ਭਾਰਤੀ ਫੌਜੀਆਂ ਨੇ ਗ਼ੈਰ-ਕਾਨੂੰਨੀ ਢੰਗ ਨਾਲ ਐੱਲਏਸੀ ਪਾਰ ਕਰਕੇ ਕੀਤੀ ਗੋਲੀਬਾਰੀ: ਚੀਨ

ਐੱਲ. ਏ. ਸੀ. ‘ਤੇ ਭਾਰਤੀ ਫੌਜੀਆਂ ‘ਤੇ ਗੋਲੀਬਾਰੀ ਦਾ ਦੋਸ਼ ਲਗਾਉਣ ਤੋਂ ਬਾਅਦ ਚੀਨੀ ਵਿਦੇਸ਼ ਮੰਤਰਾਲੇ ਨੇ ਵੀ ਇਸ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਹੈ। ਆਪਣੇ ਬਿਆਨ ‘ਚ ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ 7 ਸਤੰਬਰ ਨੂੰ ਭਾਰਤੀ ਜਵਾਨਾਂ ਨੇ ਗ਼ੈਰ-ਕਾਨੂੰਨੀ ਢੰਗ ਨਾਲ ਪੈਂਗੋਂਗ ਝੀਲ ਦੇ ਦੱਖਣੀ ਤੱਟ ਤੋਂ ਐੱਲ. ਏ. ਸੀ. ਨੂੰ ਪਾਰ ਕੀਤਾ ਅਤੇ ਸਰਹੱਦ ‘ਤੇ ਗਸ਼ਤ ਕਰ ਰਹੇ ਸਾਡੇ ਫੌਜੀਆਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਸਾਡੇ ਫੌਜੀਆਂ ਨੇ ਵੀ ਹਾਲਾਤ ਨੂੰ ਸੰਭਾਲਣ ਲਈ ਕਦਮ ਚੁੱਕੇ।

ਦੂਜੇ ਪਾਸੇ ਭਾਰਤੀ ਫੌਜ ਨੇ ਕਿਹਾ ਹੈ ਕਿ ਚੀਨ ਲੱਦਾਖ ਵਿੱਚ ਸਰਹੱਦੀ ਸਥਿਤੀ ਨੂੰ ਤਣਾਅਪੂਰਨ ਬਣਾਉਣ ਲਈ ਲਗਾਤਾਰ ਉਕਸਾਊ ਕਰਵਾਈਆਂ ਕਰ ਰਿਹਾ ਹੈ। ਭਾਰਤੀ ਫੌਜ ਨੇ ਕਦੇ ਵੀ ਐੱਲਏਸੀ ਨੂੰ ਪਾਰ ਨਹੀਂ ਕੀਤਾ ਤੇ ਗੋਲੀਬਾਰੀ ਸਣੇ ਕਿਸੇ ਹਮਲਾਵਰ ਰੁਖ਼ ਨੂੰ ਨਹੀਂ ਅਪਣਾਇਆ ਸਗੋਂ ਪੀਐੱਲਏ ਦੇ ਫੌਜੀਆਂ ਨੇ ਭਾਰਤੀ ਫੌਜੀਆਂ ਨੂੰ ਡਰਾਉਣ ਲਈ ਹਵਾ ਵਿੱਚ ਕੁੱਝ ਗੋਲੀਆਂ ਚਲਾਈਆਂ।

ਭਾਰਤੀ ਫੌਜ ਮੁਤਾਬਕ ਚੀਨ ਦੇ ਉਕਸਾਉਣ ਦੇ ਬਾਵਜੂਦ ਭਾਰਤੀ ਫੌਜ ਬੜੇ ਸਬਰ ਤੋਂ ਕੰਮ ਲੈ ਰਹੀ ਹੈ ਤੇ ਪੂਰੀ ਤਰ੍ਹਾਂ ਜ਼ਿੰਮੇਵਾਰੀ ਵਾਲਾ ਰਵੱਈਆਂ ਅਪਣਾ ਰਹੀ ਹੈ। ਇਸ ਦੇ ਨਾਲ ਹੀ ਕਿਹਾ ਕਿ ਚੀਨੀ ਦੀ ਪੀਐੱਲਏ ਸਮਝੌਤਿਆਂ ਦੀ ਸਾਫ਼ ਤੌਰ ’ਤੇ ਉਲੰਘਣਾ ਕਰ ਰਹੀ ਹੈ ਤੇ ਹਮਲਾਵਰ ਰੁਖ਼ ਅਪਣਾ ਰਹੀ ਹੈ। ਸੋਮਵਾਰ ਨੂੰ ਪੀਐੱਲਏ ਨੇ ਐੱਲਏਸੀ ਕੋਲ ਭਾਰਤੀ ਫੌਜ ਦੀ ਮੂਹਰਲੀ ਚੌਕੀ ਦੇ ਕੋਲ ਆਉਣ ਦੀ ਕੋਸ਼ਿਸ਼ ਕੀਤੀ।

  • 181
  •  
  •  
  •  
  •