ਫੇਸਬੁੱਕ-ਭਾਜਪਾ ਮਿਲੀਭੁਗਤ ਮਾਮਲਾ: ਕਾਂਗਰਸ ਨੇ ਜ਼ੁਕਰਬਰਗ ਨੂੰ ਮੁੜ ਪੱਤਰ ਲਿਖਿਆ

ਕਾਂਗਰਸ ਨੇ ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੂੰ ਮੁੜ ਪੱਤਰ ਲਿਖਿਆ ਤੇ ਸਵਾਲ ਕੀਤਾ ਕਿ ਇਸ ਸੋਸ਼ਲ ਨੈਟਵਰਕਿੰਗ ਕੰਪਨੀ ਦੀ ਭਾਰਤੀ ਇਕਾਈ ਵੱਲੋਂ ਹਾਕਮ ਪਾਰਟੀ ਭਾਜਪਾ ਦੀ ਮਦਦ ਕੀਤੇ ਜਾਣ ਦੇ ਦੋਸ਼ਾਂ ਦੇ ਮਾਮਲੇ ’ਚ ਕੀ ਕਦਮ ਚੁੱਕੇ ਗਏ ਹਨ। ਮੁੱਖ ਵਿਰੋਧੀ ਧਿਰ ਨੇ ਇਹ ਵੀ ਕਿਹਾ ਹੈ ਕਿ ਫੇਸਬੁੱਕ ਦੇ ਕੁਝ ਕਰਮਚਾਰੀਆਂ ਤੇ ਭਾਜਪਾ ਵਿਚਾਲੇ ਕਥਿਤ ਗੰਢਤੁਪ ਹੋਣ ਦੇ ਮਾਮਲੇ ’ਚ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਹੋਣੀ ਚਾਹੀਦੀ ਹੈ।

ਪਾਰਟੀ ਦੇ ਜਥੇਬੰਦਕ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਅਮਰੀਕਾ ਦੇ ਮਸ਼ਹੂਰ ਮੈਗਜ਼ੀਨ ‘ਟਾਈਮ’ ਦੀ ਇੱਕ ਖ਼ਬਰ ਦਾ ਹਵਾਲਾ ਦਿੰਦਿਆਂ ਜ਼ੁਕਰਬਰਗ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮੈਗਜ਼ੀਨ ਦੀ ਖ਼ਬਰ ਨਾਲ ਭਾਜਪਾ ਤੇ ਫੇਸਬੁੱਕ ਇੰਡੀਆ ਦੇ ਇੱਕ-ਦੂਜੇ ਨੂੰ ਫਾਇਦਾ ਪਹੁੰਚਾਉਣ ਤੇ ਪੱਖਪਾਤ ਦੇ ਸਬੂਤ ਅਤੇ ਹੋਰ ਜਾਣਕਾਰੀਆਂ ਸਾਹਮਣੇ ਆਈਆਂ ਹਨ। ਕਾਂਗਰਸ ਦੇ ਦੋਸ਼ਾਂ ’ਤੇ ਫੇਸਬੁੱਕ ਤੇ ਭਾਜਪਾ ਵੱਲੋਂ ਫਿਲਹਾਲ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

‘ਟਾਈਮ’ ਦੀ ਖ਼ਬਰ ਸਾਂਝੀ ਕਰਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਕੇ ਦਾਅਵਾ ਕੀਤਾ ਕਿ ਇਸ ਨਾਲ ਵਟਸਐਪ ਤੇ ਭਾਜਪਾ ਦੀ ਮਿਲੀਭੁਗਤ ਦਾ ਖੁਲਾਸਾ ਹੋ ਗਿਆ ਹੈ। ਉਨ੍ਹਾਂ ਦੋਸ਼ ਲਾਇਆ, ‘ਭਾਰਤ ’ਚ ਵਟਸਐੱਪ ਦੀ ਵਰਤੋਂ 40 ਕਰੋੜ ਲੋਕ ਕਰਦੇ ਹਨ। ਵਟਸਐੱਪ ਨੂੰ ਪੈਸਿਆਂ ਦੇ ਲੈਣ-ਦੇਣ ਦੀ ਸੇਵਾ ਸ਼ੁਰੂ ਕਰਨ ਲਈ ਮੋਦੀ ਸਰਕਾਰ ਦੀ ਇਜਾਜ਼ਤ ਦੀ ਲੋੜ ਹੈ। ਅਜਿਹੇ ’ਚ ਵਟਸਐਪ ਭਾਜਪਾ ਦੀ ਗ੍ਰਿਫ਼ਤ ’ਚ ਹੈ।’

  • 73
  •  
  •  
  •  
  •