ਪੰਜਾਬ ਸਰਕਾਰ ਦਿੱਲੀ ਸਮੇਤ ਕਿਸੇ ਵੀ ਸੂਬੇ ਦੀ ਮਦਦ ਕਰਨ ਲਈ ਤਿਆਰ- ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਹਾ ਕਿ ਕਾਂਗਰਸ ਪਾਰਟੀ ਸਾਰੇ ਸੂਬਿਆਂ ਇੱਥੋਂ ਤੱਕ ਕਿ ਜਿੱਥੇ ਉਨ੍ਹਾਂ ਦੀ ਸਰਕਾਰ ਵੀ ਨਹੀਂ ਹੈ, ‘ਚ ਮਹਾਮਾਰੀ ਨਾਲ ਨਿਪਟਣ ਲਈ ਸਰਕਾਰਾਂ ਦੀ ਮਦਦ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਕਿਸੇ ਵੀ ਸੂਬੇ ਭਾਵੇਂ ਉਹ ਦਿੱਲੀ, ਹਿਮਾਚਲ ਪ੍ਰਦੇਸ਼ ਜਾਂ ਹਰਿਆਣਾ ਹੋਵੇ, ਦੀ ਮਦਦ ਕਰਨ ਲਈ ਤਿਆਰ ਹਨ। ਇਸ ਸੰਕਟ ਨਾਲ ਨਜਿੱਠਣ ਦਾ ਇਹੀ ਇਕ ਰਸਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੱਲ੍ਹ ਨੂੰ ਦਿੱਲੀ ਨੂੰ ਮੇਰੀ ਮਦਦ ਦੀ ਲੋੜ ਪਈ ਤਾਂ ਮੈਂ ਬਿਲਕੁਲ ਇਸ ਮਦਦ ਦੀ ਪੇਸ਼ਕਸ਼ ਕਰਾਂਗਾ।

ਸੂਬੇ ਵਿੱਚ ਕੋਵਿਡ ਦੇ ਸੰਕਟ ‘ਤੇ ਵਿਚਾਰ ਕਰਨ ਲਈ ਕਾਂਗਰਸੀ ਵਿਧਾਇਕਾਂ ਨਾਲ ਚੌਥੇ ਦੌਰ ਦੀ ਵਰਚੂਅਲ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੂਰੀ ਦੁਨੀਆਂ ਵਾਂਗ ਭਾਰਤ ਵੀ ਜੰਗ ਵਰਗੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਦਾ ਸਾਹਮਣਾ ਇਕਜੁੱਟਤਾ ਨਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਪ ਦੁਆਰਾ ਪੇਸ਼ ਕੀਤੀ ਜਾ ਰਹੀ ਤਸਵੀਰ ਦੇ ਉਲਟ ਸੱਚਾਈ ਇਹ ਹੈ ਕਿ ਪੰਜਾਬ ਨਾਲੋਂ ਦਿੱਲੀ ਦੀ ਹਾਲਤ ਕਿਤੇ ਵੱਧ ਖਰਾਬ ਹੈ। ਹਰਿਆਣਾ ਦੀ ਆਬਾਦੀ ਵੀ ਪੰਜਾਬ ਨਾਲੋਂ ਘੱਟ ਹੈ ਪਰ ਮਾਮਲੇ ਪੰਜਾਬ ਦੇ ਬਰਾਬਰ ਹੀ ਹਨ।

ਦੱਸਣਯੋਗ ਹੈ ਕਿ ਪੰਜਾਬ ‘ਚ ਕੋਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਮਹਾਮਾਰੀ ਨਾਲ ਆਏ ਦਿਨ 1500 ਤੋਂ 2000 ਦੇ ਵਿਚਕਾਰ ਕੋਰੋਨਾ ਕੇਸ ਸਾਹਮਣੇ ਆ ਰਹੇ ਹਨ। ਪੰਜਾਬ ‘ਚ ਮੌਤ ਦੀ ਦਰ ਦੇਸ਼ ਭਰ ‘ਚ ਸਭ ਤੋਂ ਵੱਧ ਹੈ। ਜਿੱਥੇ ਮਹਾਰਾਸ਼ਟਰ ਅਤੇ ਗੁਜਰਾਤ ਵਰਗੇ ਸੂਬੇ 2.9 ਫੀਸਦ ਨਾਲ ਦੂਜੇ ਨੰਬਰ ਤੇ ਹਨ ਉਥੇ ਹੀ ਪੰਜਾਬ 3.0 ਫੀਸਦ ਮੌਤ ਦਰ ਨਾਲ ਦੇਸ਼ ਭਰ ‘ਚ ਪਹਿਲੇ ਨੰਬਰ ਤੇ ਹੈ।
137