ਚੀਨੀ ਸੈਨਾ ਨੇ ਅਰੁਣਾਚਲ ਪ੍ਰਦੇਸ਼ ‘ਚੋਂ ਪੰਜ ਭਾਰਤੀਆਂ ਨੂੰ ਕੀਤਾ ਅਗਵਾ

ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਉੱਤੇ ਭਾਰਤ ਅਤੇ ਚੀਨ ਵਿਚਾਲੇ ਤਣਾਅ ਲਗਾਤਾਰ ਜਾਰੀ ਹੈ ਜਿਸ ਨੂੰ ਘਟਾਉਣ ਲਈ ਬੈਠਕਾਂ ਵੀ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਪਰ ਇਸੇ ਵਿਚਾਲੇ ਅਰੁਣਾਚਲ ਪ੍ਰਦੇਸ਼ ਦੇ ਇੱਕ ਕਾਂਗਰਸੀ ਵਿਧਾਇਕ ਨੀਨੋਂਗ ਏਰਿੰਗ ਨੇ ਦਾਅਵਾ ਕੀਤਾ ਹੈ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਸੁਬਾਸੀਰੀ ਜ਼ਿਲ੍ਹੇ ਦੇ ਪੰਜ ਲੋਕਾਂ ਨੂੰ ਅਗਵਾ ਕਰ ਲਿਆ ਹੈ। ਉਨ੍ਹਾਂ ਨੇ ਕੇਂਦਰ ਨੂੰ ਇਸ ਮਾਮਲੇ ਵਿਚ ਦਖਲ ਦੇਣ ਦੀ ਮੰਗ ਕੀਤੀ ਹੈ।

ਅਰੁਣਾਚਲ ਟਾਈਮਜ਼ ਦੀ ਰਿਪੋਰਟ ਅਨੁਸਾਰ ਟੈਗਿਨ ਭਾਈਚਾਰੇ ਨਾਲ ਸਬੰਧਤ ਪੰਜ ਲੋਕਾਂ ਨੂੰ ਨਾਚੋ ਨੇੜੇ ਜੰਗਲਾਂ ਤੋਂ ਅਗਵਾ ਕਰ ਲਿਆ ਗਿਆ ਜਦੋਂ ਉਹ ਸ਼ਿਕਾਰ ਕਰ ਰਹੇ ਸਨ। ਅਗਵਾ ਕੀਤੀ ਗਏ ਵਿਅਕਤੀਆਂ ਵਿਚੋਂ ਇਕ ਦੇ ਰਿਸ਼ਤੇਦਾਰ ਨੇ ਇਸ ਦੀ ਜਾਣਕਾਰੀ ਦਿੱਤੀ। ਜਿਨ੍ਹਾਂ ਪਿੰਡ ਵਾਸੀਆਂ ਨੂੰ ਕਥਿਤ ਤੌਰ ਉੱਤੇ ਅਗਵਾ ਕੀਤਾ ਗਿਆ ਸੀ ਉਨ੍ਹਾਂ ਵਿਚ ਟੋਚ ਸਿੰਗਮ, ਪ੍ਰਸਾਦ ਰਿੰਗਲਿੰਗ, ਡੋਂਗਟੂ ਇਬੀਆ, ਤਨੂ ਬੇਕਰ ਅਤੇ ਨਰਗੂ ਦੀਰੀ ਹਨ।

ਰਾਜਨਾਥ ਨਾਲ ਬੈਠਕ ਤੋਂ ਬਾਅਦ ਚੀਨ ਦਾ ਬਿਆਨ- ਅਸੀਂ ਇਕ ਇੰਚ ਵੀ ਜ਼ਮੀਨ ਨਹੀਂ ਛੱਡ ਸਕਦੇ

ਬੀਤੇ ਦਿਨ ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਚੀਨੀ ਰੱਖਿਆ ਮੰਤਰੀ ਵੇਈ ਫੇਂਗਹੀ ਦਰਮਿਆਨ ਰੂਸ ‘ਚ 2 ਘੰਟੇ 20 ਮਿੰਟ ਲੰਬੀ ਗੱਲਬਾਤ ਚੱਲੀ। ਇਸ ਬੈਠਕ ਦੇ ਸੰਬੰਧ ‘ਚ ਚੀਨ ਵਲੋਂ ਬਿਆਨ ਜਾਰੀ ਕੀਤਾ ਗਿਆ ਹੈ। ਚੀਨ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਚੀਨ-ਭਾਰਤ ਸਰਹੱਦ ‘ਤੇ ਮੌਜੂਦਾ ਤਣਾਅ ਦਾ ਕਾਰਨ ਸਪੱਸ਼ਟ ਹੈ ਅਤੇ ਇਸ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਭਾਰਤ ‘ਤੇ ਹੈ।

ਚੀਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਚੀਨ ਆਪਣੀ ਇਕ ਇੰਚ ਜ਼ਮੀਨ ਵੀ ਨਹੀਂ ਗੁਆ ਸਕਦਾ ਹੈ। ਚੀਨ ਦੀ ਹਥਿਆਰਬੰਦ ਫੋਰਸ ਆਪਣੀ ਰਾਸ਼ਟਰੀ ਸੰਪ੍ਰਭੂਤਾ ਅਤੇ ਖੇਤਰੀ ਅਖੰਡਤਾ ਲਈ ਰੱਖਿਆ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਨੇ ਕਿਹਾ ਕਿ ਚੀਨ ਨੂੰ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਣਾ ਚਾਹੀਦਾ, ਜਿਸ ਨਾਲ ਦੋਵੇਂ ਦੇਸ਼ਾਂ ਦੇ ਰਿਸ਼ਤੇ ਹੋਰ ਵਿਗੜਨ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਹਾਲਾਤ ਨੂੰ ਲੈ ਕੇ ਦੋਹਾਂ ਦੇਸ਼ਾਂ ਲਈ ਸਰਹੱਦ ‘ਤੇ ਸ਼ਾਂਤੀ ਅਤੇ ਸਹਿਜ ਮਾਹੌਲ ਦੀ ਲੋੜ ਹੈ। ਸਾਨੂੰ ਕੂਟਨੀਤਕ ਗੱਲਬਾਤ ਤੇ ਸੰਪਰਕ ਨਾਲ ਮਸਲੇ ਨੂੰ ਹੱਲ ਕਰਨਾ ਚਾਹੀਦਾ ਹੈ।

ਟਰੰਪ ਨੇ ਫਿਰ ਕੀਤੀ ਭਾਰਤ-ਚੀਨ ਸਰਹੱਦੀ ਵਿਵਾਦ ‘ਤੇ ਵਿਚੋਲਗੀ ਦੀ ਪੇਸ਼ਕਸ਼

ਇਸ ਤਣਾਅ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਤੇ ਚੀਨ ਵਿਚਕਾਰ ਇਸ ਸਮੇਂ ਹਾਲਾਤ ਬੇਹੱਦ ਗੰਭੀਰ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੀਮਾ ਵਿਵਾਦ ਵਿਚ ਦੋਹਾਂ ਦੇਸ਼ਾਂ ਦੀ ਮਦਦ ਦੀ ਵੀ ਪੇਸ਼ਕਸ਼ ਕੀਤੀ ਹੈ। ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਮਰੀਕਾ, ਪੱਛਮੀ ਹਿਮਾਲਿਆ ਦੀ ਪਰਬਤ ਸਰਹੱਦ ‘ਤੇ ਭਾਰਤ ਤੇ ਚੀਨ ਵਿਚਕਾਰ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਵਿਚ ਮਦਦ ਕਰਨ ਲਈ ਤਿਆਰ ਹੈ।

  • 189
  •  
  •  
  •  
  •