ਸ਼੍ਰੋਮਣੀ ਅਕਾਲੀ ਦਲ ਨੇ ਸੰਸਦ ਵਿਚ ਖੇਤੀ ਆਰਡੀਨੈਂਸਾਂ ਦੇ ਵਿਰੋਧ ‘ਚ ਪਾਈ ਵੋਟ

ਸ਼੍ਰੋਮਣੀ ਅਕਾਲੀ ਦਲ ਨੇ ਲੋਕਾਂ ਦੇ ਦਬਾਅ ਦੇ ਚੱਲਦਿਆਂ ਬੀਤੇ ਦਿਨ ਸੰਸਦ ‘ਚ ਜ਼ਰੂਰੀ ਵਸਤਾਂ (ਸੋਧ) ਬਿੱਲ 2020 ਦਾ ਵਿਰੋਧ ਕੀਤਾ ਤੇ ਸੁਖਬੀਰ ਬਾਦਲ ਨੇ ਬਿੱਲ ਦੇ ਵਿਰੋਧ ਵਿਚ ਵੋਟ ਪਾਈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਪਾਰਟੀ ਹੋਣ ਦੇ ਨਾਅਤੇ ਉਹ ਅਜਿਹੀ ਕਿਸੇ ਵੀ ਚੀਜ਼ ਦੀ ਹਮਾਇਤ ਨਹੀਂ ਕਰ ਸਕਦੀ ਜੋ ਦੇਸ਼ ਖਾਸ ਤੌਰ ‘ਤੇ ਪੰਜਾਬ ਦੇ ਅੰਨਦਾਤਾ ਦੇ ਹਿੱਤਾਂ ਦੇ ਖਿਲਾਫ ਹੋਵੇ।

ਸੁਖਬੀਰ ਬਾਦਲ ਨੇ ਕਿਹਾ ਕਿ ਖੇਤੀ ਆਰਡੀਨੈਂਸ ਲਿਆਉਣ ਤੋਂ ਪਹਿਲਾਂ ਕੇਂਦਰ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਗੱਲਬਾਤ ਨਹੀਂ ਕੀਤੀ। ਕੇਂਦਰ ਸਰਕਾਰ ਨੂੰ ਕਿਸਾਨ ਪੱਖੀ ਧਿਰਾਂ ਅਤੇ ਕਿਸਾਨ ਪੱਖੀ ਰਾਜਸੀ ਧਿਰਾਂ ਨਾਲ ਗੱਲਬਾਤ ਕਰਨੀ ਚਾਹੀਦੀ ਸੀ। ਉਹ ਕਿਸੇ ਅਜਿਹੇ ਫ਼ੈਸਲੇ ਦੀ ਹਮਾਇਤ ਨਹੀਂ ਕਰਦੇ, ਜੋ ਕਿਸਾਨੀ ਦੇ ਹਿੱਤਾਂ ਖ਼ਿਲਾਫ਼ ਭੁਗਤਦਾ ਹੋਵੇ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ, ਜਿਸ ਨੇ ਕਿਸਾਨੀ ਹਿੱਤਾਂ ਲਈ ਲੰਮਾ ਸੰਘਰਸ਼ ਕੀਤਾ ਹੈ ਅਤੇ ਕੁਰਬਾਨੀਆਂ ਦਿੱਤੀਆਂ ਹਨ। ਉਹ ਵਿਰਾਸਤ ਨਾਲ ਸਮਝੌਤਾ ਨਹੀਂ ਕਰਨਗੇ, ਚਾਹੇ ਕੋਈ ਵੀ ਕੁਰਬਾਨੀ ਦੇਣੀ ਪਵੇ। ਸੁਖਬੀਰ ਬਾਦਲ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਿਸਾਨੀ ਹਿੱਤਾਂ ਲਈ ਜੇਲ੍ਹਾਂ ਵਿਚ ਬਿਤਾਏ 16 ਸਾਲ ਦੇ ਸਮੇਂ ਦੀ ਚਰਚਾ ਵੀ ਕੀਤੀ।

ਇਸ ਤੋਂ ਇਲਾਵਾ ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਅਧਿਕਾਰਤ ਭਾਸ਼ਾ ਦੀ ਸੂਚੀ ‘ਚ ਪੰਜਾਬੀ ਨੂੰ ਵੀ ਸ਼ਾਮਲ ਕੀਤਾ ਜਾਵੇ। ਬਾਦਲ ਨੇ ਸਦਨ ‘ਚ ਜ਼ੀਰੋ ਕਾਲ ਦੌਰਾਨ ਅਧਿਕਾਰਤ ਭਾਸ਼ਾ ਨਾਲ ਸੰਬੰਧਤ ਇਕ ਬਿੱਲ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ ਪੰਜਾਬ ਭਾਸ਼ਾ ਜੰਮੂ-ਕਸ਼ਮੀਰ ‘ਚ ਬਹੁਤ ਲੰਬੇ ਸਮੇਂ ਤੋਂ ਬੋਲੀ ਜਾਂਦੀ ਰਹੀ ਹੈ ਪਰ ਹੁਣ ਇਸ ਨੂੰ ਅਧਿਕਾਰਤ ਭਾਸ਼ਾ ਦੀ ਸੂਚੀ ਤੋਂ ਵੱਖ ਰੱਖਿਆ ਗਿਆ ਹੈ। ਮੇਰੀ ਮੰਗ ਹੈ ਕਿ ਸਰਕਾਰ ਇਸ ‘ਤੇ ਮੁੜ ਵਿਚਾਰ ਕਰੇ।

  • 106
  •  
  •  
  •  
  •