ਭਾਰਤ ਨੇ ਜੰਮੂ-ਕਸ਼ਮੀਰ ਦਾ ਮੁੱਦਾ ਸੰਯੁਕਤ ਰਾਸ਼ਟਰ ਦੇ ਏਜੰਡੇ ‘ਚੋਂ ਹਮੇਸ਼ਾ ਲਈ ਹਟਾਉਣ ਦੀ ਮੰਗ ਕੀਤੀ

ਸੰਯੁਕਤ ਰਾਸ਼ਟਰ ‘ਚ ਭਾਰਤ ਨੇ ਜੰਮੂ-ਕਸ਼ਮੀਰ ਦੇ ਮੁੱਦੇ ਨੂੰ ਸੁਰੱਖਿਆ ਪਰਿਸ਼ਦ ਦੇ ਏਜੰਡੇ ‘ਚੋਂ ਹਮੇਸ਼ਾਂ ਲਈ ਹਟਾਉਣ ਦੀ ਅਪੀਲ ਕੀਤੀ ਹੈ ਤੇ ਕਿਹਾ ਹੈ ਕਿ ਇਸ ਤਰਕਹੀਣ ਮਾਮਲੇ ਨਾਲ ਸੰਸਾਰ ਦਾ ਕੋਈ ਲੈਣਾ-ਦੇਣਾ ਨਹੀਂ ਹੈ।

ਸੁਰੱਖਿਆ ਪਰਿਸ਼ਦ ਦੀ ਸਾਲਾਨਾ ਰਿਪੋਰਟ ‘ਤੇ ਗੈਰ-ਰਸਮੀ ਬੈਠਕ ਦੌਰਾਨ ਸੰਯੁਕਤ ਰਾਸ਼ਟਰ ‘ਚ ਪਾਕਿਸਤਾਨ ਦੇ ਦੂਤ ਮੁਨੀਰ ਅਕਰਮ ਨੇ ਜੰਮੂ-ਕਸ਼ਮੀਰ ਦਾ ਮੁੱਦਾ ਚੁੱਕਦਿਆਂ ਕਿਹਾ ਸੀ ਕਿ ਸੁਰੱਖਿਆ ਪਰਿਸ਼ਦ ਜੰਮੂ-ਕਸ਼ਮੀਰ ਦੀ ਸਥਿਤੀ ‘ਤੇ ਆਪਣੇ ਹੀ ਪ੍ਰਸਤਾਵਾਂ ਤੇ ਫੈਸਲਿਆਂ ਨੂੰ ਲਾਗੂ ਕਰਵਾਉਣ ‘ਚ ਨਾਕਾਮ ਰਿਹਾ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੀ ਸਥਿਤੀ ਬਾਰੇ ਵਿਚਾਰ ਕਰਨ ਲਈ ਪਿਛਲੇ ਇੱਕ ਸਾਲ ਦੌਰਾਨ ਕੌਂਸਲ ਦੀ ਤਿੰਨ ਵਾਰ ਮੀਟਿੰਗ ਹੋਈ ਹੈ। ਪਾਕਿਸਤਾਨ ਸੁਰੱਖਿਆ ਪਰਿਸ਼ਦ ‘ਚ ਜੰਮੂ-ਕਸ਼ਮੀਰ ਦੇ ਮੁੱਦੇ ‘ਤੇ ਚਰਚਾ ਕਰਾਉਣ ਦਾ ਯਤਨ ਕਰਦਾ ਰਿਹਾ ਹੈ।

ਭਾਰਤ ਨੇ 2019 ਲਈ ਸੁਰੱਖਿਆ ਪਰਿਸ਼ਦ ਦੀ ਰਿਪੋਰਟ ‘ਤੇ ਕਿਹਾ ਇਹ ਪ੍ਰਤੀਨਿਧੀਮੰਡਲ ਪਰਿਸ਼ਦ ‘ਚ ਪੁਰਾਣੇ ਪੈ ਚੁੱਕੇ ਵਿਸ਼ਿਆਂ ‘ਤੇ ਚਰਚਾ ‘ਤੇ ਜ਼ੋਰ ਦਿੰਦਾ ਰਹਿੰਦਾ ਹੈ। ਜਿਸ ਨੂੰ ਪਰਿਸ਼ਦ ਦੇ ਏਜੰਡੇ ਤੋਂ ਹਮੇਸ਼ਾਂ ਲਈ ਹਟਾਉਣ ਦੀ ਲੋੜ ਹੈ। ਭਾਰਤ-ਪਾਕਿਸਤਾਨ ਵਿਸ਼ਾ ਛੇ ਜਨਵਰੀ, 1948 ਨੂੰ ਇਕ ਅਧਿਕਾਰਤ ਬੈਠਕ ‘ਚ ਸੁਰੱਖਿਆ ਪਰਿਸ਼ਦ ‘ਚ ਪਹਿਲੀ ਵਾਰ ਚੁੱਕਿਆ ਗਿਆ ਸੀ। ਬਾਅਦ ‘ਚ ਪੰਜ ਨਵੰਬਰ, 1965 ਨੂੰ ਆਖਰੀ ਵਾਰ ਇਸ ‘ਤੇ ਵਿਚਾਰ ਕੀਤਾ ਗਿਆ ਸੀ।

  • 103
  •  
  •  
  •  
  •