ਕਸ਼ਮੀਰੀ ਖਾੜਕੂ ਦੀ ਯਾਦ ‘ਚ ਕ੍ਰਿਕਟ ਖੇਡਣ ਲਈ 10 ਨੌਜਵਾਨਾਂ ਉੱਤੇ ਯੂਏਪੀਏ ਤਹਿਤ ਮਾਮਲਾ ਦਰਜ

ਸ੍ਰੀਨਗਰ- ਜੰਮੂ-ਕਸ਼ਮੀਰ ਪੁਲਿਸ ਨੇ ਸ਼ੋਪੀਆਂ ਜ਼ਿਲ੍ਹੇ ਵਿਚ ਇੱਕ ਮਾਰੇ ਗਏ ਕਸ਼ਮੀਰੀ ਖਾੜਕੂ ਦੀ ਯਾਦ ਵਿਚ ਕਰਾਏ ਕ੍ਰਿਕਟ ਟੂਰਨਾਮੈਂਟ ਵਿਚ ਕਥਿਤ ਤੌਰ ਤੇ ਹਿੱਸਾ ਲੈਣ ਦੇ ਦੋਸ਼ ਵਿਚ 10 ਨੌਜਵਾਨਾਂ ਨੂੰ ਗ਼ੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ) ਤਹਿਤ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।

ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ 10 ਨੌਜਵਾਨਾਂ ਵਿਚ ਨੌਂ ਸਥਾਨਕ ਕ੍ਰਿਕਟਰ ਅਤੇ ਇੱਕ 2019 ਵਿਚ ਮਾਰੇ ਗਏ ਖਾੜਕੂ ਕਮਾਂਡਰ ਦਾ ਭਰਾ ਸ਼ਾਮਲ ਹੈ, ਜੋ ਸ਼ੋਪੀਆਂ ਵਿਚ ਹੋਏ ਕ੍ਰਿਕਟ ਮੈਚ ਦਾ ਪ੍ਰਬੰਧਕ ਸੀ।
ਮਿਲੀ ਜਾਣਕਾਰੀ ਅਨੁਸਾਰ 4 ਅਗਸਤ ਨੂੰ ਨਾਜ਼ਨੀਨਪੋਰਾ ਦੇ ਆਸ-ਪਾਸ ਦੇ ਇਲਾਕਿਆਂ ਨਾਲ ਸਬੰਧਤ ਨੌਜਵਾਨਾਂ ਨੇ ਕ੍ਰਿਕਟ ਮੈਚ ਕਰਵਾਇਆ ਸੀ। ਉਨ੍ਹਾਂ ਵਿਚੋਂ ਇਕ ਮਾਰੇ ਗਏ ਕਸ਼ਮੀਰੀ ਖਾੜਕੂ ਕਮਾਂਡਰ, ਸਯਦ ਰੁਬਾਨ ਦਾ 24 ਸਾਲਾ ਭਰਾ ਸਯਦ ਤਾਜਮੂਲ ਵੀ ਸੀ।

ਤਾਜਮੂਲ ਅਤੇ ਰੁਬਾਨ ਦੇ ਪਿਤਾ ਮੁਹੰਮਦ ਹੁਸੈਨ ਨੇ ਦੱਸਿਆ ਕਿ ਉਸਦੇ ਬੇਟੇ ਨੇ ਆਪਣੇ ਭਰਾ ਦੀ ਯਾਦ ਵਿਚ ਖਿਡਾਰੀਆਂ ਵਿਚ ਕ੍ਰਿਕਟ ਵਰਦੀਆਂ ਵੰਡਣ ਦਾ ਫੈਸਲਾ ਕੀਤਾ ਸੀ ਕਿਉਂਕਿ ਉਸਦੇ ਮਾਰੇ ਗਏ ਭਰਾ ਦੀ ਕ੍ਰਿਕਟ ਪਸੰਦੀਦਾ ਖੇਡ ਸੀ। ਵਰਦੀਆਂ ਦੇ ਪਿਛਲੇ ਪਾਸੇ ਰੁਬਾਨ ਦਾ ਨਾਮ ਸੀ। ਰੁਬਾਨ ਨਜ਼ਨੀਨਪੋਰਾ ਪਿੰਡ ਵਿਚ ਨਾਮਵਰ ਕ੍ਰਿਕਟਰ ਰਿਹਾ ਚੁੱਕਾ ਸੀ। ਬਾਅਦ ਵਿਚ ਉਹ ਜੁਲਾਈ 2018 ਵਿਚ ਅਲ ਬਦਰ ਨਾਮ ਦੇ ਸੰਗਠਨ ਵਿਚ ਸ਼ਾਮਲ ਹੋਇਆ ਸੀ, ਅਤੇ ਛੇ ਮਹੀਨੇ ਬਾਅਦ ਬਡਗਾਮ ਵਿਚ ਇਕ ਗੋਲੀਬਾਰੀ ਦੌਰਾਨ ਮਾਰਿਆ ਗਿਆ ਸੀ।

ਤਾਜਮੂਲ ਨੇ ਮੈਚ ਤੋਂ ਕਈ ਦਿਨਾਂ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਅਪਲੋਡ ਕੀਤੀ ਸੀ, ਜਿਸ ਵਿੱਚ ਉਸਨੇ ਦੱਸਿਆ ਸੀ ਕਿ ਉਸਨੇ ਕ੍ਰਿਕਟ ਦੀਆਂ ਵਰਦੀਆਂ ਵੰਡੀਆਂ ਸਨ ਕਿਉਂਕਿ ਕ੍ਰਿਕਟ ਉਸਦੇ ਭਰਾ ਦੀ ਮਨਪਸੰਦ ਖੇਡ ਸੀ, “ਉਹ ਇੱਕ ਪ੍ਰਤਿਭਾਸ਼ਾਲੀ ਕ੍ਰਿਕਟਰ ਸੀ, ਉਸਦੇ ਖੇਡ ਪ੍ਰਤੀ ਪਿਆਰ ਲਈ ਸਾਰੇ ਦੋਸਤ ਉਸਦੀ ਪ੍ਰਸ਼ੰਸਾ ਕਰਦੇ ਸਨ”
ਤਾਜਮੂਲ ਨੇ ਇਹ ਵੀ ਕਿਹਾ ਸੀ ਕਿ ਉਹ ਇਹ ਵਰਦੀਆਂ ਨੂੰ ਪਿੰਜੁਰਾ, ਸ਼ੋਪੀਆਂ, ਕਾਕਾਪੋਰਾ ਪੁਲਵਾਮਾ ਅਤੇ ਹੋਰ ਪਿੰਡਾਂ ਵਿਚ ਵੰਡੇਗਾ ਤਾਂ ਜੋ ਇਨ੍ਹਾਂ ਖੇਤਰਾਂ ਵਿਚ ਨੌਜਵਾਨ ਖੇਡਾਂ ਨਾਲ ਜੁੜਨ।

ਪਰ ਇਸ ਘਟਨਾ ਦੇ ਤਕਰੀਬਨ 28 ਦਿਨ ਬਾਅਦ ਪੁਲਿਸ ਨੇ 10 ਨੌਜਵਾਨਾਂ ਨੂੰ ਯੂਏਪੀਏ ਤਹਿਤ ਕੇਸ ਦਰਜ ਕਰਕੇ ਹਿਰਾਸਤ ਵਿਚ ਲੈ ਲਿਆ ਹੈ। ਇਹ ਕਾਨੂੰਨ ਵਿਅਕਤੀ ਨੂੰ ਅੱਤਵਾਦੀ ਸਿੱਧ ਕਰਦਾ ਹੈ ਤੇ ਇਸ ਵਿਚ ਘੱਟੋ-ਘੱਟ ਸੱਤ ਸਾਲ ਦੀ ਸਜ਼ਾ ਹੈ।

  • 76
  •  
  •  
  •  
  •