂੰ ਈਸਟ ਇੰਡੀਆ ਕੰਪਨੀ ਨੇ ਖ਼ਰੀਦ ਲਿਆ ਸੀ। ਕੰਪਨੀ ਨੇ ਇਹ ਮਹਿਲ ਦਲੀਪ ਸਿੰਘ ਦੇ ਪਰਿਵਾਰ ਨੂੰ ਕਾਲੀ ਮਿਰਚ ਦੇ ਬਦਲੇ ’ਚ ਲੀਜ਼ ’ਤੇ ਦੇ ਦਿੱਤਾ ਸੀ। ਸ਼ਾਹੀ ਪਰਿਵਾਰ ਕੋਲ ਵਿੰਬਲਡਨ ਅਤੇ ਰੋਇਹੈਂਪਟਨ ’ਚ ਵੀ ਸੰਪਤੀਆਂ ਸਨ। ਉਨ੍ਹਾਂ ਕੋਲ ਪੂਰਬੀ ਇੰਗਲੈਂਡ ਦੇ ਸਫੋਲਕ ’ਚ 17 ਹਜ਼ਾਰ ਏਕੜ ਰਕਬੇ ’ਚ ਮਹਿਲ ਐਲਵੇਡਨ ਹਾਲ ਵੀ ਸੀ।

ਪ੍ਰਿੰਸ ਵਿਕਟਰ ਅਲਬਰਟ

ਜ਼ਿਕਰਯੋਗ ਹੈ ਕਿ 1849 ਵਿਚ ਦੂਜੇ ਐਂਗਲੋ-ਸਿੱਖ ਯੁੱਧ ਵਿਚ ਸਿੱਖ ਫ਼ੌਜ ਦੀ ਹਾਰ ਪਿੱਛੋਂ ਮੌਜੂਦਾ ਅੰਗਰੇਜ਼ ਸਰਕਾਰ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਲੈ ਗਈ ਸੀ। ਵਿਕਟਰ ਅਲਬਰਟ ਮਹਾਰਾਣੀ ਬੰਬਾ ਮੂਲਰ ਦਾ ਵੱਡਾ ਪੁੱਤਰ ਸੀ। ਇਸ ਤੋਂ ਇਲਾਵਾ ਮਹਾਰਾਣੀ ਬੰਬਾ ਦੀ ਇਕ ਧੀ ਸੋਫ਼ੀਆ ਦਲੀਪ ਸਿੰਘ ਵੀ ਸੀ ਜੋ ਕਿ ਬ੍ਰਿਟਿਸ਼ ਇਤਿਹਾਸ ਵਿਚ ਔਰਤ ਅਧਿਕਾਰਾਂ ਦੀ ਰੱਖਿਅਕ ਵਜੋਂ ਜਾਣੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਪ੍ਰਿੰਸ ਵਿਕਟਰ ਅਲਬਰਟ ਨੇ ਪਹਿਲੀ ਸੰਸਾਰ ਜੰਗ ਸਮੇਂ ਅਪਣੇ ਆਖ਼ਰੀ ਸਾਲ ਮੋਨਾਕੋ ਵਿਚ ਗੁਜ਼ਾਰੇ ਜਿਥੇ 1918 ਵਿਚ 51 ਸਾਲਾਂ ਦੀ ਉਮਰ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ।

  • 101
  •  
  •  
  •  
  •