ਪੂਰਬੀ ਲਦਾਖ਼ ‘ਚ ਕੰਟਰੋਲ ਰੇਖਾ ਉੱਤੇ ਭਾਰਤ ਤੇ ਚੀਨ ਦੇ ਹਾਲਾਤ ਤਣਾਅਪੂਰਣ; ਮੀਟਿੰਗਾਂ ਲਗਾਤਾਰ ਬੇਸਿੱਟਾ

ਥਲ ਸੈਨਾ ਮੁਖੀ ਜਨਰਲ ਐੱਮ.ਐੱਮ.ਨਰਵਾਣੇ ਨੇ ਪੂਰਬੀ ਲਦਾਖ ਵਿੱਚ ਅਸਲ ਕੰਟਰੋਲ ਰੇਖਾ ’ਤੇ ਚੀਨ ਨਾਲ ਜਾਰੀ ਤਲਖੀ ਦਰਮਿਆਨ ਖੇਤਰ ਦੇ ਮੌਜੂਦਾ ਹਾਲਾਤ ’ਤੇ ਵਿਆਪਕ ਨਜ਼ਰਸਾਨੀ ਮਗਰੋਂ ਕਿਹਾ ਕਿ ਪੂਰਬੀ ਲੱਦਾਖ ਵਿੱਚ ਐੱਲਏਸੀ ’ਤੇ ਹਾਲਾਤ ‘ਤਣਾਅਪੂਰਣ’ ਹਨ।

ਇਸ ਤੋਂ ਪਹਿਲਾਂ ਆਪਣੀ ਦੋ-ਰੋਜ਼ਾ ਫੇਰੀ ਨੂੰ ਸਮੇਟਦਿਆਂ ਜਨਰਲ ਨਰਵਾਣੇ ਨੇ ਕਿਹਾ ਕਿ ਅਸੀਂ ਕੁੱਝ ਖੇਤਰਾਂ ਵਿੱਚ ਇਹਤਿਆਤ ਵਜੋਂ ਤਾਇਨਾਤੀ ਕੀਤੀ ਹੈ। ਫੌਜਾਂ ਕਿਸੇ ਵੀ ਸਥਿਤੀ ਦੇ ਟਾਕਰੇ ਲਈ ਤਿਆਰ ਹਨ।

ਚੇਤੇ ਰਹੇ ਕਿ ਇਸ ਤੋਂ ਪਹਿਲਾਂ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਨੇ ਲੰਘੇ ਦਿਨ ਪਾਕਿਸਤਾਨ ਤੇ ਚੀਨ ਦੇ ਹਵਾਲੇ ਨਾਲ ਇਕ ਬਿਆਨ ਵਿੱਚ ਕਿਹਾ ਸੀ ਕਿ ਭਾਰਤ ਦੋਵਾਂ ਫਰੰਟਾਂ ’ਤੇ ਕਿਸੇ ਵੀ ਸਥਿਤੀ ਦੇ ਟਾਕਰੇ ਲਈ ਤਿਆਰ ਹੈ।

ਪੂਰਬੀ ਲਦਾਖ ਵਿੱਚ ਵਧ ਰਹੇ ਤਣਾਅ ਦੇ ਦੌਰਾਨ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੱਲ੍ਹ ਸ਼ਾਮ ਆਪਣੇ ਚੀਨੀ ਹਮਰੁਤਬਾ ਵੇਈ ਫੇਂਗੇ ਨਾਲ ਰੂਸ ‘ਚ ਗੱਲਬਾਤ ਕੀਤੀ। ਇਹ ਮਈ ਦੇ ਸ਼ੁਰੂ ਵਿਚ ਪੂਰਬੀ ਲੱਦਾਖ ਵਿਚ ਸਰਹੱਦੀ ਵਿਵਾਦ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਪਹਿਲੀ ਉੱਚ ਪੱਧਰੀ ਬੈਠਕ ਸੀ। ਪਿਛਲੇ ਦਿਨੀਂ, ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਸ ਵਿਵਾਦ ਨੂੰ ਲੈ ਕੇ ਆਪਣੇ ਚੀਨੀ ਹਮਰੁਤਬਾ ਵੈਂਗ ਯੀ ਨਾਲ ਇੱਕ ਟੈਲੀਫੋਨ ਗੱਲਬਾਤ ਕੀਤੀ ਸੀ।

ਉਧਰ ਅਮਰੀਕੀ ਰੱਖਿਆ ਵਿਭਾਗ ਪੇਂਟਾਗਨ ਨੇ ਕਿਹਾ ਕਿ ਚੀਨ ਨੇ ਅਪਣੇ ਪ੍ਰਮਾਣੂ ਹਥਿਆਰਾਂ ਦੇ ਜ਼ਖ਼ੀਰੇ ਨੂੰ ਦੁੱਗਣਾ ਕਰਨ ਦਾ ਕੰਮ ਅਰੰਭ ਦਿਤਾ ਹੈ। ਇੰਨਾ ਹੀ ਨਹੀਂ, ਉਸ ਨੇ ਦੂਜੇ ਦੇਸ਼ਾਂ ਅੰਦਰ ਅਪਣੇ ਮਿਲਟਰੀ ਟਿਕਾਣੇ ਵਧਾਉਣ ਲਈ ਵੀ ਸਰਗਰਮੀ ਵਧਾ ਦਿਤੀ ਹੈ। ਪੇਂਟਾਗਨ ਦੀ ਇਹ ਰਿਪੋਰਟ ਅਜਿਹੇ ਸਮੇਂ ਆਈ ਹੈ ਜਦੋਂ ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਤਣਾਅ ਇਕ ਵਾਰ ਫਿਰ ਅਪਣੀ ਚਰਮ ਸੀਮਾ ‘ਤੇ ਪਹੁੰਚ ਗਿਆ ਹੈ। ਉਧਰ ਅਮਰੀਕਾ ਵੀ ਪਲ ਪਲ ਬਦਲ ਰਹੇ ਹਾਲਾਤਾਂ ‘ਤੇ ਨਜ਼ਰ ਰੱਖ ਰਿਹਾ ਹੈ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਮਰੀਕਾ, ਪੱਛਮੀ ਹਿਮਾਲਿਆ ਦੀ ਪਰਬਤ ਸਰਹੱਦ ‘ਤੇ ਭਾਰਤ ਤੇ ਚੀਨ ‘ਚ ਚੱਲ ਰਹੇ ਵਿਵਾਦ ਨੂੰ ਸੁਲਝਾਉਣ ‘ਚ ਮਦਦ ਕਰਨ ਲਈ ਤਿਆਰ ਹੈ। ਟਰੰਪ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਫਿਲਹਾਲ ਦੋਵੇਂ ਦੇਸ਼ਾਂ ਦੀ ਸਥਿਤੀ ਬਹੁਤ ਬੁਰੀ ਹੈ

ਭਾਰਤ ਤੇ ਚੀਨ ਵਿਚਾਲੇ ਮੌਜ਼ੂਦਾ ਵਿਵਾਦ ਕੀ ਹੈ?
ਮਈ ਦੇ ਪਹਿਲੇ ਹਫ਼ਤੇ ‘ਚ ਕੁੱਝ ਭਾਰਤੀ ਮੀਡੀਆ ਵੱਲੋਂ ਇਹ ਲਿਖਿਆ ਜਾ ਰਿਹਾ ਸੀ ਕਿ ਚੀਨੀ ਸੈਨਿਕ ਇੰਡੋ-ਚਾਈਨਾ ਲਾਈਨ ਆਫ ਐਕਚੁਅਲ ਕੰਟਰੋਲ (ਐਲ.ਏ.ਸੀ.) ਵਿਚ ਦਾਖਲ ਹੋ ਗਈਆਂ ਹਨ, ਜਿਨ੍ਹਾਂ ਨੂੰ ਭਾਰਤ ਆਪਣਾ ਹਿੱਸਾ ਦੱਸ ਰਿਹਾ ਹੈ।
ਭਾਰਤੀ ਲੀਡਰਸ਼ਿਪ ਇਨ੍ਹਾਂ ਮੀਡੀਆ ਰਿਪੋਰਟਾਂ ਨੂੰ ਰੱਦ ਕਰ ਰਹੀ ਸੀ, ਪਰ 15-16 ਜੂਨ ਨੂੰ ਗਲਵਾਨ ਘਾਟੀ ਵਿੱਚ ਐਲਏਸੀ ’ਤੇ ਹੋਏ ਹਿੰਸਕ ਝੜਪ ਨੇ ਸਾਰਿਆਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ।

ਇਸ ਹਿੰਸਕ ਝੜਪ ਵਿੱਚ, ਭਾਰਤੀ ਸੈਨਾ ਦੇ ਇੱਕ ਕਰਨਲ ਸਣੇ 20 ਜਵਾਨ ਮਾਰੇ ਗਏ। ਭਾਰਤ ਦੇ ਅਨੁਸਾਰ, ਇਸ ਵਿੱਚ ਕੁੱਝ ਚੀਨੀ ਸੈਨਿਕ ਵੀ ਮਾਰੇ ਗਏ ਸਨ, ਪਰ ਉਨ੍ਹਾਂ ਦੀ ਗਿਣਤੀ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ। ਉਸ ਝੜਪ ਵਿੱਚ ਚੀਨੀ ਸੈਨਿਕਾਂ ਦੇ ਮਾਰੇ ਜਾਣ ਬਾਰੇ ਵੀ ਚੀਨ ਨੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ।

ਇਸ ਹਿੰਸਕ ਝੜਪ ਤੋਂ ਪਹਿਲਾਂ ਅਤੇ ਬਾਅਦ ਵਿੱਚ ਸੈਨਿਕ ਪੱਧਰ ‘ਤੇ ਭਾਰਤ ਅਤੇ ਚੀਨ ਨਾਲ ਗੱਲਬਾਤ ਹੋ ਚੁੱਕੀ ਹੈ, ਪਰ ਇਹ ਵੀ ਸੱਚ ਹੈ ਕਿ ਸਰਹੱਦ’ ਤੇ ਤਣਾਅ ਹੈ।
ਹਾਲ ਹੀ ਵਿਚ ਇਕ ਖ਼ਬਰ ਮਿਲੀ ਸੀ ਕਿ 29-30 ਅਗਸਤ ਨੂੰ ਸਰਹੱਦ ‘ਤੇ ਝੜਪ ਹੋ ਗਈ ਸੀ, ਪਰ ਇਸ ਵਿਚ ਕਿਸੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ।
ਭਾਰਤ ਅਤੇ ਚੀਨ ਨੇ ਇੱਕ ਦੂਜੇ ਉੱਤੇ ਦੋਸ਼ ਲਾ ਰਹੇ ਹਨ।

  •  
  •  
  •  
  •  
  •