ਪੁਲਿਸ ਮੁਲਾਜ਼ਮਾਂ ਵੱਲੋਂ ਇੱਕ ਹੋਰ ਪ੍ਰਸਿੱਧ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ

ਬਟਾਲਾ: ਇਸੇ ਸਾਲੇ ਮਈ ਵਿਚ ਕਪੂਰਥਲਾ ਦੇ ਪਿੰਡ ਲਖਨ ਵਿਚ ਅੰਤਰ-ਰਾਸਟਰੀ ਕਬੱਡੀ ਖਿਡਾਰੀ ਭਲਵਾਨ ਅਰਵਿੰਦਰ ਸਿੰਘ ਨੂੰ ਪੁਲਿਸ ਮੁਲਾਜ਼ਮਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ। ਹੁਣ ਉਸੇ ਤਰ੍ਹਾਂ ਦੀ ਘਟਨਾ ਇੱਥੋਂ ਨਜ਼ਦੀਕੀ ਪਿੰਡ ਭਗਵਾਨਪੁਰ ਦੀ ਹੈ ਜਿੱਥੋਂ ਦੇ ਨੌਜਵਾਨ ਕਬੱਡੀ ਖਿਡਾਰੀ ਦੀ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਗਈ ਗੁੰਡਾਗਰਦੀ ਦੌਰਾਨ ਗੋਲੀਆਂ ਮਾਰ ਕੇ ਹੱਤਿਆ ਕਰਨ ਦੀ ਖਬਰ ਆਈ ਹੈ। ਜਾਣਕਾਰੀ ਅਨੁਸਾਰ ਪ੍ਰਸਿੱਧ ਕਬੱਡੀ ਖਿਡਾਰੀ ਗੁਰਮੇਜ ਸਿੰਘ(28) ਉਰਫ ਪੱਪੀ ਦਾ ਸ਼ਰਾਬ ਦੇ ਨਸ਼ੇ ’ਚ ਧੁੱਤ ਪੁਲਿਸ ਮੁਲਾਜ਼ਮਾਂ ਨੇ ਦੋ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।

ਮਿਲੀ ਜਾਣਕਾਰੀ ਅਨੁਸਾਰ ਐਤਵਾਰ ਰਾਤ ਨੂੰ ਪੁਲਿਸ ਮੁਲਾਜ਼ਮ ਇਕ ਵਿਆਹ ਤੋਂ ਵਾਪਸ ਆ ਰਹੇ ਸਨ ਕਿ ਰਸਤੇ ਵਿਚ ਗੱਡੀ ਓਵਰਟੇਕ ਕਰਨ ਨੂੰ ਲੈ ਕੇ ਇਨ੍ਹਾਂ ਦੀ ਗੁਰਮੇਜ ਦੀ ਭਰਜਾਈ ਅਮਰਪ੍ਰੀਤ ਕੌਰ ਨਾਲ ਤਕਰਾਰ ਹੋ ਗਈ। ਅਮਰਪ੍ਰੀਤ ਜੋ ਕੇ ਐਕਸਾਈਜ਼ ਇੰਸਪੈਕਟਰ ਹੈ, ਨੇ ਗੱਲ ਵਧਦੀ ਵੇਖ ਆਪਣੇ ਪਤੀ ਦੇ ਭਰਾ ਗੁਰਮੇਜ ਸਿੰਘ ਨੂੰ ਮੌਕੇ ’ਤੇ ਸੱਦ ਲਿਆ। ਇਸ ਦੌਰਾਨ ਗੱਲ ਇੰਨੀ ਵਧ ਗਈ ਕਿ ਪੁਲਿਸ ਮੁਲਾਜ਼ਮਾਂ ਨੇ ਗੁਰਮੇਜ ਦੇ ਦੋ ਗੋਲੀਆਂ ਮਾਰ ਦਿੱਤੀਆਂ।

ਪ੍ਰਸਿੱਧ ਕਬੱਡੀ ਖਿਡਾਰੀ ਗੁਰਮੇਜ ਸਿੰਘ

ਇਸ ਮਾਮਲੇ ਵਿੱਚ ਪੁਲਿਸ ਨੇ ਪੰਜ ਪੁਲਿਸ ਮੁਲਾਜ਼ਮਾਂ ਸਮੇਤ ਛੇ ਜਣਿਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਪਿਸਟਲ ਅਤੇ ਕਾਰ ਬਰਾਮਦ ਕਰ ਲਈ ਹੈ। ਬਟਾਲਾ ਦੇ ਐੱਸਐੱਸਪੀ ਰਛਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਖਿਲਾਫ ਕਤਲ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਮੁਲਜ਼ਮਾਂ ਵਿੱਚ ਅੰਮ੍ਰਿਤਸਰ ਸਿਟੀ ਟਰੈਫਿਕ ਸਟਾਫ਼ ’ਚ ਤਾਇਨਾਤ ਏਐੱਸਆਈ ਰਣਜੀਤ ਸਿੰਘ ਤੇ ਬਲਜੀਤ ਸਿੰਘ, ਹੈੱਡ ਕਾਂਸਟੇਬਲ ਅਵਤਾਰ ਸਿੰਘ ਤੇ ਬਲਕਾਰ ਸਿੰਘ, ਮੁੱਖ ਮੰਤਰੀ ਦੀ ਸੁਰੱਖਿਆ ਡਿਊਟੀ ’ਚ ਤਾਇਨਾਤ ਪੁਲੀਸ ਮੁਲਾਜ਼ਮ ਸੁਰਿੰਦਰ ਸਿੰਘ ਤੇ ਇਕ ਹੋਰ ਸਿਮਰਤ ਸਿੰਘ ਸ਼ਾਮਲ ਹਨ। ਐੱਸਐੱਸਪੀ ਨੇ ਦੱਸਿਆ ਕਿ ਇਨ੍ਹਾਂ ਨੂੰ ਲੰਘੀ ਦੇਰ ਰਾਤ ਕਾਬੂ ਕਰਕੇ ਵਾਰਦਾਤ ਵਿੱਚ ਵਰਤਿਆ ਪਿਸਟਲ ਤੇ ਕਾਰ ਵੀ ਬਰਾਮਦ ਕਰ ਲਈ ਗਈ ਹੈ।

  • 274
  •  
  •  
  •  
  •