ਸੁਮੇਧ ਸੈਣੀ ਨੂੰ ਫੜਾਉਣ ਵਾਲੇ ਨੂੰ ਇੱਕ ਲੱਖ ਰੁਪਏ ਇਨਾਮ ਦੇਣ ਦਾ ਐਲਾਨ

ਫ਼ਿਰੋਜ਼ਪੁਰ- ਮੁਹਾਲੀ ਦੇ ਵਸਨੀਕ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੂਬੇ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਹੋਣ ਤੋਂ ਬਾਅਦ ਸੈਣੀ ਲਗਾਤਾਰ ਗ੍ਰਿਫ਼ਤਾਰੀ ਤੋਂ ਬਚ ਰਿਹਾ ਹੈ। ਸੁਮੇਧ ਸੈਣੀ ਦੇ ਵੱਖ-ਵੱਖ ਟਿਕਾਣਿਆਂ ‘ਤੇ ਛਾਪੇਮਾਰੀ ਜਾਰੀ ਹੈ, ਪਰ ਉਹ ਹਾਲੇ ਤੱਕ ਫਰਾਰ ਹੈ।

ਅੱਜ ਯੂਥ ਅਕਾਲੀ ਦਲ ਅੰਮ੍ਰਿਤਸਰ ਨੇ ਸੁਮੇਧ ਸੈਣੀ ਨੂੰ ਭਗੌੜਾ ‘ਕਿੱਲਰ ਐਕਸ ਕਾਪ ਵਾਂਟੇਡ’ ਐਲਾਨਣ ਸੰਬੰਧੀ ਪੋਸਟਰ ਜਾਰੀ ਕਰਦਿਆਂ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਤੇਜਿੰਦਰ ਸਿੰਘ ਦਿਓਲ ਅਤੇ ਜਤਿੰਦਰ ਸਿੰਘ ਥਿੰਦ ਜਰਨਲ ਸਕੱਤਰ ਪੰਜਾਬ ਯੂਥ ਅਕਾਲੀ ਦਲ ਅੰਮ੍ਰਿਤਸਰ ਨੇ ਕਿਹਾ ਕਿ ਜਿਹੜਾ ਵੀ ਸੁਮੇਧ ਸੈਣੀ ਨੂੰ ਫੜਵਾਏਗਾ, ਉਸ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰਨ ਸਮੇਂ ਇੱਕ ਲੱਖ ਰੁਪਏ ਦਾ ਵਿਸ਼ੇਸ਼ ਇਨਾਮ ਵੀ ਦਿੱਤਾ ਜਾਵੇਗਾ।

ਦੂਸਰੇ ਪਾਸੇ ਹੁਣ ਇਸ ਮਾਮਲੇ ‘ਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਸਮੇਤ ਆਈ.ਜੀ ਪਰਮਰਾਜ ਉਮਰਾਨੰਗਲ ਵੀ ਮੁਲਜ਼ਮ ਨਾਮਜ਼ਦ ਹੋ ਗਿਆ ਹੈ। ਇਸ ਮਾਮਲੇ ‘ਚ ਵਾਅਦਾਗਵਾਹ ਬਣੇ ਇੰਸਪੈਕਟਰ ਪ੍ਰਦੀਪ ਸਿੰਘ ਦੇ ਵਕੀਲ ਜਤਿੰਦਰ ਪਾਲ ਸਿੰਘ ਖੋਸਾ ਨੇ ਕਿਹਾ ਕਿ ਬਹਿਸ ਦੇ ਦੌਰਾਨ ਅਦਾਲਤ ਨੇ ਪੁੱਛਿਆ ਸੀ ਕਿ ਕੇਸ ਵਿੱਚ ਕੌਣ-ਕੌਣ ਮੁਲਜ਼ਮ ਹਨ ਤਾਂ ਐੱਸ.ਆਈ.ਟੀ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੱਤੀ ਸੀ ਕਿ ਮਾਮਲੇ ‘ਚ ਸੁਮੇਧ ਸਿੰਘ ਸੈਣੀ ਅਤੇ ਉਮਰਾਨੰਗਲ ਵੀ ਮੁਲਜ਼ਮ ਹਨ। ਹਾਲਾਂਕਿ ਉਹਨਾਂ ਦੀ ਭੂਮਿਕਾ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ।

  • 1.9K
  •  
  •  
  •  
  •