ਜਥੇਦਾਰ ਹਰਪ੍ਰੀਤ ਸਿੰਘ ਨੇ ਮੁੜ ਸਿੱਖਾਂ ਵੱਲੋਂ ਵੱਖਰੇ ਕੌਮੀ ਘਰ ਦੀ ਮੰਗ ਦਾ ਕੀਤਾ ਸਮਰਥਨ

ਸਿੱਖਾਂ ਲਈ ਵੱਖਰੇ ਦੇਸ਼ ਦੀ ਮੰਗ ਦਾ ਮੁੱਦਾ ਹਮੇਸ਼ਾ ਚਰਚਾ ਵਿਚ ਰਹਿੰਦਾ ਹੈ। ਬਹੁਤੇ ਪੰਥਕ ਆਗੂ ਇਸ ਮਸਲੇ ‘ਤੇ ਬੋਲਣ ਲਈ ਕਤਰਾਉਂਦੇ ਹਨ। ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਿਛਲੇ ਸਮੇਂ ‘ਚ ਖਾਲਿਸਤਾਨ ਜਾਂ ਵੱਖਰੇ ਦੇਸ਼ ਲਈ ਹਾਂ ਪੱਖੀ ਹੁੰਗਾਰਾ ਭਰ ਚੁੱਕੇ ਹਨ ਤੇ ਹੁਣ ਫ਼ਿਰ ਗਿਆਨੀ ਹਰਪ੍ਰੀਤ ਸਿੰਘ ਨੇ ਬੀਤੇ ਦਿਨ ਇੱਕ ਸਮਾਗਮ ਦੌਰਾਨ ਇੱਕ ਵਾਰ ਫਿਰ ਸਿੱਖਾਂ ਲਈ ਵੱਖਰੇ ਕੌਮੀ ਘਰ ਦੀ ਮੰਗ ਦਾ ਸਮਰਥਨ ਕੀਤਾ ਹੈ।

ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ 76ਵੇਂ ਸਥਾਪਨਾ ਦਿਵਸ ਸਮਾਗਮਾਂ ਮੌਕੇ ਤਖਤ ਸਾਹਿਬ ਦੇ ਗੁਰਦੁਆਰਾ ਭਾਈ ਬੀਰ ਸਿੰਘ ਭਾਈ ਧੀਰ ਸਿੰਘ ਵਿਖੇ ਸੰਗਤਾਂ ਨੂੰ ਸੰਬੋਧਨ ਦੌਰਾਨ ਸਿੰਘ ਸਾਹਿਬ ਨੇ ਕਿਹਾ ਕਿ ਸਿੱਖਾਂ ਦੀ ਭਾਰਤ ਅੰਦਰ ਦਸ਼ਾ ਨੂੰ ਦੇਖਦਿਆਂ ਵੱਖਰੇ ਕੌਮੀ ਘਰ ਦੀ ਮੰਗ ਅਣਉੱਚਿਤ ਨਹੀਂ ਹੈ।

ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਥਾਪਨਾ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਵਿਖੇ ਇਕੱਠੇ ਹੋਏ ਫੈਡਰੇਸ਼ਨ ਆਗੂ।

ਉਨ੍ਹਾਂ ਕਿਹਾ ਕਿ ਭਾਰਤ ਨੂੰ ਆਜ਼ਾਦੀ ਮਿਲਣ ਮੌਕੇ ਸਿੱਖਾਂ ਨੇ ਭਾਰਤ ਨਾਲ ਰਹਿਣ ਦਾ ਫੈਸਲਾ ਕੀਤਾ ਸੀ, ਕਿਉਂਕਿ ਉਨ੍ਹਾਂ ਨੂੰ ਉਮੀਦ ਸੀ ਕਿ ਇਸ ਦੇਸ਼ ‘ਚ ਉਹ ਖੁਦ, ਉਨ੍ਹਾਂ ਦਾ ਧਰਮ, ਉਨ੍ਹਾਂ ਦਾ ਅਕੀਦਾ, ਮਰਿਯਾਦਾਵਾਂ ਸੁਰੱਖਿਅਤ ਰਹਿਣਗੀਆਂ ਪਰ ਨਾ ਤਾਂ ਸਿੱਖ ਇਸ ਦੇਸ਼ ‘ਚ ਸੁਰੱਖਿਅਤ, ਨਾ ਸਿੱਖ ਧਰਮ, ਨਾ ਸਿੱਖ ਦਾ ਅਕੀਦਾ ਅਤੇ ਨਾ ਮਰਿਯਾਦਾਵਾਂ ਹੋਰ ਤਾਂ ਹੋਰ ਸਿੱਖਾਂ ਦੇ ਧਾਰਮਿਕ ਗ੍ਰੰਥ ਤੱਕ ਸੁਰੱਖਿਅਤ ਨਹੀਂ ਰਹੇ। ਇਸ ਲਈ ਜੇਕਰ ਸਮੇਂ-ਸਮੇਂ ਸਿੱਖ ਵੱਖਰੇ ਕੌਮੀ ਘਰ ਦੀ ਮੰਗ ਕਰਦੇ ਹਨ ਤਾਂ ਉਸ ‘ਚ ਕੁੱਝ ਵੀ ਗਲਤ ਨਹੀਂ ਹੈ।

  • 1.2K
  •  
  •  
  •  
  •