ਕੈਨੇਡਾ: ਬਰਨਬੀ ਸ਼ਹਿਰ ਨੇ 6 ਸਤੰਬਰ ਦਾ ਦਿਨ ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਕੀਤਾ

ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਬਰਨਬੀ ਦੀ ਸਿਟੀ ਕੌਂਸਲ ਨੇ 6 ਸਤੰਬਰ ਦਾ ਦਿਨ ਸ਼ਹੀਦ ਸ. ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਕੀਤਾ ਹੈ। ਆਪਣੀ ਕੈਨੇਡਾ ਫੇਰੀ ਦੌਰਾਨ ਸ. ਖਾਲੜਾ ਨੇ ਕੈਨੇਡੀਅਨ ਸਿਆਸਤਦਾਨਾਂ ਅੱਗੇ ਪੰਜਾਬ ‘ਚ ਹੋਏ ਸਿੱਖ ਜਵਾਨੀ ਦੇ ਘਾਣ ਦੀ ਗੱਲ ਦਲੀਲ-ਪੂਰਵਕ ਰੱਖੀ ਸੀ, ਇਹੀ ਕਾਰਨ ਸੀ ਕਿ ਉਹ ਖੁਦ ਹਕੂਮਤੀ ਕਹਿਰ ਦਾ ਸ਼ਿਕਾਰ ਬਣਾਏ ਗਏ।

ਸਰੀ ਦੇ ਗੁਆਂਢੀ ਸ਼ਹਿਰ ਬਰਨਬੀ ਦੇ ਮੇਅਰ ਮਾਈਕ ਹਾਰਲੀ ਦੇ ਦਸਤਖਤਾਂ ਹੇਠ ਜਾਰੀ ਹੋਏ ਇਸ ਐਲਾਨਨਾਮੇ ਨੂੰ ਬਰਨਬੀ ਦੇ ਪੰਜਾਬੀ ਕੌਂਸਲਰ ਸੈਵ ਧਾਲੀਵਾਲ ਨੇ ਪੜ੍ਹ ਕੇ ਸੁਣਾਇਆ। ਬਰਨਬੀ ਨਿਵਾਸੀ ਬੀਬੀ ਬਲਜਿੰਦਰ ਕੌਰ ਨਾਰੰਗ ਦੀਆਂ ਕੋਸ਼ਿਸ਼ਾਂ ਸਦਕਾ ਇਹ ਕਾਰਜ ਨੇਪਰੇ ਚੜ੍ਹਿਆ।
ਇਸ ਤੋਂ ਪਹਿਲਾਂ ਅਮਰੀਕਾ ਦੇ ਕੈਲੇਫੋਰਨੀਆ ਸੂਬੇ ‘ਚ ਵੀ ਇੱਕ ਪਾਰਕ ਦਾ ਨਾਮ ਸ਼ਹੀਦ ਸ. ਜਸਵੰਤ ਸਿੰਘ ਖਾਲੜਾ ਦੇ ਨਾਮ ਹੇਠ ਰੱਖਿਆ ਜਾ ਚੁੱਕਾ ਹੈ।

ਦੱਸ ਦਈਏ ਕਿ ਸ. ਜਸਵੰਤ ਸਿੰਘ ਖਾਲੜਾ ਪੰਜਾਬ ‘ਚ ਮਨੁੱਖੀ ਅਧਿਕਾਰ ਕਾਰਕੁੰਨ ਸਨ, ਜਿਨ੍ਹਾਂ 25,000 ਦੇ ਕਰੀਬ ਸਿੱਖ ਨੌਜਵਾਨਾਂ ਦੀਆਂ ਲਾਵਾਰਿਸ ਲਾਸ਼ਾਂ ਦਾ ਸੱਚ ਬੇਪਰਦ ਕੀਤਾ ਸੀ ਅਤੇ ਫਿਰ 1995 ‘ਚ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਵੀ ਅਗਵਾ ਕਰਕੇ ਲਾਪਤਾ ਕਰ ਦਿੱਤਾ ਸੀ।

  •  
  •  
  •  
  •  
  •