ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ, ਨਹੀਂ ਮਿਲ ਰਿਹਾ ਸੈਣੀ

1991 ‘ਚ ਆਈ. ਏ. ਐੱਸ. ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਅਤੇ ਉਸ ਦੀ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਦੇ ਮਾਮਲੇ ‘ਚ ਨਾਮਜ਼ਦ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਲਈ ਅੱਜ ਪੰਜਾਬ ਪੁਲਿਸ ਦੀ SIT ਟੀਮ ਉਸਦੇ ਚੰਡੀਗੜ੍ਹ, ਮੁਹਾਲੀ ਅਤੇ ਹਿਮਾਚਲ ਦੇ ਮੰਡੀ ਵਿੱਚ ਸੁਮੇਧ ਸੈਣੀ ਦੇ ਘਰ ਅਤੇ ਫਾਰਮ ਹਾਉਸ ‘ਤੇ ਛਾਪੇਮਾਰੀ ਕਰ ਰਹੀ ਹੈ, ਪਰ ਹਾਲੇ ਤੱਕ ਸੁਮੇਧ ਸੈਣੀ ਪੁਲਿਸ ਦੇ ਹੱਥ ਨਹੀਂ ਲੱਗਿਆ।

ਹੁਣ ਅਦਾਲਤ ਦੇ ਨਿਰਦੇਸ਼ਾਂ ’ਤੇ ਧਾਰਾ 302 ਜੋੜ ਦਿੱਤੇ ਜਾਣ ਬਾਅਦ ਸੈਣੀ ਦੀ ਗ੍ਰਿਫ਼ਤਾਰੀ ਲਈ ਸਰਗਰਮ ਹੋਈ ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਮੋਹਾਲੀ ਦੇ ਐਸ.ਐਸ.ਪੀ.ਹਰਮਨਜੀਤ ਸਿੰਘ ਦੀ ਅਗਵਾਈ ਵਿੱਚ ਬਣੀ ਐਸ.ਆਈ.ਟੀ. ਦੀ ਟੀਮ ਡੀ.ਐਸ.ਪੀ. ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਅੱਜ ਸਵੇਰੇ ਸਾਬਕਾ ਡੀ.ਜੀ.ਪੀ. ਦੀ ਸੈਕਟਰ 20 ਡੀ ਵਿੱਚ ਸਥਿਤ ਕੋਠੀ ’ਤੇ ਪੁੱਜੀ ਜਿੱਥੇ ਦੱਸਿਆ ਗਿਆ ਕਿ ਸੈਣੀ ਘਰ ਨਹੀਂ ਹਨ।

ਇਸੇ ਦੌਰਾਨ ਪੁਲਿਸ ਨੇ ਉਨ੍ਹਾਂ ਦੇ ਮੁਹਾਲੀ ਵਿਚਲੇ ਪਿੰਡ ਸੋਹਾਣਾ ਵਿਖੇ ਸਥਿਤ ਫ਼ਾਰਮ ਹਾਊਸ ’ਤੇ ਵੀ ਛਾਪੇਮਾਰੀ ਕੀਤੀ ਪਰ ਸੈਣੀ ਉੱਥੇ ਵੀ ਨਹੀਂ ਮਿਲ ਸਕੇ। ਸੂਤਰਾਂ ਅਨੁਸਾਰ ਸੈਣੀ ਨੂੰ ਇਸ ਛਾਪੇ ਦੀ ਭਿਣਕ ਲੱਗ ਜਾਣ ’ਤੇ ਉਹ ਆਪਣੇ ਇਨ੍ਹਾਂ ਦੋਹਾਂ ਟਿਕਾਣਿਆਂ ਤੋਂ ਲਾਂਭੇ ਹੋ ਗਏ। ਪੁਲਿਸ ਵੱਲੋਂ ਕੁੱਝ ਹੋਰ ਥਾਂਵਾਂ ’ਤੇ ਵੀ ਦਬਿਸ਼ ਦੇਣ ਦੀ ਸੂਚਨਾ ਹੈ, ਪਰ ਇਸ ਦੀ ਅਜੇ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ।

ਜ਼ਿਕਰਯੋਗ ਹੈ ਕਿ ਸੈਣੀ ਦੇ ਖਿਲਾਫ਼ ਧਾਰਾ 302 ਜੋੜਨ ਦਾ ਰਾਹ ਉਸ ਵੇਲੇ ਪੱਧਰਾ ਹੋ ਗਿਆ ਸੀ ਜਦ ਅਦਾਲਤ ਨੇ ਇਸ ਮਾਮਲੇ ਵਿੱਚ ਸੈਣੀ ਦੇ ਨਾਲ ਨਾਮਜ਼ਦ ਦੋ ਸਾਬਕਾ ਇੰਸਪੈਕਟਰਾਂ ਕੁਲਦੀਪ ਸਿੰਘ ਅਤੇ ਜਗੀਰ ਸਿੰਘ ਨੂੰ ਵਾਅਦਾ ਮੁਆਫ਼ ਗਵਾਹ ਬਣਨ ਦੀ ਮਨਜ਼ੂਰੀ ਦੇ ਦਿੱਤੀ ਸੀ।
ਦੱਸ ਦਈਏ ਕਿ ਹੁਣ ਧਾਰਾ 302 ਵਿਚ ਸੁਮੇਧ ਸੈਣੀ ਵੱਲੋਂ ਜ਼ਮਾਨਤ ਦੀ ਅਪੀਲ ਕੀਤੀ ਗਈ ਹੈ ਜਿਸ ਦੀ ਸੁਣਵਾਈ ਕੱਲ੍ਹ ਭਾਵ 29 ਅਗਸਤ ਨੂੰ ਹੋਵੇਗੀ।

  • 507
  •  
  •  
  •  
  •