ਭਾਰਤੀ ਅਰਥਚਾਰੇ ਦਾ ਮਾੜਾ ਦੌਰ, ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਦਰਜ

ਲੌਕਡਾਊਨ ਨੇ ਦੇਸ਼ ਦੇ ਪਹਿਲਾਂ ਤੋਂ ਹੀ ਚੱਲ ਰਹੇ ਸੁਸਤ ਅਰਥਚਾਰੇ ’ਤੇ ਹੋਰ ਬੁਰਾ ਅਸਰ ਪਾਇਆ ਹੈ। ਸਰਕਾਰ ਵੱਲੋਂ ਨਵੇਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਚਾਲੂ ਵਿੱਤੀ ਵਰ੍ਹੇ 2020-21 ਦੀ ਅਪਰੈਲ-ਜੂਨ ਦੀ ਤਿਮਾਹੀ ਦੌਰਾਨ ਅਰਥਚਾਰੇ ’ਚ 23.9 ਫੀਸਦ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।

ਇਸ ਇੱਕ ਤਿਮਾਹੀ ਦੌਰਾਨ ਖੇਤੀ ਨੂੰ ਛੱਡ ਕੇ ਨਿਰਮਾਣ, ਉਸਾਰੀ ਤੇ ਸੇਵਾਵਾਂ ਸਮੇਤ ਬਾਕੀ ਸਾਰੇ ਖੇਤਰਾਂ ਦਾ ਪ੍ਰਦਰਸ਼ਨ ਖਰਾਬ ਰਿਹਾ ਹੈ। ਸਭ ਤੋਂ ਜ਼ਿਆਦਾ ਪ੍ਰਭਾਵ ਉਸਾਰੀ ਸੈਕਟਰ ਦੇ ਉੱਤੇ ਪਿਆ ਹੈ ਜੋ 50 ਫੀਸਦ ਤੋਂ ਹੇਠਾਂ ਡਿੱਗਿਆ ਹੈ। ਕੌਮੀ ਅੰਕੜਾ ਦਫ਼ਤਰ (ਐੱਨਸੀਓ) ਦੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕੁੱਲ ਘਰੇਲੂ ਉਤਪਾਦਨ (ਜੀਡੀਪੀ) ’ਚ ਇਸ ਤੋਂ ਪਿਛਲੇ ਸਾਲ 2019-20 ਦੀ ਇਸੇ ਤਿਮਾਹੀ ’ਚ 5.2 ਫੀਸਦ ਦਾ ਵਾਧਾ ਹੋਇਆ ਸੀ। ਸਰਕਾਰ ਨੇ ਕਰੋਨਾ ਵਾਇਰਸ ਕਾਰਨ 25 ਮਾਰਚ ਨੂੰ ਪੂਰੇ ਦੇਸ਼ ’ਚ ਲੌਕਡਾਊਨ ਲਾਇਆ ਸੀ। ਜਿਸ ਦਾ ਪ੍ਰਭਾਵ ਅਰਥਚਾਰੇ ਦੇ ਸਾਰੇ ਖੇਤਰਾਂ ’ਤੇ ਪਿਆ ਹੈ।

ਨਿਮਰਾਣ ਖੇਤਰ ਦੇ ਜੀਡੀਪੀ ਦੇ ਵਿਚ ਕੁੱਲ ਮੁੱਲ ਯੋਗਦਾਨ (ਜੀਵੀਏ) 2020-21 ਦੀ ਪਹਿਲੀ ਤਿਮਾਹੀ ਦੌਰਾਨ 39.3 ਫੀਸਦੀ ਘਟਿਆ ਜਦਕਿ ਇਸ ਸਾਲ ਪਹਿਲਾਂ ਇਸੇ ਤਿਮਾਹੀ ’ਚ ਇਸ ’ਚ 3 ਫੀਸਦ ਵਾਧਾ ਹੋਇਆ ਸੀ। ਹਾਲਾਂਕਿ ਖੇਤੀ ਸੈਕਟਰ ’ਚ ਇਸ ਦੌਰਾਨ 3.4 ਫੀਸਦ ਵਾਧਾ ਹੋਇਆ ਹੈ ਜਦਕਿ 2019-20 ਦੀ ਪਹਿਲੀ ਤਿਮਾਹੀ ਇਹ ਵਾਧਾ 3 ਫੀਸਦੀ ਸੀ।
ਉਸਾਰੀ ਖੇਤਰ ’ਚ ਜੀਵੀਏ ਵਿਕਾਸ ਦੇ ਵਿਚ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ 50.3 ਫੀਸਦ ਦੀ ਗਿਰਾਵਟ ਆਈ ਹੈ ਜਦਕਿ ਪਿਛਲੇ ਸਾਲ ਇਸੇ ਸਮੇਂ 5.2 ਫੀਸਦ ਵਾਧਾ ਦਰਜ ਕੀਤਾ ਗਿਆ ਸੀ। ਖਣਨ ਖੇਤਰ ਉਤਪਾਦਨ ’ਚ 23.3 ਫੀਸਦ ਕਮੀ ਆਈ ਹੈ ਜਦਕਿ ਪਿਛਲੇ ਸਾਲ ਇਸੇ ਸਮੇਂ ਇਸ ਨੇ 4.7 ਫੀਸਦ ਵਿਕਾਸ ਕੀਤਾ ਸੀ। ਬਿਜਲੀ, ਗੈਸ, ਜਲ ਸਪਲਾਈ ਤੇ ਹੋਰ ਜ਼ਰੂਰੀ ਸੇਵਾ ਖੇਤਰਾਂ ’ਚ ਵੀ 2020-21 ਦੀ ਪਹਿਲੀ ਤਿਮਾਹੀ ’ਚ 7 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ ਜਦਕਿ ਪਿਛਲੇ ਸਾਲ ਇਸੇ ਸਮੇਂ ਇਸ ’ਚ 7 ਫੀਸਦ ਵਾਧਾ ਦਰਜ ਕੀਤਾ ਗਿਆ ਸੀ।

ਅੰਕੜਿਆਂ ਅਨੁਸਾਰ ਵਪਾਰ, ਹੋਟਲ, ਟਰਾਂਸਪੋਰਟ, ਸੰਚਾਰ ਤੇ ਪ੍ਰਸਾਰਨ ਨਾਲ ਜੁੜੀਆਂ ਸੇਵਾਵਾਂ 47 ਫੀਸਦ ਤੱਕ ਘਟੀਆਂ ਹਨ। ਵਿੱਤੀ, ਰੀਅਲ ਅਸਟੇਟ ਤੇ ਪੇਸ਼ੇਵਰ ਸੇਵਾਵਾਂ ’ਚ 5.3 ਫੀਸਦ, ਲੋਕ ਪ੍ਰਸ਼ਾਸਨ, ਰੱਖਿਆ ਤੇ ਹੋਰਨਾਂ ਸੇਵਾਵਾਂ ’ਚ ਵੀ 10.3 ਦੀ ਗਿਰਾਵਟ ਦਰਜ ਕੀਤੀ ਗਈ ਹੈ। ਐੱਨਐੱਸਓ ਨੇ ਬਿਆਨ ’ਚ ਕਿਹਾ, ‘ਸਥਿਰ ਮੁੱਲ (2011-12) ’ਤੇ ਜੀਡੀਪੀ 2020-21 ਦੀ ਪਹਿਲੀ ਤਿਮਾਹੀ ’ਚ 26.90 ਲੱਖ ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ ਜੋ ਪਿਛਲੇ ਸਾਲ ਇਸੇ ਸਮੇਂ 35.35 ਲੱਖ ਕਰੋੜ ਰੁਪਏ ਸੀ। ਮਤਲਬ ਇਸ ’ਚ 23.9 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ।’

  • 84
  •  
  •  
  •  
  •