ਸਤਿਕਾਰ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੱਥ ਲਿਖਤ ਪੁਰਾਤਨ ਸਰੂਪ ਪਰਿਵਾਰ ਨੂੰ ਮੋੜਿਆ

ਸਤਿਕਾਰ ਕਮੇਟੀ ਵੱਲੋਂ ਲੰਬੇ ਸਮੇਂ ਤੋਂ ਚੱਲ ਰਹੇ ਇੱਕ ਵਿਵਾਦ ਦਾ ਨਿਬੇੜਾ ਕਰ ਦਿੱਤਾ ਗਿਆ ਹੈ। ਕਮੇਟੀ ਵੱਲੋਂ 2016 ਵਿਚ ਜਲੰਧਰ ਦੇ ਇੱਕ ਸਿੱਖ ਪਰਿਵਾਰ ਦੇ ਘਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੱਥ ਲਿਖ਼ਤ ਪੁਰਤਾਨ ਸਰੂਪ ਚੁੱਕਿਆ ਗਿਆ ਸੀ, ਜੋ ਅੱਜ ਵਾਪਸ ਕਰ ਦਿੱਤਾ ਹੈ। ਪਰਿਵਾਰ ਵੱਲੋਂ ਖੁਸ਼ੀ ਜ਼ਾਹਿਰ ਕੀਤੀ ਗਈ ਹੈ।

ਪਿੰਡ ਸਿਆਲਕਾ, ਜ਼ਿਲ੍ਹਾ ਅੰਮ੍ਰਿਤਸਰ ਵਿਖ਼ੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਅਤੇ ਹੋਰਨਾਂ ਦੀ ਹਾਜ਼ਰੀ ਵਿੱਚ ਇਹ ਸਰੂਪ ਪਰਿਵਾਰ ਨੂੰ ਸੌਂਪਿਆ ਗਿਆ ਜੋ ਪੂਰੀ ਸ਼ਰਧਾ ਨਾਲ ਪਾਵਨ ਸਰੂਪ ਲੈ ਕੇ ਜਲੰਧਰ ਸਥਿਤ ਆਪਣੇ ਗ੍ਰਹਿ ਵਿਖ਼ੇ ਪਹੁੰਚੇ।

ਦੇਸ਼ ਦੀ ਵੰਡ ਸਮੇਂ ਇਸ ਪਰਿਵਾਰ ਨੇ ਆਪਣੇ ਘਰ ਦਾ ਸਾਮਾਨ ਲਿਆਉਣ ਦੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਹ ਸਰੂਪ ਲਿਆਂਦਾ ਸੀ। ਉਹ ਪਿਛਲੇ 70 ਸਾਲਾਂ ਤੋਂ ਇਸ ਦੀ ਸੇਵਾ ਸੰਭਾਲ ਕਰਦੇ ਆ ਰਹੇ ਸਨ। ਅਕਤੂਬਰ 2016 ਵਿੱਚ ਉਨ੍ਹਾਂ ਦੇ ਘਰੋਂ ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ‘ਧਾਰਮਿਕ ਅਵੱਗਿਆ’ ਦਾ ਹਵਾਲਾ ਦੇ ਕੇ ਇਹ ਇਤਿਹਾਸਕ ਸਰੂਪ ਚੁੱਕ ਲਿਆ ਸੀ। ਹੁਣ ਇਹ ਸਰੂਪ ਲਗਪਗ 4 ਸਾਲਾਂ ਬਾਅਦ ਸਤਿਕਾਰ ਕਮੇਟੀ ਦੇ ਕੰਮਾਂ ਬਾਰੇ ਵਿਵਾਦ ਖੜ੍ਹਾ ਹੋ ਜਾਣ ਅਤੇ ਪਰਿਵਾਰ ਵੱਲੋਂ ਮਾਮਲਾ ਮੀਡੀਆ ਵਿੱਚ ਲਿਜਾਏ ਜਾਣ ਤੋਂ ਬਾਅਦ ਵਾਪਸ ਕੀਤਾ ਗਿਆ ਹੈ।

  • 710
  •  
  •  
  •  
  •