ਭਾਰਤ-ਚੀਨ ਸਰਹੱਦੀ ਤਣਾਅ ਨੂੰ ਘੱਟ ਕਰਨ ਲਈ ਦੋਵਾਂ ਦੇਸ਼ਾਂ ਵਿਚਾਲੇ ਪੰਜ ਨੁਕਤਿਆਂ ‘ਤੇ ਬਣੀ ਸਹਿਮਤੀ
ਲੱਦਾਖ ਵਿੱਚ ਭਾਰਤ-ਚੀਨ ਲਾਈਨ ਆਫ ਐਕਚੁਅਲ ਕੰਟਰੋਲ (ਐਲਏਸੀ) ‘ਤੇ ਜਾਰੀ ਤਣਾਅ ਨੂੰ ਘੱਟ ਕਰਨ ਲਈ ਦੋਵਾਂ ਦੇਸਾਂ ਵਿੱਚ ਪੰਜ ਨੁਕਤਿਆਂ ‘ਤੇ ਸਹਿਮਤੀ ਬਣ ਗਈ ਹੈ। ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਵਿਚਾਲੇ ਵੀਰਵਾਰ ਨੂੰ ਮੌਸਕੋ ਵਿੱਚ ਹੋਈ ਮੁਲਾਕਾਤ ਵਿੱਚ ਇਹ ਫ਼ੈਸਲਾ ਲਿਆ ਗਿਆ।

ਸਮਾਚਾਰ ਏਜੰਸੀ ਏਐਨਆਈ ਮੁਤਾਬਕ ਭਾਰਤੀ ਵਿਦੇਸ਼ ਮੰਤਰੀ ਨੇ ਇਹ ਸਪੱਸ਼ਟ ਕੀਤਾ ਕਿ ਭਾਰਤ ਐਲਏਸੀ ‘ਤੇ ਜਾਰੀ ਤਣਾਅ ਨੂੰ ਹੋਰ ਨਹੀਂ ਵਧਾਉਣਾ ਚਾਹੁੰਦਾ ਹੈ ਅਤੇ ਚੀਨ ਦੇ ਪ੍ਰਤੀ ਭਾਰਤ ਦੀ ਨੀਤੀ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਭਾਰਤ ਦਾ ਇਹ ਵੀ ਮੰਨਣਾ ਹੈ ਕਿ ਭਾਰਤ ਦੇ ਪ੍ਰਤੀ ਚੀਨ ਦੀ ਨੀਤੀ ਵਿੱਚ ਵੀ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਹੋਇਆ ਹੈ।

ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਦੋ ਗੁਆਂਢੀ ਦੇਸ ਹੋਣ ਦੇ ਨਾਤੇ ਇਹ ਬਹੁਤ ਸੁਭਾਵਿਕ ਹੈ ਕਿ ਚੀਨ ਅਤੇ ਭਾਰਤ ਵਿੱਚ ਕੁੱਝ ਮੁੱਦਿਆਂ ‘ਤੇ ਅਸਹਿਮਤੀ ਹੈ, ਪਰ ਅਹਿਮ ਗੱਲ ਇਹ ਹੈ ਕਿ ਉਨ੍ਹਾਂ ਅਸਹਿਮਤੀਆਂ ਨੂੰ ਸਹੀ ਨਜ਼ਰੀਏ ਨਾਲ ਦੇਖਿਆ ਜਾਵੇ।
ਇਨ੍ਹਾਂ ਪੰਜ ਨੁਕਤਿਆਂ ‘ਤੇ ਬਣੀ ਸਹਿਮਤੀ
- ਦੋਵੇਂ ਧਿਰਾਂ ਭਾਰਤ-ਚੀਨ ਦੇ ਰਿਸ਼ਤਿਆਂ ਨੂੰ ਵਿਕਸਿਤ ਕਰਨ ਅਤੇ ਵਖਰੇਵਿਆਂ ਨੂੰ ਫਸਾਦ ਬਣਨ ਤੋਂ ਰੋਕਣ ਲਈ ਆਗੂਆਂ ਵਿੱਚ ਬਣੀਆਂ ਸਹਿਮਤੀਆਂ ਤੋਂ ਅਗਵਾਈ ਲੈਣਗੀਆਂ।
- ਸਰਹੱਦ ਉੱਪਰ ਮੌਜੂਦਾ ਸਥਿਤੀ ਕਿਸੇ ਦੇ ਹਿੱਤ ਵਿੱਚ ਨਹੀਂ ਹੈ।
- ਦੋਵਾਂ ਪਾਸਿਆਂ ਦੇ ਦਸਤਿਆਂ ਨੂੰ ਗੱਲਬਾਤ ਜਾਰੀ ਰੱਖਣੀ ਚਾਹੀਦੀ ਹੈ, ਡਿਸਇੰਗੇਜ ਹੋਣਾ ਚਾਹੀਦਾ ਹੈ ਤੇ ਢੁੱਕਵੀਂ ਦੂਰੀ ਬਣਾ ਕੇ ਤਣਾਅ ਘਟਾਉਣਾ ਚਾਹੀਦਾ ਹੈ।
- ਦੋਵੇਂ ਪੱਖ ਸਰਹੱਦ ਬਾਰੇ ਮੌਜੂਦਾ ਸਮਝੌਤਿਆਂ ਦੀ ਪਾਲਣਾ ਕਰਨਗੇ।
- ਸਥਿਤੀ ਸੁਧਰਦਿਆਂ ਹੀ ਭਰੋਸਾ ਉਸਾਰੂ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ।
61