ਕੈਪਟਨ, ਬਾਦਲ ਤੋਂ ਲੈ ਕੇ ਮੋਦੀ ਸਣੇ ਭਾਰਤ ਦੀਆਂ 10 ਹਜ਼ਾਰ ਹਸਤੀਆਂ ‘ਤੇ ਚੀਨ ਦੀ ਨਜ਼ਰ- ਰਿਪੋਰਟ

ਪੂਰਬੀ ਲੱਦਾਖ ‘ਚ ਭਾਰਤ ਅਤੇ ਚੀਨ ਦਰਮਿਆਨ ਹਾਲਾਤ ਹਾਲੇ ਵੀ ਤਣਾਅਪੂਰਨ ਬਣੇ ਹੋਏ ਹਨ, ਇਕ ਤਰ੍ਹਾਂ ਨਾਲ ਐੱਲ.ਏ.ਸੀ. ‘ਤੇ ਯੁੱਧ ਵਰਗੀ ਸਥਿਤੀ ਬਣੀ ਹੋਈ ਹੈ। ਇਸ ਦੇ ਵਿਚਾਲੇ ਹੁਣ ਇੱਕ ਨਵਾਂ ਮੁੱਦਾ ਸਾਹਮਣੇ ਆਇਆ ਹੈ।
ਚੀਨ ਨਾਲ ਜੁੜੀ ਇੱਕ ਟੈੱਕ ਕੰਪਨੀ ਨੇ ਭਾਰਤ ਦੇ ਰਾਸ਼ਟਪਰਤੀ, ਪੀਐੱਮ, ਮੁੱਖ ਮੰਤਰੀਆਂ, ਵਿਰੋਧੀ ਧਿਰ ਦੇ ਲੀਡਰਾਂ ਸਣੇ ਕਰੀਬ 10,000 ਲੋਕਾਂ ਅਤੇ ਸੰਸਥਾਵਾਂ ‘ਤੇ ਆਪਣੀ ਨਜ਼ਰ ਬਣਾਈ ਹੋਈ ਹੈ। ਇਹ ਦਾਅਵਾ ਅੰਗਰੇਜ਼ੀ ਅਖ਼ਬਾਰ ‘ਦਿ ਇੰਡੀਅਨ ਐਕਸਪ੍ਰੈਸ’ ਦੀ ਰਿਪੋਰਟ ‘ਚ ਕੀਤਾ ਜਾ ਰਿਹਾ ਹੈ।

ਰਿਪੋਰਟ ਮੁਤਾਬਕ ਚੀਨੀ ਸਰਕਾਰ ਅਤੇ ਚੀਨ ਦੀ ਕਮਿਊਨਿਸਟ ਪਾਰਟੀ ਨਾਲ ਸੰਬੰਧਿਤ ਇਕ ਟੈਕਨੋਲੋਜੀ ਕੰਪਨੀ ਕਰੀਬ 10,000 ਲੋਕਾਂ ਅਤੇ ਸੰਸਥਾਵਾਂ ਦੀ ਨਿਗਰਾਨੀ ਕਰ ਰਹੀ ਹੈ ਅਤੇ ਵਿਸ਼ਵਵਿਆਪੀ ਡਾਟਾਬੇਸ ਇਕੱਠਾ ਕਰ ਰਹੀ ਹੈ। ਅਖ਼ਬਾਰ ਦਾ ਦਾਅਵਾ ਹੈ ਕਿ ਜ਼ੁਨਖਵਾ ਇਨਫੋਰਮੇਸ਼ਨ ਟੈਕਨੋਲੋਜੀ ਨਾਂ ਦੀ ਕੰਪਨੀ ਨੇ ਭਾਰਤ ਵਿਚ ਕੁੱਝ ਲੋਕਾਂ ਅਤੇ ਸੰਸਥਾਵਾਂ ਦੀ ਨਿਸ਼ਾਨਦੇਹੀ ਕੀਤੀ ਹੈ।

ਰਿਪੋਰਟ ਦਾ ਦਾਅਵਾ ਹੈ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪੀਐੱਮ ਨਰਿੰਦਰ ਮੋਦੀ, ਚੀਫ਼ ਜਸਟਿਸ ਆਫ਼ ਇੰਡੀਆ, ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੇ ਉਨ੍ਹਾਂ ਦਾ ਪਰਿਵਾਰ, ਮਮਤਾ ਬੈਨਰਜੀ, ਅਸ਼ੋਕ ਗਹਿਲੌਤ, ਅਮਰਿੰਦਰ ਸਿੰਘ, ਬਾਦਲ ਪਰਿਵਾਰ, ਊਧਵ ਠਾਕਰੇ ਸਣੇ ਕਈ ਹਸਤੀਆਂ, ਸੁਰੱਖਿਆ ਏਜੰਸੀਆਂ ਅਤੇ ਆਰਮੀ ਦੇ ਕਰੀਬ 15 ਅਧਿਕਾਰੀਆਂ ਦੀ ਨਿਗਰਾਨੀ ਹੋਈ ਹੈ।

ਇਸ ਤੋਂ ਇਲਾਵਾ ਇਹ ਕੰਪਨੀ ਭਾਰਤ ਦੇ ਜੱਜਾਂ, ਵਿਗਿਆਨੀਆਂ, ਵਿਸ਼ਲੇਸ਼ਕਾਂ, ਪੱਤਰਕਾਰਾਂ, ਖਿਡਾਰੀਆਂ, ਅਦਾਕਾਰ, ਧਰਮ ਨਾਲ ਸੰਬੰਧਤ ਸਖ਼ਸੀਅਤਾਂ ਆਦਿ ‘ਤੇ ਵੀ ਨਜ਼ਰ ਰੱਖੇ ਹੋਏ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਇਹ ਸਭ ਭਾਰਤ-ਚੀਨ ਸਰਹੱਦ ‘ਤੇ ਹੋ ਰਹੀ ਘਟਨਾਵਾਂ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ।

  • 126
  •  
  •  
  •  
  •