ਦਲ ਖ਼ਾਲਸਾ ਵੱਲੋਂ ਸ਼੍ਰੋਮਣੀ ਕਮੇਟੀ ‘ਤੇ ਪਾਵਨ ਸਰੂਪਾਂ ਦਾ ਵਪਾਰ ਕਰਨ ਦਾ ਦੋਸ਼

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ 328 ਸਰੂਪਾਂ ਦੇ ਗਾਇਬ ਹੋਣ ਦੇ ਮੁੱਦੇ ‘ਤੇ ਦਲ ਖਾਲਸਾ ਨੇ ਸ਼੍ਰੋਮਣੀ ਕਮੇਟੀ ‘ਤੇ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦਾ ਵਪਾਰ ਕਰਨ ਦਾ ਸੰਗੀਨ ਦੋਸ਼ ਲਾਇਆ ਹੈ। ਜਥੇਬੰਦੀ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਮੇਟੀ ਦੇ ਪ੍ਰਬੰਧਕਾਂ ਨੇ ਆਪਣੇ ਗੁਨਾਹਾਂ ਨਾਲ ਜਿੱਥੇ ਸਿੱਖਾਂ ਨੂੰ ਸ਼ਰਮਸਾਰ ਕੀਤਾ, ਉੱਥੇ ਸੰਸਥਾ ਦੇ ਅਕਸ ਨੂੰ ਦਾਗਦਾਰ ਕੀਤਾ ਹੈ।

ਜਥੇਬੰਦੀ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 2015 ਤੋਂ ਹੁਣ ਤਕ ਰਹਿ ਚੁੱਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸਕੱਤਰ ਅਤੇ ਪ੍ਰਕਾਸ਼ਨ ਵਿਭਾਗ ਦੇ ਮੈਂਬਰ ਵੱਡੀ ਸਜ਼ਾ ਦੇ ਹੱਕਦਾਰ ਹਨ, ਜਿਨ੍ਹਾਂ ਦੀ ਕਥਿਤ ਮਿਲੀਭੁਗਤ ਅਤੇ ਨਾਲਾਇਕੀ ਕਾਰਨ ਗੁਰੂ ਸਾਹਿਬ ਦੀਆਂ ਬੀੜਾਂ ਦਾ ਵਪਾਰ ਹੋਇਆ ਹੈ।

ਉਨ੍ਹਾਂ ਨੇ ਧਾਰਮਿਕ ਸੰਸਥਾ ’ਚ ਆਈ ਗਿਰਾਵਟ ਲਈ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾਇਆ। ਗਿਆਨੀ ਇਕਬਾਲ ਸਿੰਘ ਦੇ ‘ਸਿੱਖ, ਲਵ-ਕੁਸ਼ ਦੇ ਅੰਸ਼ ਵਿਚੋਂ ਹਨ’ ਵਾਲੇ ਬਿਆਨ ਉਤੇ ਜਥੇਦਾਰ ਵੱਲੋਂ ਅਸਹਿਮਤੀ ਪ੍ਰਗਟਾਉਣ ਨੂੰ ਦਲ ਖਾਲਸਾ ਆਗੂ ਨੇ ਨਾਕਾਫ਼ੀ ਦੱਸਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਗੋਬਿੰਦ ਰਮਾਇਣ’ ਵਾਲੀ ਟਿੱਪਣੀ ’ਤੇ ਉਨ੍ਹਾਂ ਦੀ ਚੁੱਪ ਦੱਸਦੀ ਹੈ ਕਿ ਉਹ ਗ਼ਲਤ ਨੂੰ ਗ਼ਲਤ ਕਹਿਣ ਦੀ ਹਿੰਮਤ ਦਿਖਾਉਣ ਵਿਚ ਲਾਚਾਰ ਸਾਬਤ ਹੋਏ ਹਨ।

ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਅਰਦਾਸ ਸਿੱਖ ਦੀ ਅਕਾਲ ਪੁਰਖ ਪ੍ਰਤੀ ਸ਼ਰਧਾ ਅਤੇ ਵਿਸ਼ਵਾਸ ਦੀ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸਥਾਨਕ ਪੁਲਸ ਵੱਲੋਂ ਐਤਵਾਰ ਦਰਬਾਰ ਸਾਹਿਬ ਦੇ ਬਾਹਰੋਂ ਗ੍ਰਿਫ਼ਤਾਰ ਨੌਜਵਾਨ ਗੁਰਮੀਤ ਸਿੰਘ, ਜੋ ਗ੍ਰੰਥੀ ਸਿੰਘ ਹੈ, ਨੂੰ ਛੱਡਿਆ ਜਾਵੇ ਜਾਂ ਫਿਰ ਅਦਾਲਤ ‘ਚ ਪੇਸ਼ ਕੀਤਾ ਜਾਵੇ, ਕਿਉਂਕਿ 24 ਘੰਟੇ ਤੋ ਵੱਧ ਕਿਸੇ ਨੂੰ ਵੀ ਬਿਨਾਂ ਅਦਾਲਤ ‘ਚ ਪੇਸ਼ ਕੀਤੇ ਹਿਰਾਸਤ ‘ਚ ਰੱਖਣਾ ਗ਼ੈਰ-ਕਾਨੂੰਨੀ ਹੈ।

  • 133
  •  
  •  
  •  
  •