ਸਿੱਖ ਰਾਜ ਦਾ ਆਖ਼ਰੀ ਚਿਰਾਗ਼- ਮਹਾਰਾਜਾ ਦਲੀਪ ਸਿੰਘ

-ਸੁਖਵਿੰਦਰ ਸਿੰਘ ਮੁੱਲਾਂਪੁਰ

ਮਹਾਰਾਜਾ ਰਣਜੀਤ ਸਿੰਘ ਦੇ ਸੱਤ ਪੁੱਤਰ ਸਨ ਜੋ ਉਨ੍ਹਾਂ ਦੀਆਂ ਵੱਖ-ਵੱਖ ਰਾਣੀਆਂ ਦੀ ਕੁੱਖੋਂ ਜਨਮੇ ਸਨ। ਸਭ ਤੋਂ ਛੋਟੀ ਮਹਾਰਾਣੀ ਜਿੰਦ ਕੌਰ ਦੀ ਕੁੱਖੋਂ ਜਨਮੇ ਦਲੀਪ ਸਿੰਘ ਦਾ ਜਨਮ 4 ਸਤੰਬਰ 1838 ਨੂੰ ਹੋਇਆ ਸੀ। ਦਲੀਪ ਸਿੰਘ 9 ਮਹੀਨੇ 24 ਦਿਨ ਦਾ ਸੀ ਜਦ ਮਹਾਰਾਜਾ ਰਣਜੀਤ ਸਿੰਘ ਦਾ 27 ਜੂਨ 1839 ਨੂੰ ਦੇਹਾਂਤ ਹੋ ਗਿਆ। ਜਦ ਮਹਾਰਾਜਾ ਸ਼ੇਰ ਸਿੰਘ ਤਖ਼ਤ ‘ਤੇ ਬੈਠਾ ਤਾਂ ਉਸ ਨੂੰ ਲਹਿਣਾ ਸਿੰਘ ਅਤੇ ਉਸ ਦੇ ਭਤੀਜੇ ਨੇ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਧਿਆਨ ਸਿੰਘ ਡੋਗਰੇ ਨੂੰ ਵੀ ਗੋਲ਼ੀ ਮਾਰ ਕੇ ਮਾਰ ਦਿੱਤਾ ਗਿਆ ਤਾਂ ਕਿ ਉਹ ਨਵੇਂ ਬਣਨ ਵਾਲੇ ਰਾਜੇ ਦਾ ਵਜ਼ੀਰ ਨਾ ਬਣ ਜਾਵੇ।

ਲਹਿਣਾ ਸਿੰਘ ਨੇ ਮਹਾਰਾਣੀ ਜਿੰਦ ਕੌਰ ਕੋਲੋਂ ਦਲੀਪ ਸਿੰਘ ਨੂੰ ਲਿਆ ਕੇ 16 ਸਤੰਬਰ 1843 ਨੂੰ ਤਖ਼ਤ ‘ਤੇ ਬਿਠਾ ਦਿੱਤਾ। ਉਸ ਸਮੇਂ ਮਹਾਰਾਜਾ ਦਲੀਪ ਸਿੰਘ ਦੀ ਉਮਰ ਪੰਜ ਸਾਲ ਗਿਆਰਾਂ ਦਿਨ ਦੀ ਸੀ। ਲਹਿਣਾ ਸਿੰਘ ਨੇ ਧਿਆਨ ਸਿੰਘ ਡੋਗਰੇ ਦੇ ਖ਼ੂਨ ‘ਚ ਉਂਗਲ ਲਬੇੜ ਕੇ ਦਲੀਪ ਸਿੰਘ ਦੇ ਮੱਥੇ ‘ਤੇ ਲਾ ਕੇ ਰਾਜਾ ਹੋਣ ਦੀ ਰਸਮ ਨਿਭਾਈ। ਮਹਾਰਾਣੀ ਜਿੰਦ ਕੌਰ ਨੂੰ ਰਾਜੇ ਦੀ ਸਰਪ੍ਰਸਤ ਲਗਾ ਦਿੱਤਾ ਗਿਆ। ਲਹਿਣਾ ਸਿੰਘ ਆਪ ਵਜ਼ੀਰ ਬਣ ਗਿਆ। ਹੀਰਾ ਸਿੰਘ ਨੇ ਆਪਣੇ ਪਿਤਾ ਧਿਆਨ ਸਿੰਘ ਡੋਗਰੇ ਦਾ ਬਦਲਾ ਲੈਣ ਲਈ ਲਹਿਣਾ ਸਿੰਘ ਤੇ ਉਸ ਦੇ ਭਤੀਜੇ ਅਜੀਤ ਸਿੰਘ ਨੂੰ ਗੋਲ਼ੀਆਂ ਮਾਰ ਕੇ ਮਾਰ ਦਿੱਤਾ। ਫਿਰ ਹੀਰਾ ਸਿੰਘ ਨੇ ਲਹਿਣਾ ਸਿੰਘ ਦੇ ਖ਼ੂਨ ‘ਚ ਉਂਗਲ ਲਬੇੜ ਕੇ ਦਲੀਪ ਸਿੰਘ ਦੇ ਮੱਥੇ ‘ਤੇ ਲਗਾ ਕੇ ਰਾਜਾ ਹੋਣ ਦੀ ਰਸਮ ਨਿਭਾਈ ਤੇ ਆਪ ਵਜ਼ੀਰ ਬਣ ਗਿਆ। ਮਹਾਰਾਣੀ ਜਿੰਦ ਕੌਰ ਨੂੰ ਰਾਜੇ ਦੀ ਸਰਪ੍ਰਸਤ ਲਗਾਇਆ ਗਿਆ।

2915314

ਮਹਾਰਾਣੀ ਆਪਣੇ ਪੁੱਤਰ ਦੇ ਮੱਥੇ ‘ਤੇ ਖ਼ੂਨ ਦੇ ਵਾਰ-ਵਾਰ ਲੱਗਦੇ ਟਿੱਕਿਆਂ ਤੋਂ ਚਿੰਤਤ ਸੀ। ਦਸ ਫਰਵਰੀ 1846 ਨੂੰ ਸਤਲੁਜ ਦਰਿਆ ਦੇ ਕੰਢੇ ਹੋਈ ਸਭਰਾਵਾਂ ਦੀ ਲੜਾਈ ਸਿੱਖਾਂ ਅਤੇ ਅੰਗਰੇਜ਼ਾਂ ਦੀ ਆਖ਼ਰੀ ਲੜਾਈ ਸੀ। ਇਹ ਲੜਾਈ ਡੋਗਰਿਆਂ ਦੀਆਂ ਬਦਨੀਅਤ ਚਾਲਾਂ ਕਾਰਨ ਸਿੱਖ ਹਾਰ ਗਏ ਜਿਸ ਕਾਰਨ ਸਿੱਖ ਰਾਜ ਦਾ ਸੂਰਜ ਸਦਾ ਲਈ ਅਸਤ ਹੋ ਗਿਆ ਸੀ। ਬਾਰਾਂ ਦਸੰਬਰ 1846 ਨੂੰ ਮਹਾਰਾਣੀ ਜਿੰਦਾਂ ਦੀ ਸਰਕਾਰੀ ਕੰਮਾਂਕਾਰਾਂ ਵਿਚ ਦਖ਼ਲਅੰਦਾਜ਼ੀ ਬੰਦ ਕਰ ਦਿੱਤੀ ਗਈ। ਮਹਾਰਾਣੀ ਨੂੰ ਸੰਮਨ ਬੁਰਜ ਲਾਹੌਰ ਦਰਬਾਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਉਸ ਨੂੰ ਉੱਨੀ ਅਗਸਤ 1847 ਨੂੰ ਸ਼ੇਖੂਪੁਰਾ ਕਿਲ੍ਹੇ ਵਿਚ ਕੈਦ ਕਰ ਦਿੱਤਾ ਗਿਆ। ਉਹ ਸੌਲਾਂ ਮਈ 1848 ਨੂੰ ਕੈਦੀ ਦੇ ਤੌਰ ‘ਤੇ ਪੰਜਾਬ ਤੋਂ ਬਨਾਰਸ ਭੇਜ ਦਿੱਤੀ ਗਈ। ਫਿਰ ਚਾਰ ਅਪ੍ਰੈਲ 1849 ਨੂੰ ਚਿਨਾਰ ਕਿਲ੍ਹੇ (ਉੱਤਰ ਪ੍ਰਦੇਸ਼) ਵਿਚ ਭੇਜ ਦਿੱਤੀ।

ਦੂਜਾ ਐਂਗਲੋ-ਸਿੱਖ ਯੁੱਧ 1848-49 ਵਿਚ ਹੋਇਆ। ਦਸ ਮਾਰਚ 1849 ਨੂੰ ਸਿੱਖਾਂ ਨੇ ਹਥਿਆਰ ਸੁੱਟ ਦਿੱਤੇ। ਅੰਗਰੇਜ਼ਾਂ ਨੇ ਪੰਜਾਬ ‘ਤੇ ਪੂਰਾ ਕਬਜ਼ਾ ਕਰ ਲਿਆ। ਬਾਰਾਂ ਸਾਲਾਂ ਦੇ ਦਲੀਪ ਸਿੰਘ ਤੋਂ ਸੰਧੀਆਂ ‘ਤੇ ਦਸਤਖ਼ਤ ਕਰਵਾ ਕੇ ਉਸ ਨੂੰ ਰਾਜ ਗੱਦੀ ਤੋਂ ਹਟਾ ਦਿੱਤਾ ਗਿਆ। ਲਾਰਡ ਡਲਹੌਜ਼ੀ ਜਿਸ ਨੇ ਗਵਰਨਰ ਜਰਨਲ ਬਣ ਕੇ ਅੱਠ ਸਾਲ ਰਾਜ ਕੀਤਾ ਉਸ ਨੇ ਮਹਾਰਾਜਾ ਦਲੀਪ ਸਿੰਘ ਤੋਂ ਕੋਹਿਨੂਰ ਹੀਰਾ, ਗਹਿਣੇ ਅਤੇ ਤੋਸ਼ੇਖਾਨੇ ਦਾ ਹੋਰ ਕੀਮਤੀ ਸਾਮਾਨ ਆਪਣੇ ਕਬਜ਼ੇ ਵਿਚ ਕਰ ਲਿਆ ਸੀ। ਸੰਨ 1950 ਵਿਚ ਕੋਹਿਨੂਰ ਹੀਰਾ ਮਹਾਰਾਣੀ ਮਲਕਾ ਵਿਕਟੋਰੀਆ ਦੇ ਹਵਾਲੇ ਕਰ ਕੇ ਉਸ ਦੇ ਤਾਜ ਵਿਚ ਜੜ ਦਿੱਤਾ ਗਿਆ ਜਿਸ ਨੂੰ ਮਹਾਰਾਣੀ ਪਹਿਨਦੀ ਸੀ। ਹੁਣ ਇਹ ਕੋਹਿਨੂਰ ਹੀਰਾ ਲੰਡਨ ਦੇ ਟਾਵਰ ਆਫ ਲੰਡਨ ਅਜਾਇਬਘਰ ਵਿਚ ਪਿਆ ਹੈ।

29 ਮਾਰਚ 1849 ਨੂੰ ਪੰਜਾਬ ‘ਤੇ ਸਿੱਖ ਰਾਜ ਖ਼ਤਮ ਕਰ ਕੇ ਉਸ ਨੂੰ ਅੰਗਰੇਜ਼ਾਂ ਨੇ ਆਪਣੇ ਰਾਜ ਵਿਚ ਸ਼ਾਮਲ ਕਰ ਲਿਆ ਸੀ। ਇਕ ਅਗਸਤ 1863 ਨੂੰ ਕੈਨਸਿੰਗਟਨ (ਲੰਡਨ) ਵਿਖੇ ਮਹਾਰਾਣੀ ਜਿੰਦ ਕੌਰ ਦੀ ਮੌਤ ਹੋ ਗਈ। ਇਸ ਨੂੰ ਕੇਨਸਲ ਰਕੀਨ ਕਬਰਿਸਤਾਨ ਵਿਖੇ ਆਰਜ਼ੀ ਤੌਰ ‘ਤੇ ਰੱਖਿਆ ਗਿਆ। ਦਲੀਪ ਸਿੰਘ ਨੂੰ ਆਪਣੀ ਮਾਤਾ ਦਾ ਸਰੀਰ ਭਾਰਤ ਲਿਆਉਣ ਲਈ ਛੇ ਮਹੀਨੇ ਬਾਅਦ ਮਨਜੂਰੀ ਇਸ ਸ਼ਰਤ ‘ਤੇ ਮਿਲੀ ਕਿ ਤੂੰ ਇਸ ਦਾ ਸਸਕਾਰ ਭਾਰਤ ਵਿਚ ਤਾਂ ਕਰ ਸਕਦਾ ਏ ਪਰ ਪੰਜਾਬ ਵਿਚ ਨਹੀਂ।
ਦਲੀਪ ਸਿੰਘ ਨੇ ਆਪਣੀ ਮਾਤਾ ਦਾ ਸਸਕਾਰ ਨਾਸਿਕ ਵਿਚ ਨਰਬਦਾ ਦਰਿਆ ਦੇ ਕੰਢੇ ਕਰ ਦਿੱਤਾ। ਉਹ ਵਾਪਸ ਜਾਂਦੇ ਸਮੇਂ ਮਿਸਰ ਦੇ ਸ਼ਹਿਰ ਕਾਹਿਰਾ ਵਿਖੇ ਰੁਕਿਆ ਅਤੇ ਇਕ ਜਰਮਨ ਮੂਲ ਦੀ ਲੜਕੀ ਬੰਬਾ ਮੂਲਰ ਨਾਲ ਈਸਾਈ ਧਰਮ ਦੀਆਂ ਰਸਮਾਂ ਮੁਤਾਬਕ 7 ਜੂਨ 1864 ਨੂੰ ਵਿਆਹ ਕਰਵਾ ਲਿਆ। ਉਸ ਨੂੰ ਨਾਲ ਲੈ ਕੇ ਇੰਗਲੈਂਡ ਚਲਾ ਗਿਆ। ਬੰਬਾ ਮੂਲਰ ਦੀ ਕੁੱਖੋਂ ਦਲੀਪ ਸਿਘ ਦੇ ਘਰ ਤਿੰਨ ਪੁੱਤਰਾਂ ਅਤੇ ਤਿੰਨ ਧੀਆਂ ਨੇ ਜਨਮ ਲਿਆ। ਬੰਬਾ ਮੂਲਰ 1890 ਵਿਚ ਰੱਬ ਨੂੰ ਪਿਆਰੀ ਹੋ ਗਈ।

ਤੇਈ ਫਰਵਰੀ 1889 ਨੂੰ ਮਹਾਰਾਜਾ ਦਲੀਪ ਸਿੰਘ ਨੇ ਮਹਾਰਾਣੀ ਵਿਕਟੋਰੀਆ ਨੂੰ ਇਕ ਖ਼ਤ ਭੇਜਿਆ ਕਿ ਤੁਸੀਂ ਮੇਰੇ ਕੋਲੋਂ ਸਿੱਖ ਰਾਜ ਧੋਖੇ ਨਾਲ ਖੋਹ ਲਿਆ ਸੀ ਜੋ ਮੈਨੂੰ ਨਾ ਤੁਸੀਂ ਵਾਪਸ ਕੀਤਾ ਹੈ, ਨਾ ਕਰਨਾ ਹੈ। ਪਰ ਮੈਥੋਂ ਧੋਖੇ ਨਾਲ ਖੋਹਿਆ ਕੋਹਿਨੂਰ ਹੀਰਾ ਵਾਪਸ ਕੀਤਾ ਜਾਵੇ। ਜਦ ਇਸ ਖ਼ਤ ਦਾ ਭਾਰਤ ਵਿਚ ਅੰਗਰੇਜ਼ੀ ਰਾਜ ਦੇ ਨੁਮਾਇੰਦਿਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਮਹਾਰਾਣੀ ਨੂੰ ਇਸ ਖ਼ਤ ‘ਤੇ ਅਮਲ ਕਰਨੋਂ ਰੋਕ ਦਿੱਤਾ।

21 ਮਈ 1889 ਨੂੰ ਦਲੀਪ ਸਿੰਘ ਨੇ ਅਦਾ ਡਗਲਸ ਵੇਦਰਿਲ ਨਾਲ ਵਿਆਹ ਕਰਵਾ ਲਿਆ। ਵੇਦਰਿਲ ਨੇ 25 ਅਕਤੂਬਰ 1889 ਨੂੰ ਇਕ ਬੱਚੀ ਨੂੰ ਜਨਮ ਦਿੱਤਾ ਜਿਸ ਦਾ ਨਾਮ ਰਾਜਕੁਮਾਰੀ ਅਦਾ ਇਰੀਨ ਹੈਲਨ ਬੇਰਲ ਦਲੀਪ ਸਿੰਘ ਰੱਖਿਆ ਗਿਆ। ਇਸ ਦੀ ਕੁੱਖੋਂ ਤਿੰਨ ਬੱਚਿਆਂ ਨੇ ਜਨਮ ਲਿਆ। ਉਹ ਦਲੀਪ ਸਿੰਘ ਦੀ ਮੌਤ ਤੋਂ ਬਾਅਦ ਕਾਫ਼ੀ ਸਮੇਂ ਤਕ ਜਿਊਂਦੀ ਰਹੀ। ਦਲੀਪ ਸਿੰਘ ਦੇ ਦੋ ਵਿਆਹ ਹੋਏ ਸਨ। ਉਸ ਦੇ ਘਰ ਨੌਂ ਬੱਚਿਆਂ ਨੇ ਜਨਮ ਲਿਆ ਸੀ। ਉਸ ਦੇ ਚਾਰ ਬੇਟੇ ਸਨ ਜਿਨਾਂ ਵਿਚੋਂ ਦੋ ਬਚਪਨ ਵਿਚ ਹੀ ਮਰ ਗਏ ਸਨ। ਪੰਜ ਲੜਕੀਆਂ ਸਨ ਜਿਨ੍ਹਾਂ ‘ਚੋਂ ਚਾਰ ਵਿਆਹੀਆਂ ਹੋਈਆਂ ਸਨ ਪਰ ਰੱਬ ਦੇ ਰੰਗ ਦੇਖੋ ਕਿ ਦਲੀਪ ਸਿੰਘ ਦੀ ਔਲਾਦ ‘ਚੋਂ ਕਿਸੇ ਦੇ ਵੀ ਘਰ ਬੱਚੇ ਨੇ ਜਨਮ ਨਾ ਲਿਆ। ਸਾਰੇ ਹੀ ਈਸਾਈ ਧਰਮ ਨਾਲ ਸਬੰਧਤ ਸਨ। ਉਨ੍ਹਾਂ ਦੇ ਇਸ ਦੁਨੀਆ ਤੋਂ ਜਾਣ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ ਦਾ ਅੰਤ ਹੋ ਗਿਆ ਸੀ।

ਮਹਾਰਾਜਾ ਦਲੀਪ ਸਿੰਘ ਨੂੰ ਪੈਰਿਸ ਵਿਚ 1890 ਦੇ ਸ਼ੁਰੂ ਵਿਚ ਅਧਰੰਗ ਦਾ ਦੌਰਾ ਪੈ ਗਿਆ ਜਿਸ ਕਰ ਕੇ ਉਸ ਦਾ ਖੱਬਾ ਪਾਸਾ ਮਾਰਿਆ ਗਿਆ। ਉਸ ਦਾ ਬੇਟਾ ਪ੍ਰਿੰਸ ਵਿਕਟਰ ਦਲੀਪ ਸਿੰਘ ਇੰਗਲੈਂਡ ਤੋਂ ਉਸ ਨੂੰ ਦੋ ਵਾਰ ਮਿਲ ਆਇਆ ਸੀ। ਮਹਾਰਾਜਾ ਦਲੀਪ ਸਿੰਘ 22 ਅਕਤੂਬਰ 1893 ਨੂੰ ਪੈਰਿਸ ਦੇ ਗ੍ਰੈਂਡ ਹੋਟਲ ‘ਚ ਪਚਵੰਜਾ ਸਾਲ ਦੀ ਉਮਰ ‘ਚ ਦਮ ਤੋੜ ਗਿਆ। ਉਣੱਤੀ ਅਕਤੂਬਰ 1893 ਨੂੰ ਈਸਾਈ ਰਸਮਾਂ ਅਨੁਸਾਰ ਪੈਰਿਸ ਵਿਚ ਹੀ ਉਸ ਨੂੰ ਦਫ਼ਨਾ ਦਿੱਤਾ ਗਿਆ।

-ਸੰਪਰਕ ਨੰ. : 99141-84794

  • 295
  •  
  •  
  •  
  •