ਸਿਆਲਕੋਟ ਦੇ ਮੁਸਲਿਮ ਪਰਿਵਾਰ ਨੇ 100 ਸਾਲ ਪੁਰਾਣੇ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਸਿੱਖਾਂ ਨੂੰ ਸੌਂਪੇ

ਸਿਆਲਕੋਟ :ਪਾਕਿਸਤਾਨ ਸਥਿਤ ਸਿਆਲਕੋਟ ਦੇ ਇੱਕ ਮੁਸਲਿਮ ਪਰਿਵਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪੁਰਾਤਨ ਪਾਵਨ ਸਰੂਪ ਸਿੱਖਾਂ ਦੇ ਹਵਾਲੇ ਕਰ ਦਿੱਤੇ ਜੋ ਉਨ੍ਹਾਂ ਦੇ ਪੁਰਖ਼ਿਆਂ ਨੇ ਕਰੀਬ 73 ਸਾਲ ਪਹਿਲਾਂ ਅਪਣੇ ਕੋਲ ਸੰਭਾਲ ਕੇ ਰੱਖ ਲਏ ਸਨ।

ਇਸ ਮੁਸਲਿਮ ਪਰਿਵਾਰ ਵੱਲੋਂ ਉਦੋਂ ਤੋਂ ਹੀ ਇਨ੍ਹਾਂ ਪਾਵਨ ਸਰੂਪਾਂ ਦੀ ਸੇਵਾ ਸੰਭਾਲ ਕੀਤੀ ਜਾ ਰਹੀ ਸੀ। ਹੁਣ ਇਸ ਪਰਿਵਾਰ ਨੇ ਇਹ ਦੋਵੇਂ ਪੁਰਤਾਨ ਪਾਵਨ ਸਰੂਪ ਸਿਆਲਕੋਟ ਸਥਿਤ ਗੁਰਦੁਆਰਾ ਪਹਿਲੀ ਪਾਤਸ਼ਾਹੀ ਬਾਬੇ ਦੀ ਬੇਰ ਸਾਹਿਬ ਵਿਖੇ ਸੌਂਪ ਦਿੱਤੇ ਹਨ।

ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਜਸਕਰਨ ਸਿੰਘ ਤੇ ਸੇਵਾਦਾਰ ਕਰਨਬੀਰ ਸਿੰਘ ਨੇ ਮੁਸਲਿਮ ਭਾਈਚਾਰੇ ਨਾਲ ਮਿਲ ਕੇ ਇਹ ਸਰੂਪ ਪ੍ਰਾਪਤ ਕਰ ਗੁਰਦੁਆਰਾ ਸਾਹਿਬ ਪਹੁੰਚਾਏ। ਇਸ ਮੌਕੇ ਬੋਲਦਿਆਂ ਮੁਸਲਿਮ ਸ਼ਰਧਾਲੂਆਂ ਨੇ ਕਿਹਾ ਕਿ ਇਹ ਪਾਵਨ ਸਰੂਪ ਉਨ੍ਹਾਂ ਦੇ ਪੁਰਖ਼ਿਆਂ ਨੇ ਸੰਭਾਲ ਕੇ ਰੱਖੇ ਹੋਏ ਸਨ, ਜਿਨ੍ਹਾਂ ਨੂੰ ਹੁਣ ਹਜ਼ਰਤ ਬਾਬਾ ਨਾਨਕ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਸੌਂਪ ਕੇ ਉਨ੍ਹਾਂ ਨੂੰ ਖ਼ੁਸ਼ੀ ਮਹਿਸੂਸ ਹੋ ਰਹੀ ਹੈ।

ਉਨ੍ਹਾਂ ਇਹ ਵੀ ਆਖਿਆ ਕਿ ਪੂਰੀ ਮੁਸਲਿਮ ਕੌਮ ਸਿੱਖਾਂ ਦੇ ਨਾਲ ਖੜ੍ਹੀ ਹੈ ਅਤੇ ਸਿੱਖ-ਮੁਸਲਿਮ ਸਾਂਝ ਇਸੇ ਤਰ੍ਹਾਂ ਬਰਕਰਾਰ ਰਹੇਗੀ। ਗੁਰਦੁਆਰਾ ਸਾਹਿਬ ਨੂੰ ਪਾਵਨ ਸਰੂਪ ਸੌਂਪੇ ਜਾਣ ਤੋਂ ਬਾਅਦ ਗੁਰਦੁਆਰਾ ਕਮੇਟੀ ਵੱਲੋਂ ਸਾਰੇ ਮੁਸਲਿਮ ਸ਼ਰਧਾਲੂਆਂ ਨੂੰ ਸਿਰੋਪਾਓ ਅਤੇ ਸਿਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਦੌਰਾਨ ਗੁਰਦੁਆਰਾ ਬੇਬੇ ਦੀ ਬੇਰ ਸਾਹਿਬ ਵਿਖੇ ਇਨ੍ਹਾਂ ਪਾਵਨ ਸਰੂਪਾਂ ਦਾ ਪ੍ਰਕਾਸ਼ ਵੀ ਕੀਤਾ ਗਿਆ। ਇਸ ਮੌਕੇ ਸਿੱਖਾਂ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਮੁਲਸਿਮ ਭਾਈਚਾਰੇ ਦੇ ਲੋਕ ਵੀ ਮੌਜ਼ੂਦ ਸਨ।

  • 703
  •  
  •  
  •  
  •