ਭਾਈ ਦਿਲਾਵਰ ਸਿੰਘ ਦੀ ਸ਼ਹੀਦੀ ਨੂੰ ਯਾਦ ਕਰਦਿਆਂ…

ਜਸਪਾਲ ਸਿੰਘ ਹੇਰਾਂ

ਜੈਕਾਰ ਕੀਓ ਧਰਮੀਆਂ ਕਾ ਪਾਪੀ ਕਓੁ ਦੰਡ ਦੀਉਇ ॥

ਅੱਜ 31 ਅਗਸਤ ਹੈ, ਇਸ ਦਿਨ ਪੰਜਾਬ ‘ਚ ਸਿੱਖ ਇਤਿਹਾਸ ਦੀਆਂ ਮਹਾਨ ਪ੍ਰੰਪਰਾਵਾਂ ਨੂੰ ਦੁਹਰਾਉਂਦਿਆਂ ਕੁਰਬਾਨੀ ਦਾ ਸ਼ਿਖਰ ਹੋ ਨਿਬੜੀ ਇੱਕ ਲਹੂ ਭਿੱਜੀ ਘਟਨਾ ਵਾਪਰੀ ਸੀ। ਭਾਈ ਦਿਲਾਵਰ ਸਿੰਘ ਨੇ ਪੰਜਾਬ ‘ਚ ਜੁਆਨੀ ਦੇ ਹੋ ਰਹੇ ਬੇਤਹਾਸ਼ਾ ਵਹਿਸ਼ੀਆਨਾ ਕਤਲੇਆਮ, ਥਾਣਿਆਂ ‘ਚ ਸਿੱਖਾਂ ਦੀਆਂ ਬਹੂ-ਬੇਟੀਆਂ ਦੀ ਰੁਲਦੀ ਪੱਤ, ਬਾਪੂਆਂ ਦੀ ਲਹਿੰਦੀ ਪੱਗ ਨੂੰ ਰੋਕਣ ਲਈ ਸਿੱਖ ਕੌਮ ਦੇ ਸਵੈਮਾਣ ਦੀ ਰਾਖੀ ਲਈ ਜੂਝਦਿਆਂ, ਇੱਕ ਕਾਲੇ ਦੌਰ ਨੂੰ ਆਪਣੇ ਖੂਨ ਨਾਲ ਬਰੇਕਾਂ ਲਾਉਣ ਲਈ ਲਾਸਾਨੀ ਕੁਰਬਾਨੀ ਦਿੱਤੀ।

ਭਾਈ ਦਿਲਵਾਰ ਸਿੰਘ ਦੀ ਸ਼ਹੀਦੀ ਸਿੱਖੀ ਸਿਧਾਤਾਂ ਦੀ ਰੌਸ਼ਨੀ ‘ਚ ਜ਼ੁਲਮ ਦੀ ਇੰਤਹਾ ਨੂੰ ਨੱਥ ਪਾਉਣ ਲਈ ਹੋਈ ਅਤੇ ਅੱਜ ਜਦੋਂ ਅਸੀ ਉਸ ਮਹਾਨ ਸ਼ਹੀਦ ਦੀ 25 ਵੀਂ ਬਰਸੀ ਮਨਾ ਰਹੇ ਹਾਂ ਤਾਂ ਉਸ ਸ਼ਹੀਦੀ ਦੇ ਕਾਰਣਾਂ ਤੇ ਪ੍ਰਭਾਵਾਂ ਬਾਰੇ ਵੀ ਆਤਮ-ਚਿੰਤਨ ਕਰਨ ਜ਼ਰੂਰੀ ਹੈ। ਸਿੱਖੀ ਦੀ ਨੀਂਹ, ਮਨੁੱਖਤਾ ‘ਚ ਬਰਾਬਰੀ, ਸਰਬੱਤ ਦੇ ਭਲੇ ਅਤੇ ਦੁਨੀਆਂ ਤੇ ਹੁੰਦੇ ਹਰ ਤਰ੍ਹਾਂ ਦੇ ਜ਼ੋਰ ਜ਼ਬਰ ਤੇ ਜ਼ੁਲਮ ਦੇ ਖ਼ਾਤਮੇ ਲਈ ਹੋਈ, ਇਸ ਸਿਰਲੱਥ ਕੌਮ ਨੇ ਆਪਣੇ ਕੌਮੀ ਸਿਧਾਂਤਾਂ ਅਨੁਸਾਰ ਚਲਦਿਆਂ ਹਰ ਜਾਬਰ ਧਿਰ ਹਮੇਸ਼ਾ ਸਿੱਖਾਂ ਦੇ ਦੁਸ਼ਮਣਾਂ ਦੀ ਕਤਾਰ ‘ਚ ਖੜ੍ਹੀ ਕੀਤੀ। ਹਰ ਸਮੇਂ ਸਿੱਖਾਂ ਤੇ ਜ਼ੁਲਮ ਤਸੱਦਦ ਦਾ ਦੌਰ ਚੱਲਦਾ ਰਿਹਾ, ਚਾਹੇ ਉਹ ਮੀਰ ਮੰਨੂ ਦਾ ਸਮਾਂ ਸੀ ਜਾਂ ਫਿਰ ਬੇਅੰਤ ਸਿੰਘ ਦਾ। ਸਿੱਖਾਂ ਨੇ ਕੁਰਬਾਨੀਆਂ ਦਾ ਲੰਮਾ ਇਤਿਹਾਸ ਸਿਰਜਕੇ ਹਰ ਜਾਬਰ ਦਾ ਮੂੰਹ ਤੋੜਨ ਦਾ ਖਾੜਕੂ ਯਤਨ ਕੀਤਾ ਅਤੇ ਦੁਨੀਆਂ ਨੂੰ ਦੱਸਿਆ ਕਿ ਕਿਸੇ ਜਾਬਰ ਦਾ ਜ਼ੁਲਮ ਤਸ਼ੱਦਦ, ਸਿੱਖ ਕੌਮ ਨੂੰ ਆਪਣੇ ਮਹਾਨ ਸਿਧਾਤਾਂ ‘ਤੇ ਅਡੋਲ ਤੁਰਨ ਤੋਂ ਡੁਲਾ ਨਹੀਂ ਸਕਦਾ।

ਅੱਜ ਭਾਵੇਂ ਕੌਮ ‘ਚ ਅਣਖੀ ਜ਼ਜਬੇ ਅਤੇ ਜਿਊਂਦੀ ਜ਼ਮੀਰ ਦੀ ਘਾਟ ਰੜਕਣ ਲੱਗ ਪਈ ਹੈ, ਜਿਸ ਨਿਸ਼ਾਨੇ ਦੀ ਪ੍ਰਾਪਤੀ ਲਈ ਕੌਮ ਨੇ ਹਰ ਜ਼ਾਬਰ ਵਿਰੁੱਧ ਟੱਕਰ ਲਈ ਸੀ, ਉਸ ਕੌਮੀ ਨਿਸ਼ਾਨੇ ਤੋਂ ਕੌਮ ਥਿੜਕ ਗਈ ਹੈ। ਉਹ ਕੁਰਬਾਨੀ, ਤਿਆਗ ਤੇ ਦ੍ਰਿੜ੍ਹਤਾ ਦੀ ਥਾਂ ਬੁਜਦਿਲੀ, ਲਾਲਸਾ ਤੇ ਚਾਪਲੂਸੀ ਦਾ ਸ਼ਿਕਾਰ ਹੋ ਗਈ ਹੈ। ਕੌਮੀ ਜ਼ਜਬੇ ਤੇ ਸਵੈਮਾਣ ਦੀ ਰਾਖੀ ਲਈ ਕੁਰਬਾਨੀ ਦੀ ਥਾਂ ਸੌਦੇਬਾਜੀ ਅੱਗੇ ਹੋ ਗਈ ਹੈ, ਨਿੱਜੀ ਲਾਲਸਾ ਨੇ ‘ਮੈਂ ਮਰਾਂ ਪੰਥ ਜੀਵੈ’ ਦੀ ਧਾਰਨਾ ਖ਼ਤਮ ਕਰ ਦਿੱਤੀ ਹੈ, ਸ਼ਹੀਦੀਆਂ ਦੇ ਮੁੱਲ ਵੱਟਣ ਵਾਲੇ ਕੌਮ ਦੇ ਆਗੂਆਂ ਦੀ ਕਤਾਰ ‘ਚ ਆ ਖੜੇ ਹੋਏ ਹਨ। ਉਸ ਸਮੇਂ ਸਿੱਖੀ ਜ਼ਜਬੇ ਦੇ ਜਿਸ ਜ਼ਜਬੇ ਨਾਲ ਉਤਪੋਤ ਹੋ ਕੇ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਆਪਣੇ ਆਪ ਦਾ, ਜ਼ੁਲਮ ਤੇ ਜ਼ਾਲਮ ਦੇ ਖ਼ਾਤਮੇ ਲਈ ਖੁਸ਼ੀ-ਖੁਸ਼ੀ ਫੀਤਾ-ਫੀਤਾ ਹੋਣਾ ਪ੍ਰਵਾਨ ਕਰ ਲਿਆ ਸੀ। ਉਸ ਜ਼ਜਬੇ ਨੂੰ ਜਗਾਉਣ ਦੀ ਕੋਸ਼ਿਸ਼ ਜ਼ਰੂਰ ਹੋਣੀ ਚਾਹੀਦੀ ਹੈ, ਪ੍ਰੰਤੂ ਅਫ਼ਸੋਸ ਦੀ ਗੱਲ ਹੈ ਕਿ ਅਸੀਂ 25 ਵਰ੍ਹੇ ਇਸ ਮਹਾਨ ਸ਼ਹੀਦੀ ਦੀ ਮਿਸ਼ਾਲ ਦੀ ਰੌਸ਼ਨੀ ਨੂੰ ਆਪਣੇ ਜਜ਼ਬਿਆਂ ਦੇ ਤੇਲ ਨਾਲ ਹੋਰ ਰੁਸ਼ਨਾਉਣ ਦੀ ਥਾਂ ਭੁੱਲ ਵਿਸਰ ਜਾਣ ਨੂੰ ਹੀ ਤਰਜੀਹ ਦਿੱਤੀ।

ਸਿਆਸੀ ਧਿਰਾਂ ਲਈ ਤਾਂ ਹਰ ਮੁੱਦਾ, ਹਰ ਘਟਨਾ, ਹਰ ਭਾਵਨਾ ਸਿਆਸੀ ਰੋਟੀਆਂ ਸੇਕਣ ਵਾਲੀ ਹੁੰਦੀ ਹੈ, ਪ੍ਰੰਤੂ ਜਿੰਨ੍ਹਾਂ ਦੇ ਹਿਰਦੇ ‘ਚ ਸੱਚੀ-ਸੁੱਚੀ ਭਾਵਨਾ ਹੁੰਦੀ ਹੈ, ਉਨ੍ਹਾਂ ਨੂੰ ਸ਼ਹੀਦੀਆਂ, ਉਸ ਸਮੇਂ ਜ਼ਰੂਰ ਝੰਜੋੜਦੀਆਂ ਹਨ, ਜਦੋਂ ਉਨ੍ਹਾਂ ਦੇ ਕੰਨਾਂ ‘ਚ, ”ਸਾਡੀ ਸੋਚ ਨੂੰ ਬਚਾਇਓ” ਦੇ ਸ਼ਬਦ ਗੂੰਜਦੇ ਹਨ। ਅੱਜ ਅਸੀਂ ਕਿਹੜੀ ਸੋਚ ਨੂੰ ਬਚਾਉਣ ਦਾ ਦਾਅਵਾ ਕਰ ਸਕਦੇ ਹਾਂ? ਇਹ ਸੁਆਲ ਸਮੁੱਚੀ ਕੌਮ ਅੱਗੇ ਹੀ ਖੜ੍ਹਾ ਹੈ। ਰੂਹਾਂ ਦੇ ਜ਼ੋਰ ਨਾਲ ਜਿਊਣ ਵਾਲੀ ਕੌਮ, ਜੇ ਰੂਹ ਤੋਂ ਹੀ ਹਾਰ ਜਾਵੇ, ਫਿਰ ਉਸਦੀ ਰੂਹ ‘ਚ ਜਾਨ ਫੂਕਣ ਲਈ ਦਿਲਾਵਰ ਸਿੰਘ ਵਰਗੀਆਂ ਸ਼ਹੀਦੀਆਂ ਤੋਂ ਵੱਧ ਸ਼ਾਇਦ ਹੋਰ ਕੋਈ ਹਲੂਣਾ ਨਹੀਂ ਹੋ ਸਕਦਾ।

ਭਾਈ ਦਿਲਾਵਰ ਸਿੰਘ ਨੇ ਪੰਜਾਬ ਨੂੰ ਦਿਨ ਦਿਹਾੜੇ ਬੁੱਚੜਖਾਨਾ ਬਣਾ ਦੇਣ ਵਾਲੇ ਵਿਰੁੱਧ ਸ਼ਹਾਦਤ ਦੇਣ ਵਰਗਾ ਕਦਮ ਚੁੱਕਿਆ, ਪ੍ਰੰਤੂ ਉਸ ਦੌਰ ‘ਚ ਕਿੰਨੇ ਮਾਵਾਂ ਦੇ ਪੁੱਤ ਉਸ ਬੁੱਚੜਖਾਨੇ ਦਾ ਸ਼ਿਕਾਰ ਹੋਏ, ਅਸੀਂ ਅੱਜ ਤੱਕ ਹਿਸਾਬ ਨਹੀ ਲੈ ਸਕੇ। ਝੂਠੇ ਪੁਲਿਸ ਮੁਕਾਬਲਿਆਂ, ਲਵਾਰਿਸ ਲਾਸ਼ਾਂ, ਜ਼ੇਲ੍ਹਾਂ ‘ਚ ਉਸ ਸਮੇਂ ਤੋਂ ਸੜਦੇ ਸਿੱਖਾਂ ਦੀ ਕਹਾਣੀ ਅੱਜ ਤੱਕ ਅਧੂਰੀ ਹੈ, ਕੋਈ ਵੀ ਇਸ ਕਹਾਣੀ ਨੂੰ ਪੂਰਾ ਕਰਨ ਲਈ ਆਵਾਜ਼ ਬੁਲੰਦ ਕਰਦਾ ਨਜ਼ਰ ਨਹੀ ਆਉਂਦਾ। ਆਪਣਿਆਂ ਦੀ ਪੱਗ ਲਾਹੁਣ ਲਈ ਅਸੀਂ ਹਰ ਸਮੇਂ ਤੱਤਪਰ ਹਾਂ, ਪ੍ਰੰਤੂ ਸਿੱਖ ਮੁੱਦਿਆਂ ‘ਤੇ ਜ਼ੁਬਾਨ ਖੋਲਣ ਲਈ ਤਿਆਰ ਨਹੀ ਹਾਂ। ਕੌਮ ਉੱਤੇ ਹਰ ਪਾਸੇ ਤੋਂ ਹਮਲਾ ਹੋ ਰਿਹਾ ਹੈ, ਪ੍ਰੰਤੂ ਸਿੱਖ ਤੇ ਸਿੱਖੀ ਨੂੰ ਬਚਾਉਣ ਲਈ ਕਿਧਰੇ ਵੀ ਕੋਈ ਲਹਿਰ ਉੱਠਦੀ ਨਜ਼ਰ ਨਹੀ ਆਉਂਦੀ।

ਸ਼ਹੀਦਾਂ ਦੀਆਂ ਸ਼ਹੀਦੀਆਂ ਕੌਮ ‘ਚ ਜੂਝਣ ਦਾ ਚਾਓ ਭਰਨ ਲਈ ਹੁੰਦੀਆਂ ਹਨ ਅਤੇ ਸ਼ਹੀਦਾਂ ਦਾ ਡੁੱਲਦਾ ਖੂਨ ਕੌਮਾਂ ਦੀ ਤਕਦੀਰ ਬਦਲਦਾ ਰਿਹਾ ਹੈ, ਪ੍ਰੰਤੂ ਅੱਜ ਕੌਮ ਪੂਰੀ ਤਰ੍ਹਾਂ ਮੰਝਧਾਰ ‘ਚ ਹੈ। ਪਦਾਰਥ ਦੀ ਦੌੜ ‘ਚ ਸਭ ਕੁਝ ਭੁੱਲ ਚੁੱਕੀ ਹੈ। ਇਸ ਲਈ ਜ਼ਰੂਰੀ ਹੈ ਕਿ 31 ਅਗਸਤ ਦੀ ਲਹੂ ਭਿੱਜੀ ਘਟਨਾ ਅਤੇ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਯਾਦ ਕਰਦਿਆਂ, ਸ਼ਹੀਦਾਂ ਦੇ ਜਜ਼ਬਿਆਂ ਤੋਂ ਸੱਖਣੀ ਕੌਮ ਕਿੰਨਾ ਕੁ ਸਮਾਂ ਜਿਊਂਦੀ ਰਹਿ ਸਕਦੀ ਹੈ? ਇਸਦਾ ਲੇਖਾ-ਜੋਖਾ ਜ਼ਰੂਰ ਇੱਕ ਵਾਰ ਆਪਣੇ ਮਨ ‘ਚ ਕਰਕੇ ਵੇਖ ਲਈਏ।

  • 1.4K
  •  
  •  
  •  
  •