ਰਾਜਸਥਾਨ ਅਦਾਲਤ ਨੇ ਸਿੱਖ ਨੌਜਵਾਨ ਜਗਮੋਹਨ ਸਿੰਘ ਨੂੰ ਸੁਣਾਈਆਂ 8 ਉਮਰ ਕੈਦਾਂ

ਬੱਬਰ ਖਾਲਸਾ ਦੇ ਖਾੜਕੂ ਜਗਮੋਹਨ ਸਿੰਘ ਬੱਸੀ ਪਠਾਣਾਂ ਨੂੰ ਰਾਜਸਥਾਨ ਦੀ ਬਾੜਮੇਰ ਅਦਾਲਤ ਨੇ ਯੂ.ਏ.ਪੀ.ਏ ਕਾਨੂੰਨ ਅਤੇ ਐਕਸਪਲੋਸਿਵ ਐਕਟ ਦੀਆਂ ਧਾਰਾਵਾਂ ਅਧੀਨ 8 ਉਮਰ ਕੈਦਾਂ ਦੀ ਸਜ਼ਾ ਇੱਕਠੀ ਸੁਣਾਈ ਹੈ। ਇਹ ਅੱਠ ਉਮਰ ਕੈਦਾਂ (14ਸਾਲ) ਇੱਕਠੀਆਂ ਚੱਲਣਗੀਆਂ।

ਕੇਸ ਮੁਤਾਬਕ 2010 ਵਿੱਚ ਪਾਕਿਸਤਾਨ ਤੋਂ ਹਥਿਆਰਾਂ ਅਤੇ ਗੋਲਾ ਬਰੂਦ ਦੀ ਵੱਡੀ ਖੇਪ ਰਾਜਸਥਾਨ ਵਿੱਚ ਆਈ ਸੀ, ਜਿਸ ਨੂੰ ਜਗਮੋਹਨ ਸਿੰਘ ਬੱਸੀ ਪਠਾਣਾ ਲੈਣ ਗਿਆ ਸੀ। ਇਸ ਕੇਸ ਵਿੱਚ ਸੋਢਾ ਖਾਨ ਦੇ ਨਾਲ ਉਸਦੇ 9 ਹੋਰ ਸਾਥੀਆਂ ਨੂੰ ਵੀ ਇਹ ਸਜਾ ਸੁਣਾਈ ਗਈ ਹੈ। ਸਜਾ ਯਾਫਤਾ ਸੋਢਾ ਖਾਨ ਸਮੇਤ ਬਾਕੀ ਸਾਰੇ ਮੁਸਲਮਾਨ ਹਨ ਅਤੇ ਬਾੜਮੇਰ ਇਲਾਕੇ ਦੇ ਹੀ ਵਾਸੀ ਹਨ।

ਜਿਕਰਯੋਗ ਹੈ ਕਿ ਜਗਮੋਹਨ ਸਿੰਘ ਵਾਸੀ ਬੱਸੀ ਪਠਾਣਾ ਜਿਲ੍ਹਾ ਫਤਿਹਗੜ ਸਾਹਿਬ ਨੂੰ ਪਹਿਲਾਂ ਵੀ ਮੋਹਾਲੀ ਅਦਾਲਤ ਨੇ ਯੂ.ਏ.ਪੀ.ਏ ਕਾਨੂੰਨ ਵਿੱਚ 10 ਸਾਲ ਦੀ ਸਜਾ ਸੁਣਾਈ ਸੀ, ਜਿਸ ਵਿੱਚੋਂ ਉਹ ਹਾਈਕੋਰਟ ‘ਚੋਂ ਬਰੀ ਹੋ ਗਿਆ ਸੀ। ਇਸ ਤੋਂ ਇਲਾਵਾ ਜਗਮੋਹਨ ਸਿੰਘ ਨੂੰ ਪਹਿਲਾਂ ਆਰ.ਐਸ.ਐਸ ਆਗੂ ਰੁਲਦਾ ਸਿੰਘ ਦੇ ਕਤਲ ਵਿੱਚ ਵੀ ਗ੍ਰਿਫਤਾਰ ਕੀਤਾ ਗਿਆ ਸੀ, ਉਸ ਕੇਸ ਵਿੱਚੋਂ ਵੀ ਉਹ ਬਰੀ ਹੋ ਗਿਆ ਸੀ। ਹੁਣ ਰਾਜਸਥਾਨ ਦੀ ਬਾੜਮੇਰ ਸੈਸ਼ਨ ਕੋਰਟ ਨੇ ਧਮਾਕਾਖੇਜ ਸਮੱਗਰੀ ਐਕਟ ਦੀਆਂ ਧਾਰਾਵਾਂ 4, 5, 6, ਅਸਲਾ ਐਕਟ ਦੀ ਧਾਰਾ 3 25, 7 – 25, (1) ਡੀ ( 1 ਏ ਏ) 29 ਤੋਂ ਇਲਾਵਾ ਯੂ.ਏ.ਪੀ.ਏ ਕਾਨੂੰਨ ਦੀ ਧਾਰਾਵਾਂ 3, 10, 13, 18 ਅਤੇ 20 ਤਹਿਤ 8 ਉਮਰ ਕੈਦਾਂ ਦੀ ਸਜਾ ਸੁਣਾਈ ਹੈ। ਉਮਰ ਕੈਦ ਦੇ ਨਾਲ (14) ਲਿਖਿਆ ਹੋਇਆ ਹੈ ਅਤੇ ਇਹ 8 ਉਮਰ ਕੈਦਾਂ ਦੀ ਸਜ਼ਾ ਵੀ ਨਾਲੋ ਨਾਲ ਕੀਤੀ ਗਈ ਹੈ। ਵਰਨਣਯੋਗ ਹੈ ਕਿ ਜਗਮੋਹਨ ਸਿੰਘ ਨਾਭਾ ਦੀ ਸਿਕਿਉਰਟੀ ਜੇਲ ਵਿੱਚ ਵੀ ਕਾਫੀ ਦੇਰ ਬੰਦ ਰਿਹਾ ਹੈ।

ਇਸ ਮੌਕੇ ਉਘੇ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਰਾਜਸਥਾਨ ਅਦਾਲਤ ਇਸ ਫ਼ੈਸਲੇ ਵਿਰੁੱਧ ਲੜਾਈ ਲੜੀ ਜਾਵੇਗੀ ਤੇ ਜਗਮੋਹਨ ਸਿੰਘ ਲਈ ਉੱਚ ਅਦਾਲਤ ਦਾ ਬੂਹਾ ਵੀ ਖੜਕਾਇਆ ਜਾਵੇਗਾ।

  • 324
  •  
  •  
  •  
  •