ਯੂਨੀਸੈੱਫ ਨੇ ਲਈ ਕੋਰੋਨਾ ਵੈਕਸੀਨ ਦੀ ਖ਼ਰੀਦ ਤੇ ਸਪਲਾਈ ਮੁਹਿੰਮ ਦੀ ਜ਼ਿੰਮੇਵਾਰੀ

ਸੰਯੁਕਤ ਰਾਸ਼ਟਰ ਦੀ ਸੰਸਥਾ ‘ਯੂਨੀਸੈੱਫ’ ਨੇ ਐਲਾਨ ਕੀਤਾ ਹੈ ਕਿ ਇਹ ਕਰੋਨਾਵਾਇਰਸ ਦੇ ਟੀਕੇ ਦੀ ਖ਼ਰੀਦ ਅਤੇ ਸਪਲਾਈ ਦੀ ਅਗਵਾਈ ਕਰੇਗੀ ਤਾਂ ਕਿ ਟੀਕਾ ਬਣਨ ’ਤੇ ਸ਼ੁਰੂਆਤੀ ਦੌਰ ਵਿਚ ਸਾਰੇ ਮੁਲਕਾਂ ਨੂੰ ਇਹ ਸੁਰੱਖਿਅਤ, ਜਲਦੀ ਅਤੇ ਬਰਾਬਰ ਮੁਹੱਈਆ ਕਰਵਾਇਆ ਜਾ ਸਕੇ। ਇਹ ਆਪਣੀ ਤਰ੍ਹਾਂ ਦੀ ਸੰਸਾਰ ਦੀ ਹੁਣ ਤੱਕ ਸਭ ਤੋਂ ਤੇਜ਼ ਅਤੇ ਵੱਡੀ ਮੁਹਿੰਮ ਸਾਬਿਤ ਹੋ ਸਕਦੀ ਹੈ।

ਯੂਨੀਸੈਫ ਦੁਨੀਆ ਦਾ ਸਭ ਤੋਂ ਵੱਡਾ ਟੀਕਾ ਖਰੀਦਦਾਰ ਹੈ, ਜੋ ਸਾਲਾਨਾ ਟੀਕਾਕਰਨ ਅਤੇ ਲਾਗ ਨੂੰ ਰੋਕਣ ਲਈ 100 ਦੇਸ਼ਾਂ ਲਈ ਸਾਲਾਨਾ ਦੋ ਅਰਬ ਤੋਂ ਵੱਧ ਟੀਕੇ ਦੀ ਖਰੀਦ ਕਰਦਾ ਹੈ। ਇਸ ਲਈ ਏਜੰਸੀ ‘ਪੈਨ ਅਮੈਰੀਕਨ ਹੈਲਥ ਆਰਗੇਨਾਈਜ਼ੇਸ਼ਨ’ ਫੰਡ ਨਾਲ ਮਿਲ ਕੇ ਕੋਵਿਡ-19 ਦੇ ਟੀਕੇ ਦੀ ਖ਼ਰੀਦ ਤੇ ਸਪਲਾਈ ਦੀ ਅਗਵਾਈ ਕਰਨ ਲਈ ਯਤਨ ਕਰੇਗੀ। ਇਹ ਯਤਨ ‘ਕੋਵੈਕਸ’ ਆਲਮੀ ਟੀਕਾਕਰਨ ਸਹੂਲਤ ਦੇ ਲਈ ਹੋਣਗੇ ਜੋ ਕਿ 92 ਘੱਟ ਆਮਦਨ ਤੇ ਦਰਮਿਆਨੀ ਆਮਦਨ ਵਾਲੇ ਮੁਲਕਾਂ ਲਈ ਟੀਕੇ ਦੀ ਖ਼ਰੀਦ ਤੇ ਸਪਲਾਈ ਯਕੀਨੀ ਬਣਾਏਗਾ। ‘ਯੂਨੀਸੈੱਫ’ 80 ਉੱਚੀ ਆਮਦਨ ਵਾਲੇ ਮੁਲਕਾਂ ਲਈ ਵੀ ਖ਼ਰੀਦ ਕੋਆਰਡੀਨੇਟਰ ਵਜੋਂ ਕੰਮ ਕਰੇਗਾ।

ਟੀਕਾ ਖਰੀਦਣ ਅਤੇ ਵੰਡਣ ਦੇ ਯਤਨਾਂ ਵਿਚ 170 ਤੋਂ ਵੱਧ ਦੇਸ਼ ਸ਼ਾਮਲ ਹਨ ਅਤੇ ਇਹ ਦੁਨੀਆ ਦੀ ਆਪਣੀ ਕਿਸਮ ਦੀ ਸਭ ਤੋਂ ਵੱਡੀ ਅਤੇ ਤੇਜ਼ ਮੁਹਿੰਮ ਹੋ ਸਕਦੀ ਹੈ। ਇਸ ਤੋਂ ਇਲਾਵਾ ਡਬਲਿਊਐਚਓ, ਵਿਸ਼ਵ ਬੈਂਕ, ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਜਿਹੇ ਸੰਗਠਨ ਵੀ ਮਦਦ ਕਰਨਗੇ। ਯੂਨੀਸੈੱਫ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਮੁਲਕ ਇਸ ਤੋਂ ਵਾਂਝਾ ਨਾ ਰਹੇ।

  • 73
  •  
  •  
  •  
  •