ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਅਸਿੱਧੇ ਤੌਰ ‘ਤੇ ਬਾਦਲਾਂ ਨੂੰ ਨਸੀਹਤ

ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਪੰਥਕ ਸੰਸਥਾਵਾਂ ‘ਤੇ ਕਾਬਜ਼ ਧਿਰ ਨੂੰ ਸਵੈ-ਪੜਚੋਲ ਕਰਨ ਅਤੇ ਦੂਜੀਆਂ ਧਿਰਾਂ ਦੇ ਸ਼ੰਕੇ ਦੂਰ ਕਰਨ ਦੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਇਸ ਤੋਂ ਇਲਾਵਾ ਕਿਹਾ ਕਿ ਕੇਂਦਰੀ ਏਜੰਸੀਆਂ ਨੇ ਸਿੱਖਾਂ ਨੂੰ ਆਪਸ ‘ਚ ਲੜਾ ਕੇ ਦੂਰ-ਦੂਰ ਕਰ ਦਿੱਤਾ ਹੈ ਤੇ ਹੁਣ ਸਿੱਖਾਂ ਨੂੰ ਆਪਸ ‘ਚ ਗਿਲੇ-ਸ਼ਿਕਵੇ ਮਿਟਾ ਕੇ ਇੱਕਜੁੱਟ ਹੋਣਾ ਚਾਹੀਦਾ ਹੈ।

ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ’ਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਕਰਵਾਏ ਗਏ 76ਵੇਂ ਸਥਾਪਨਾ ਦਿਵਸ ਸਮਾਰੋਹ ’ਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਚਿੰਤਾ ਜ਼ਾਹਿਰ ਕੀਤੀ ਕਿ ਪੰਥ ’ਚ ਸਿਆਸੀ ਵਖਰੇਵਿਆਂ ਮਗਰੋਂ ਹੁਣ ਸਿਧਾਂਤਕ ਵਖਰੇਵੇਂ ਵੀ ਪੈਦਾ ਹੋਣ ਲੱਗ ਪਏ ਹਨ, ਜਿਸ ਦਾ ਕੌਮ ਨੂੰ ਵੱਡਾ ਨੁਕਸਾਨ ਹੋਣ ਦਾ ਡਰ ਹੈ। ਉਨ੍ਹਾਂ ਪੰਥਕ ਸਫ਼ਾਂ ’ਚੋਂ ਮੱਤਭੇਦ ਦੂਰ ਕਰਨ ਸਬੰਧੀ ਚਰਚਾ ਕਰਦਿਆਂ ਬਾਦਲਾਂ ਦਾ ਨਾਂ ਲਏ ਬਗ਼ੈਰ ਆਖਿਆ ਕਿ ਸੰਸਥਾਵਾਂ ’ਤੇ ਸਥਾਪਿਤ ਧਿਰਾਂ ਲਈ ਸੁਨਹਿਰੀ ਮੌਕਾ ਹੈ ਕਿ ਜਿੱਥੇ ਵੀ ਉਨ੍ਹਾਂ ਦੀਆਂ ਗ਼ਲਤੀਆਂ ਜਾਂ ਕਮੀਆਂ ਰਹੀਆਂ ਹਨ ਉਹ ਸਵੈ-ਪੜਚੋਲ ਕਰਨ ਤਾਂ ਕਿ ਗ਼ੈਰ ਸਥਾਪਿਤ ਧਿਰਾਂ ਅੰਦਰ ਬੇਵਿਸ਼ਵਾਸੀ ਦੂਰ ਹੋ ਸਕੇ।

ਗਿਆਨੀ ਹਰਪ੍ਰੀਤ ਸਿੰਘ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਥਾਪਨਾ ਦਿਵਸ ਤੋਂ ਬਾਅਦ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਭਾਸ਼ਾਵਾਂ ਬਿੱਲ 2020 ‘ਚੋਂ ਸਿੱਖਾਂ ਨੂੰ ਪੰਜਾਬੀ ਭਾਸ਼ਾ ਤੋਂ ਮਰਹੂਮ ਤੇ ਵਿਰਵਾ ਕਰਨਾ ਸੋਚੀ ਸਮਝੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਹਕੂਮਤ ਨੇ ਅਜਿਹਾ ਕਦਮ ਚੁੱਕ ਕੇ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾ ਦਿੱਤਾ ਹੈ।

  • 1K
  •  
  •  
  •  
  •