ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੈਬਨਿਟ ਤੋਂ ਅਸਤੀਫ਼ਾ ਦਿੱਤਾ

ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਰਕਾਰ ਵੱਲੋਂ ਪੇਸ਼ ਖੇਤੀ ਬਿਲਾਂ ਦੇ ਵਿਰੋਧ ’ਚ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹਰਸਿਮਰਤ ਕੌਰ ਬਾਦਲ ਲੋਕ ਸਭਾ ਵਿੱਚ ਬਿਲਾਂ ’ਤੇ ਚਰਚਾ ਦੌਰਾਨ ਵੀ ਗੈਰਹਾਜ਼ਰ ਰਹੇ ਸਨ।

ਲੋਕ ਸਭਾ ਵਿੱਚ ਪੇਸ਼ ਦੋ ਖੇਤੀ ਬਿਲਾਂ ’ਤੇ ਚਰਚਾ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਕਾਨੂੰਨ ਪੰਜਾਬ ਵਿਚ ਖੇਤੀਬਾੜੀ ਨੂੰ ਤਬਾਹ ਕਰ ਦੇਣਗੇ। ਉਨ੍ਹਾਂ ਕਿਹਾ, “ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਅਤੇ ਇਹ ਖੇਤੀਬਾੜੀ ਨਾਲ ਸਬੰਧਤ ਇਨ੍ਹਾਂ ਬਿੱਲਾਂ ਦਾ ਵਿਰੋਧ ਕਰਦੀ ਹੈ ਤੇ ਅਕਾਲੀ ਦਲ ਨੇ ਕਦੇ ਯੂ-ਟਰਨ ਵੀ ਨਹੀਂ ਲਿਆ।”

ਚੇਤੇ ਰਹੇ ਕਿ ਹਰਸਿਮਰਤ ਕੌਰ ਬਾਦਲ ਮੋਦੀ ਸਰਕਾਰ ’ਚ ਸ਼੍ਰੋਮਣੀ ਅਕਾਲੀ ਦਲ ਦੀ ਇੱਕੋ ਇਕ ਨੁਮਾਇੰਦਾ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਦਾ ਕੇਂਦਰੀ ਮੰਤਰੀ ਮੰਡਲ ਛੱਡਣ ਦਾ ਫੈਸਲਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਰਤੇ ਜਾ ਰਹੇ ਪੈਂਤੜਿਆਂ ਦੀ ਲੰਬੀ ਲੜੀ ਦਾ ਹਿੱਸਾ ਹੈ ਕਿਉਂ ਜੋ ਕਿਸਾਨੀ ਬਿਲਾਂ ਨੂੰ ਲੈ ਕੇ ਕੇਂਦਰ ਵੱਲੋਂ ਮੂੰਹ ‘ਤੇ ਥੱਪੜ ਖਾਣ ਦੇ ਬਾਵਜੂਦ ਅਕਾਲੀ ਦਲ ਨੇ ਹਾਲੇ ਤੱਕ ਸੱਤਾਧਾਰੀ ਗਠਜੋੜ ਨੂੰ ਨਹੀਂ ਛੱਡਿਆ।

ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਗਠਜੋੜ ਦਾ ਹਿੱਸਾ ਬਣੇ ਰਹਿਣ ਦੇ ਸ਼੍ਰੋਮਣੀ ਅਕਾਲੀ ਦਲ ਦੇ ਫੈਸਲੇ ‘ਤੇ ਸਵਾਲ ਚੁੱਕਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਰਸਿਮਰਤ ਦਾ ਅਸਤੀਫਾ ਵੀ ਪੰਜਾਬ ਦੇ ਕਿਸਾਨਾਂ ਨੂੰ ਮੂਰਖ ਬਣਾਉਣ ਦੀ ਇੱਕ ਚਾਲ ਹੈ “ਪਰ ਅਕਾਲੀ, ਕਿਸਾਨ ਸੰਗਠਨਾਂ ਨੂੰ ਗੁੰਮਰਾਹ ਕਰਨ ਵਿੱਚ ਸਫਲ ਨਹੀਂ ਹੋਣਗੇ।”

ਮੁੱਖ ਮੰਤਰੀ ਨੇ ਕਿਹਾ ਕਿ ਹਰਸਿਮਰਤ ਦਾ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਵਿੱਚ ਬਹੁਤ ਦੇਰ ਕਰ ਦਿੱਤੀ ਹੁਣ ਇਸ ਨਾਲ ਪੰਜਾਬ ਅਤੇ ਕਿਸਾਨਾਂ ਦੀ ਕੋਈ ਭਲਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਸਟੈਂਡ ਲੈ ਲਿਆ ਹੁੰਦਾ ਅਤੇ ਆਰਡੀਨੈਂਸਾਂ ਖਿਲਾਫ ਉਨ੍ਹਾਂ ਦੀ ਸਰਕਾਰ ਦਾ ਸਮਰਥਨ ਕੀਤਾ ਹੁੰਦਾ ਤਾਂ ਸ਼ਾਇਦ ਸਥਿਤੀ ਅਜਿਹੀ ਨਾ ਹੁੰਦੀ ਅਤੇ ਕੇਂਦਰ ਨੇ ਆਰਡੀਨੈਂਸਾਂ ਨੂੰ ਪੇਸ਼ ਕਰਨ ਅਤੇ ਸੰਸਦ ਵਿਚ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਲਿਆਉਣ ਤੋਂ ਪਹਿਲਾਂ ਸੋਚਣਾ ਸੀ।

  • 302
  •  
  •  
  •  
  •