ਤਿੱਖੀ ਆਲੋਚਨਾ ਮਗਰੋਂ ਫੇਸਬੁੱਕ ਦੀ ਕਾਰਵਾਈ, ਨਫ਼ਰਤੀ ਤੇ ਭੜਕਾਊ ਬਿਆਨ ਕਾਰਨ ਭਾਜਪਾ ਵਿਧਾਇਕ ‘ਤੇ ਲਾਈ ਪਾਬੰਦੀ

ਕਰੀਬ ਤਿੰਨ ਹਫ਼ਤੇ ਪਹਿਲਾਂ ਅਮਰੀਕੀ ਅਖ਼ਬਾਰ ਵਾਲ ਸਟਰੀਟ ਜਰਨਲ ਨੇ ਆਪਣੀ ਰਿਪੋਰਟ ਵਿਚ ਦਾਅਵਾ ਕੀਤਾ ਸੀ ਕਿ ਫੇਸਬੁੱਕ ਭਾਰਤ ਵਿਚ ਆਪਣੇ ਕਾਰੋਬਾਰੀ ਹਿਤਾਂ ਨੂੰ ਦੇਖਦੇ ਹੋਏ ਭਾਜਪਾ ਨੇਤਾਵਾਂ ਦੇ ਕਥਿਤ ਨਫ਼ਰਤ ਫੈਲਾਉਣ ਵਾਲੇ ਭਾਸ਼ਣਾਂ ‘ਤੇ ਸਖ਼ਤੀ ਨਹੀਂ ਵਰਤਦਾ ਹੈ ਤੇ ਫੇਸਬੁੱਕ ਦੇ ਇੰਡੀਆਂ ਪਾਲਿਸੀ ਹੈੱਡ ਆਂਖੀ ਦਾਸ ਨੇ ਟੀ ਰਾਜਾ ਸਿੰਘ ਦੇ ਕਈ ਵਿਵਾਦਤ ਪੋਸਟ ਹਟਾਉਣ ਦੇ ਵਿਚਾਰ ਦਾ ਵਿਰੋਧ ਕੀਤਾ ਸੀ।

ਹੇਟ ਸਪੀਚ ਮਾਮਲੇ ‘ਚ ਵਿਵਾਦਾਂ ‘ਚ ਘਿਰੀ ਫੇਸਬੁੱਕ ਨੇ ਬੀਜੇਪੀ ਵਿਧਾਇਕ ਟੀ ਰਾਜਾ ਸਿੰਘ ਦਾ ਫੇਸਬੁੱਕ ਅਤੇ ਇੰਸਟਾਗ੍ਰਾਮ ਦਾ ਅਕਾਊਂਟ ਬੈਨ ਕਰ ਦਿੱਤਾ ਹੈ। ਅਮਰੀਕੀ ਅਖ਼ਬਾਰ ‘ਵਾਲ ਸਟ੍ਰੀਟ ਜਰਨਲ’ ‘ਚ ਛਪੀ ਖ਼ਬਰ ਮੁਤਾਬਕ ਨਫ਼ਰਤ ਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੀ ਸਮੱਗਰੀ ਨੂੰ ਲੈ ਕੇ ਫੇਸਬੁੱਕ ਦੀ ਨੀਤੀ ਦੀ ਉਲੰਘਣਾ ਕਰਨ ‘ਤੇ ਤੇਲੰਗਾਨਾ ਤੋਂ ਬੀਜੇਪੀ ਵਿਧਾਇਕ ਨੂੰ ਬੈਨ ਕੀਤਾ ਗਿਆ ਹੈ।
ਟੀ ਰਾਜਾ ਸਿੰਘ ਦੇ ਪੋਸਟ ਮੁਸਲਮਾਨਾਂ ਤੇ ਰੋਹਿੰਗਿਆ ਸ਼ਰਨਾਰਥੀਆਂ ਨਾਲ ਸਬੰਧਤ ਸਨ। ਸਿੰਘ ਦੇ ਘੱਟੋ ਘੱਟ ਪੰਜ ਪ੍ਰੋਫਾਈਲ ਹਨ, ਜਿਸ ‘ਤੇ ਤਿੰਨ ਲੱਖ ਤੋਂ ਜ਼ਿਆਦਾ ਫੌਲੋਅਰ ਹਨ।

ਟੀ ਰਾਜਾ ਸਿੰਘ ਨੇ ਕਿਹਾ ਕਿ ਉਨ੍ਹਾਂ ਕਦੇ ਕੋਈ ਭੜਕਾਊ ਟਿੱਪਣੀ ਨਹੀਂ ਕੀਤੀ।
ਬੁੱਧਵਾਰ ਦੋ ਸਤੰਬਰ ਨੂੰ ਸੂਚਨਾ ਤਕਨਾਲੋਜੀ ਤੇ ਸੰਸਦ ਦੀ ਸਥਾਈ ਕਮੇਟੀ ਨੇ ਫੇਸਬੁੱਕ ਦੇ ਇੰਡੀਆਂ ਹੈੱਡ ਅਜੀਤ ਮੋਹਨ ਨਾਲ ਦੋ ਘੰਟੇ ਤੋਂ ਜ਼ਿਆਦਾ ਸਵਾਲ ਕੀਤੇ। ਰਿਪੋਰਟਾਂ ਮੁਤਾਬਕ ਵਿਰੋਧੀ ਦਲਾਂ ਨੇ ਬੀਜੇਪੀ ਲੀਡਰਾਂ ਵੱਲੋਂ ਪੋਸਟ ਕੀਤੀ ਗਈ ਭੜਕਾਊ ਸਮੱਗਰੀ ਨੂੰ ਨਾ ਹਟਾਉਣ ‘ਤੇ ਫੇਸਬੁੱਕ ਦੀ ਆਲੋਚਨਾ ਕੀਤੀ।

ਬੈਠਕ ਤੋਂ ਬਾਅਦ ਕੰਪਨੀ ਦੇ ਬੁਲਾਰੇ ਨੇ ਬਿਆਨ ਜਾਰੀ ਕਰਕੇ ਕਿਹਾ, ‘ਫੇਸਬੁੱਕ ਇਕ ਖੁੱਲ੍ਹਾ ਅਤੇ ਪਾਰਦਰਸ਼ੀ ਮੰਚ ਬਣਾਉਣ ਲਈ ਵਚਨਬੱਧ ਹੈ। ਇਸ ਮਾਮਲੇ ‘ਚ ਫੇਸਬੁੱਕ ਅਧਿਕਾਰੀਆਂ ਨੂੰ ਸੰਸਦੀ ਕਮੇਟੀ ਦੇ ਸਾਹਮਣੇ ਫਿਰ ਤੋਂ ਬੁਲਾਇਆ ਜਾਵੇਗਾ।
ਸੰਸਦੀ ਕਮੇਟੀ ਦੀ ਬੈਠਕ ਤੋਂ ਕੁੱਝ ਘੰਟੇ ਪਹਿਲਾਂ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਵੱਲੋਂ ਫੇਸਬੁੱਕ ਦੇ ਸੀਈਓ ਮਾਰਕ ਜੁਕਰਬਰਗ ਨੂੰ 30 ਅਗਸਤ ਨੂੰ ਲਿਖੇ ਪੱਤਰ ਨੂੰ ਜਨਤਕ ਕੀਤਾ ਗਿਆ ਸੀ। ਭਾਰਤ ‘ਚ ਵਿਰੋਧੀ ਦਲਾਂ ਵੱਲੋਂ ਤਿੰਨ ਹਫ਼ਤਿਆਂ ‘ਚ ਜੁਕਰਬਰਗ ਨੂੰ ਲਿਖਿਆ ਗਿਆ ਇਹ ਤੀਜਾ ਪੱਤਰ ਹੈ। ਜਿਸ ‘ਚ ਫੇਸਬੁੱਕ ‘ਤੇ ਸਿਆਸੀ ਪੱਖਪਾਤ ਜਾ ਇਲਜ਼ਾਮ ਲਾਇਆ ਗਿਆ ਹੈ।

ਦੱਸਣਯੋਗ ਹੈ ਕਿ ਭਾਰਤ ਫੇਸਬੁੱਕ ਦੇ ਸਭ ਤੋਂ ਵੱਡੇ ਬਜ਼ਾਰਾਂ ਵਿਚੋਂ ਇਕ ਹੈ, ਉਸ ਦੇ ਭਾਰਤ ਵਿਚ 30 ਕਰੋੜ ਯੂਜ਼ਰਸ ਹਨ।

  • 277
  •  
  •  
  •  
  •