ਲਾਪਤਾ ਪਾਵਨ ਸਰੂਪ ਮਾਮਲੇ ‘ਚ ਸ਼੍ਰੋਮਣੀ ਕਮੇਟੀ ਦਾ ‘ਯੂ-ਟਰਨ’, ਦੋਸ਼ੀਆਂ ਖਿਲਾਫ਼ ਨਹੀਂ ਹੋਵੇਗੀ ਪੁਲਿਸ ਕਾਰਵਾਈ

ਸ਼੍ਰੋਮਣੀ ਕਮੇਟੀ ਨੇ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਦੀ ਕੀਤੀ ਗਈ ਜਾਂਚ ਦੀ ਰਿਪੋਰਟ ਦਾ ਕੁੱਝ ਹਿੱਸਾ ਜਨਤਕ ਕਰ ਦਿੱਤਾ ਹੈ ਤੇ ਇਹ ਸਿੱਖ ਸੰਸਥਾ ਦੀ ਵੈੱਬਸਾਈਟ ’ਤੇ ਉਪਲਬੱਧ ਹੈ। ਇਸ ਮਾਮਲੇ ਵਿਚ ਦੋਸ਼ੀ ਪਾਏ ਗਏ ਕਰਮਚਾਰੀਆਂ ਅਤੇ ਅਧਿਕਾਰੀਆਂ ਖਿਲਾਫ਼ ਪੁਲਿਸ ਕੇਸ ਦਰਜ ਕਰਾਉਣ ਦੀ ਥਾਂ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਗੁਰਦੁਆਰਾ ਐਕਟ ਮੁਤਾਬਕ ਪੰਥਕ ਮਰਿਆਦਾ ਅਤੇ ਰਵਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਅਹੁਦੇਦਾਰ ਅਤੇ ਅੰਤ੍ਰਿੰਗ ਕਮੇਟੀ ਦੇ ਮੈਂਬਰ ਵੀ 18 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਖਿਮਾ ਯਾਚਨਾ ਕਰਨਗੇ।

ਇਹ ਫੈਸਲਾ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋਈ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਲਿਆ ਗਿਆ। ਭਾਈ ਲੌਂਗੋਵਾਲ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਨੇ ਫ਼ੈਸਲਾ ਲਿਆ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਕੰਮਕਾਜ ਵਿਚ ਕਿਸੇ ਨੂੰ ਦਖ਼ਲ ਦੇਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਹੈ। ‘ਸਿੱਖ ਸੰਸਥਾ ਦੀ ਆਪਣੀ ਆਜ਼ਾਦ ਹਸਤੀ ਹੈ ਅਤੇ ਉਹ ਫ਼ੈਸਲੇ ਲੈਣ ਦੇ ਸਮਰੱਥ ਹੈ।’

ਜ਼ਿਕਰਯੋਗ ਹੈ ਕਿ ਪਿਛਲੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਇਸ ਮਾਮਲੇ ਵਿਚ ਦੋਸ਼ੀ ਪਾਏ ਗਏ ਪੰਜ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ ਸਨ ਅਤੇ ਪੰਜ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਮੌਕੇ ਸ਼੍ਰੋਮਣੀ ਕਮੇਟੀ ਨੇ ਦੋਸ਼ੀ ਕਰਮਚਾਰੀਆਂ ਖਿਲਾਫ਼ ਫ਼ੌਜਦਾਰੀ ਕੇਸ ਕਰਨ ਦਾ ਵੀ ਐਲਾਨ ਕੀਤਾ ਸੀ ਅਤੇ ਚਾਰ ਵਕੀਲਾਂ ਦਾ ਪੈਨਲ ਵੀ ਬਣਾਇਆ ਗਿਆ ਸੀ।

ਭਾਈ ਲੌਂਗੋਵਾਲ ਨੇ ਇਸ ਬਾਰੇ ਸਪੱਸ਼ਟ ਕੀਤਾ ਕਿ ਹੁਣ ਇਹ ਮਾਮਲਾ ਪੁਲਿਸ ਕੋਲ ਦੇਣ ਦੀ ਥਾਂ ’ਤੇ ਸ਼੍ਰੋਮਣੀ ਕਮੇਟੀ ਕੁਝ ਸਖ਼ਤ ਕਾਰਵਾਈ ਕਰੇਗੀ ਤਾਂ ਜੋ ਭਵਿੱਖ ਵਿਚ ਕੋਈ ਅਜਿਹੀ ਹਿੰਮਤ ਨਾ ਕਰ ਸਕੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਰਿਕਾਰਡ ਵਿਚੋਂ ਘਟੇ ਪਾਵਨ ਸਰੂਪ ਨਾ ਤਾਂ ਗਾਇਬ ਹੋਏ ਹਨ ਅਤੇ ਨਾ ਹੀ ਕੋਈ ਬੇਅਦਬੀ ਹੋਈ ਹੈ। ਉਨ੍ਹਾਂ ਕਿਹਾ ਕਿ ਸਬੰਧਤ ਕਰਮਚਾਰੀਆਂ ਵੱਲੋਂ ਇਹ ਪਾਵਨ ਸਰੂਪ ਸੰਗਤ ਨੂੰ ਹੀ ਦਿੱਤੇ ਗਏ ਹਨ ਪਰ ਲਾਲਚ ਵੱਸ ਇਸ ਦੀ ਨਾ ਭੇਟਾ ਜਮ੍ਹਾਂ ਕਰਾਈ ਗਈ ਅਤੇ ਨਾ ਹੀ ਇਸ ਨੂੰ ਰਿਕਾਰਡ ਵਿਚ ਦਰਜ ਕੀਤਾ ਗਿਆ ਹੈ।

ਦੂਜੇ ਪਾਸੇ ਸਿੱਖ ਜਥੇਬੰਦੀਆਂ ਦਾ ਦੋਸ਼ ਹੈ ਕਿ ਗੋਬਿੰਦ ਸਿੰਘ ਲੌਂਗੋਵਾਲ ਆਪਣੇ ਸਮੇਤ, ਸਮੁੱਚੀ ਅੰਤਰਿਮ ਕਮੇਟੀ ਜੋ ਕਿ ਇਨ੍ਹਾਂ ਮਾਮਲਿਆਂ ਵਿਚ ਅਸਲ ਵਿਚ ਦੋਸ਼ੀ ਹੈ ਸਭ ਨੂੰ ਬਚਾਉਣਾ ਚਾਹੁੰਦੇ ਹਨ ਆਪਣੇ ਹੀ ਕੁਝ ਦਿਨ ਪਹਿਲਾਂ ਕੀਤੇ ਐਲਾਨਾਂ ਤੋਂ ਮੁੱਕਰ ਕੇ ਅਕਾਲ ਤਖ਼ਤ ਸਾਹਿਬ ਦੇ ਕੀਤੇ ਹੋਏ ਹੁਕਮਾਂ ਦੀ ਉਲੰਘਣਾ ਕੀਤੀ ਹੈ।

ਸਿੱਖ ਸੰਸਥਾਵਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਡਰ ਹੈ ਕਿ ਮਾਮਲਾ ਪੁਲਿਸ ਕੋਲ ਜਾਣ ਨਾਲ ਕਈ ਕੜੀਆਂ ਸਾਹਮਣੇ ਆ ਜਾਣਗੀਆਂ। ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਮਾਮਲਾ ਪੁਲਸ ਕੋਲ ਜਾਣ ਨਾਲ ਕਈ ਵੱਡੀਆਂ ਹਸਤੀਆਂ ਦੇ ਨਾਂ ਸਾਹਮਣੇ ਆ ਸਕਦੇ ਸਨ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਅਸਤੀਫੇ ਲਈ ਵੀ ਦਬਾਅ ਵਧਦਾ ਜਾ ਰਿਹਾ ਸੀ। 

  • 160
  •  
  •  
  •  
  •