ਕੈਨੇਡਾ ‘ਚ ਸਿੱਖ ਫੌਜ਼ੀ ਬੁੱਕਮ ਸਿੰਘ ਦੇ ਨਾਂ ‘ਤੇ ਖੁੱਲ੍ਹੇਗਾ ਸਰਕਾਰੀ ਸਕੂਲ

ਸਿੱਖਾਂ ਨੇ ਵਿਦੇਸ਼ਾਂ ਵਿਚ ਆਪਣਾ ਬਹੁਤ ਨਾਮ ਕਮਾਇਆ ਹੈ ਅਤੇ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਸਿੱਖਾਂ ਦੇ ਕਾਰਜਾਂ ਦਾ ਪੂਰਨ ਮੁੱਲ ਪਾਇਆ ਜਾਂਦਾ ਹੈ। ਇਸੇ ਹੀ ਤਰ੍ਹਾਂ ਹੁਣ ਬਰੈਂਪਟਨ ‘ਚ ਸਿੱਖ ਫੌਜੀ ਦੇ ਨਾਂ ‘ਤੇ ਸਰਕਾਰੀ ਸਕੂਲ ਖੁੱਲ੍ਹਣ ਜਾ ਰਿਹਾ ਹੈ। ਇਹ ਸਕੂਲ ਕਿੰਡਰ ਗਾਰਡਨ ਤੋਂ ਲੈ ਕੇ ਅੱਠਵੀ ਜਮਾਤ ਤੱਕ ਹੋਵੇਗਾ।

ਕੈਨੇਡਾ ਦੀ ਫੌਜ ਵਲੋਂ ਲੜੇ ਪਹਿਲੇ ਸਿੱਖ ਬੁੱਕਮ ਸਿੰਘ ਦੇ ਨਾਂ ‘ਤੇ ਇਹ ਸਰਕਾਰੀ ਸਕੂਲ ਖੁੱਲ੍ਹਣ ਜਾ ਰਿਹਾ ਹੈ, ਜੋ ਪੰਜਾਬ ਦੇ ਮਹਿਲਪੁਰ ਇਲਾਕੇ ਨਾਲ ਸਬੰਧ ਰੱਖਦੇ ਸਨ। ਹਾਲਾਂਕਿ ਇਸ ਨੂੰ ਇਸੇ ਸਾਲ ਸਤੰਬਰ ਮਹੀਨੇ ਵਿਚ ਖੋਲ੍ਹਿਆ ਜਾਣਾ ਸੀ ਪਰ ਕੋਰੋਨਾ ਵਾਇਰਸ ਕਾਰਨ ਦੇਰੀ ਹੋ ਰਹੀ ਹੈ, ਜਿਸ ਕਾਰਨ ਅਜੇ ਸਕੂਲ ਦੀ ਇਮਾਰਤ ਤਿਆਰ ਨਹੀਂ ਹੋ ਸਕੀ। ਇਸ ਲਈ ਹੁਣ ਇਸ ਸਕੂਲ ਨੂੰ ਜਨਵਰੀ 2021 ਵਿਚ ਖੋਲ੍ਹਣ ਦਾ ਵਿਚਾਰ ਕੀਤਾ ਜਾ ਰਿਹਾ ਹੈ।

ਪਹਿਲੇ ਵਿਸ਼ਵ ਯੁੱਧ ਦੌਰਾਨ ਕੁੱਲ਼ 9 ਸਿੱਖ ਫੌਜੀਆਂ ਨੇ ਕੈਨੇਡਾ ਵਲੋਂ ਜੰਗ ਲੜੀ ਸੀ ਅਤੇ ਬੁੱਕਮ ਸਿੰਘ ਉਨ੍ਹਾਂ 9 ਸਿੱਖ ਫੌਜੀਆਂ ਵਿਚੋਂ ਪਹਿਲੇ ਸਿੱਖ ਸਨ ਜੋ ਫੌਜ ਵਿਚ ਭਰਤੀ ਹੋ ਕੇ ਕੈਨੇਡਾ ਵਲੋਂ ਲੜੇ ਸਨ। ਉਨ੍ਹਾਂ ਦਾ ਜਨਮ ਮਹਿਲਪੁਰ ਵਿਚ ਦਸੰਬਰ 1893 ਵਿਚ ਹੋਇਆ ਸੀ। ਬੁੱਕਮ ਸਿੰਘ ਦੀ ਉਮਰ ਸਿਰਫ 14 ਸਾਲ ਦੀ ਸੀ ਜਦੋਂ ਉਹ ਕੈਨੇਡਾ ‘ਚ ਕੰਮ ਦੀ ਭਾਲ ‘ਚ ਪਹਿਲੀ ਵਾਰ ਵੈਨਕੂਵਰ ਪਹੁੰਚੇ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਫੌਜ ‘ਚ ਭਰਤੀ ਲਈ ਅਤੇ ਕੈਨੇਡਾ ਵੱਲੋਂ ਪਹਿਲੇ ਵਿਸ਼ਵ ਯੁੱਧ ‘ਚ ਭਾਗ ਲਿਆ।

  •  
  •  
  •  
  •  
  •