ਸੋਨੀਆ ਗਾਂਧੀ ਦੇ ਹੱਥ ਹੀ ਰਹੇਗੀ ਕਾਂਗਰਸ ਦੀ ਕਮਾਨ, 6 ਮਹੀਨਿਆਂ ‘ਚ ਚੁਣਿਆ ਜਾਵੇਗਾ ਨਵਾਂ ਪ੍ਰਧਾਨ

ਸੋਨੀਆ ਗਾਂਧੀ ਫਿਲਹਾਲ ਕਾਂਗਰਸ ਦੇ ਅੰਤਰਿਮ ਪ੍ਰਧਾਨ ਬਣੇ ਰਹਿਣਗੇ। ਕਾਂਗਰਸ ਦੇ ਅਗਲੇ ਪ੍ਰਧਾਨ ਦੀ ਚੋਣ 6 ਮਹੀਨਿਆਂ ‘ਚ ਕੀਤੀ ਜਾਵੇਗੀ। ਇਹ ਫ਼ੈਸਲਾ ਕਾਂਗਰਸ ਵਰਕਿੰਗ ਕਮੇਟੀ ਦੀ 7 ਘੰਟੇ ਚੱਲੀ ਮੀਟਿੰਗ ‘ਚ ਲਿਆ ਗਿਆ ਹੈ। ਪਾਰਟੀ ਵਰਕਿੰਗ ਕਮੇਟੀ ਦੇ ਮੈਂਬਰ ਪੀਐਲ ਪੁਨੀਆ ਨੇ ਦੱਸਿਆ ਕਿ ਕਾਂਗਰਸ ਦਾ ਅਗਲਾ ਸੈਸ਼ਨ ਛੇ ਮਹੀਨੇ ਦੇ ਅੰਦਰ ਸੱਦਿਆ ਜਾ ਸਕਦਾ ਹੈ ਅਤੇ ਉਸ ਵੇਲੇ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ।

ਸਾਲ 2014 ਦੀਆਂ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ, ਕਾਂਗਰਸ ਪਾਰਟੀ ਦੀ ਮਾੜੀ ਹਾਲਾਤ ਬਰਕਰਾਰ ਹੈ ਅਤੇ ਉਦੋਂ ਤੋਂ ਹੀ ਪਾਰਟੀ ਆਪਣੀ ਵਾਪਸੀ ਨਹੀਂ ਕਰ ਸਕੀ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਹਾਰ ਮਗਰੋਂ ਰਾਹੁਲ ਗਾਂਧੀ ਦੇ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਸੋਨੀਆ ਗਾਂਧੀ ਨੂੰ ਅੰਤਰਿਮ ਪ੍ਰਧਾਨ ਬਣਾਇਆ ਗਿਆ ਸੀ।

ਪਾਰਟੀ ਅਗਵਾਈ ਦੇ ਮੁੱਦੇ ਉੱਤੇ ਵੰਡੀ ਗਈ ਹੈ। ਪਾਰਟੀ ਦਾ ਇੱਕ ਹਿੱਸਾ ਸਮੂਹਿਕ ਅਗਵਾਈ ਦੀ ਮੰਗ ਕਰ ਰਿਹਾ ਹੈ ਤਾਂ ਦੂਜੇ ਪਾਸੇ ਦੂਜਾ ਧਿਰ ਨਹਿਰੂ-ਗਾਂਧੀ ਪਰਿਵਾਰ ਵਿੱਚ ਆਪਣਾ ਵਿਸ਼ਵਾਸ ਫਿਰ ਜਤਾ ਰਿਹਾ ਹੈ। ਬੀਤੇ ਦਿਨ ਕਾਂਗਰਸ ਦੇ ਕਰੀਬ ਦੋ ਦਰਜਨ ਸੀਨੀਅਰ ਆਗੂਆਂ ਵੱਲੋਂ ਸੋਨੀਆ ਗਾਂਧੀ ਨੂੰ ਸੀਨੀਅਰ ਲੀਡਰਸ਼ਿਪ ਵਿੱਚ ਬਦਲਾਅ ਕਰਨ ਦੀ ਮੰਗ ਵਾਲੀ ਚਿੱਠੀ ਲਿਖੀ ਗਈ ਸੀ ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੋਨੀਆ ਗਾਂਧੀ ਨੂੰ ਅੰਤਰਮਿ ਪ੍ਰਧਾਨ ਬਣਾਏ ਜਾਣ ਦੇ ਕਦਮ ਦਾ ਸੁਆਗਤ ਕੀਤਾ ਹੈ। ਇਸ ਤੋਂ ਪਹਿਲਾਂ ਕੈਪਟਨ ਨੇ ਕਿਹਾ ਸੀ ਕਿ ਸੋਨੀਆ ਗਾਂਧੀ ਜਦੋਂ ਤੱਕ ਚਾਹੁੰਦੇ ਹਨ, ਪ੍ਰਧਾਨਗੀ ਦੇ ਅਹੁਦੇ ‘ਤੇ ਰਹਿਣ ਅਤੇ ਇਸ ਤੋਂ ਬਾਅਦ ਰਾਹੁਲ ਗਾਂਧੀ ਨੂੰ ਇਹ ਅਹੁਦਾ ਸੰਭਾਲਣਾ ਚਾਹੀਦਾ ਹੈ ਕਿਉਂਕਿ ਉਹ ਪੂਰੀ ਤਰ੍ਹਾਂ ਸਮਰੱਥ ਹਨ।

  •  
  •  
  •  
  •  
  •