ਅਮਰੀਕਾ ‘ਚ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਰੱਖਿਆ ਜਾਵੇਗਾ ਡਾਕਖ਼ਾਨੇ ਦਾ ਨਾਂ

ਪੰਜਾਬੀ ਮੂਲ ਦੇ ਮਰਹੂਮ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਨੂੰ ਅਮਰੀਕੀ ਸੰਸਦ ਸਨਮਾਨਿਤ ਕਰੇਗੀ। ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਨੇ ਉਨ੍ਹਾਂ ਦੇ ਨਾਂ ‘ਤੇ ਹਿਊਸਟਨ ਵਿਚ ਇਕ ਡਾਕਖਾਨੇ ਦਾ ਨਾਂ ਰੱਖਣ ਸਬੰਧੀ ਪ੍ਰਸਤਾਵ ਸਰਬਸੰਮਤੀ ਨਾਲ ਪਾਸ ਕੀਤਾ ਹੈ। ਜ਼ਿਕਰਯੋਗ ਹੈ ਕਿ ਸੰਦੀਪ ਸਿੰਘ ਧਾਲੀਵਾਲ ਟੈਕਸਸ ਪੁਲਿਸ ’ਚ ਤਾਇਨਾਤ ਸੀ ਤੇ 27 ਸਤੰਬਰ 2019 ਨੂੰ ਡਿਊਟੀ ’ਤੇ ਸੀ ਜਦੋਂ ਉਸ ਨੂੰ ਕਤਲ ਕਰ ਦਿੱਤਾ ਗਿਆ ਸੀ।

ਐੱਮਪੀ ਲਿਜ਼ੀ ਫਲੈਚਰ

‘ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫਿਸ ਐਕਟ’ ਸੈਨੇਟ ਤੋਂ ਪਾਸ ਹੋਣ ਪਿੱਛੋਂ ਦਸਤਖ਼ਤ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੋਲ ਜਾਏਗਾ। ਅਮਰੀਕੀ ਮਹਿਲਾ ਐੱਮਪੀ ਲਿਜ਼ੀ ਫਲੈਚਰ ਦੀ ਅਗਵਾਈ ਵਿਚ ਅਕਤੂਬਰ 2019 ‘ਚ ਦੋਵਾਂ ਪਾਰਟੀਆਂ ਨਾਲ ਸਬੰਧ ਰੱਖਣ ਵਾਲੇ ਟੈਕਸਾਸ ਦੇ ਪ੍ਰਤੀਨਿਧੀਆਂ ਨੇ ਉਨ੍ਹਾਂ ਦੇ ਸਨਮਾਨ ਵਿਚ ਇੱਕ ਬਿੱਲ ਪੇਸ਼ ਕੀਤਾ।

ਲਿਜ਼ੀ ਫਲੈਚਰ ਨੇ ਕਿਹਾ, ‘ਡਿਪਟੀ (ਸ਼ੈਰਿਫ) ਧਾਲੀਵਾਲ ਨੇ ਆਪਣੇ ਭਾਈਚਾਰੇ ਵੱਲੋਂ ਸਰਵੋਤਮ ਸੇਵਾ ਕੀਤੀ ਹੈ। ਉਸ ਨੇ ਬਰਾਬਰੀ ਤੇ ਭਾਈਚਾਰੇ ਲਈ ਸੇਵਾਵਾਂ ਨਿਭਾਉਂਦਿਆਂ ਜਾਨ ਦੇ ਦਿੱਤੀ।’ ਫਲੈਚਰ ਨੇ ਕਿਹਾ ਕਿ ਸੰਦੀਪ ਸਿੰਘ ਧਾਲੀਵਾਲ ਅਮਰੀਕੀਆਂ ਲਈ ਇੱਕ ਆਦਰਸ਼ ਹੈ। ਉਹ ਹੈਰਿਸ ਸ਼ੈਰਿਫ ਦੇ ਦਫਤਰ ’ਚ ਕੰਮ ਕਰਨ ਵਾਲਾ ਪਹਿਲਾ ਸਿੱਖ ਸੀ।

ਫਲੈਚਰ ਨੇ ਕਿਹਾ ਕਿ ਮੈਂ ਇਸ ਬਿੱਲ ਨੂੰ ਪਾਸ ਕਰਵਾਉਣ ਵਿਚ ਯੋਗਦਾਨ ਦੇਣ ਵਾਲੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੀ ਹਾਂ। ਜੇਕਰ ਰਾਸ਼ਟਰਪਤੀ ਟਰੰਪ ਇਸ ਬਿੱਲ ‘ਤੇ ਦਸਤਖ਼ਤ ਕਰ ਕੇ ਇਸ ਨੂੰ ਕਾਨੂੰਨ ਦਾ ਰੂਪ ਦੇ ਦਿੰਦੇ ਹਨ ਤਾਂ ਇਹ ਕਿਸੇ ਵੀ ਭਾਰਤੀ ਮੂਲ ਦੇ ਅਮਰੀਕੀ ਦੇ ਨਾਂ ‘ਤੇ ਦੂਜਾ ਡਾਕਖਾਨਾ ਹੋਵੇਗਾ। ਇਸ ਤੋਂ ਪਹਿਲੇ ਸਾਲ 2006 ਵਿਚ ਦੱਖਣੀ ਕੈਲੀਫੋਰਨੀਆ ਵਿਚ ਅਮਰੀਕੀ ਐੱਮਪੀ ਦਲੀਪ ਸਿੰਘ ਦੇ ਨਾਂ ‘ਤੇ ਇਕ ਡਾਕਖਾਨੇ ਦਾ ਨਾਂ ਰੱਖਿਆ ਗਿਆ ਸੀ।

  • 1.9K
  •  
  •  
  •  
  •