ਕੋਰੋਨਾ ਮਹਾਂਮਾਰੀ ਕਾਰਨ ਗਰੀਬੀ ਦੀ ਦਲਦਲ ਵਿਚ ਫਸੇ 15 ਕਰੋੜ ਹੋਰ ਬੱਚੇ- ਯੂਨੀਸੈੱਫ

ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੈੱਫ) ਦੇ ਨਵੇਂ ਵਿਸ਼ਲੇਸ਼ਣ ਅਨੁਸਾਰ ਇਸ ਸਾਲ ਦੀ ਸ਼ੁਰੂਆਤ ਵਿਚ ਕੋਵਿਡ-19 ਮਹਾਂਮਾਰੀ ਫੈਲਣ ਤੋਂ ਬਾਅਦ ਵਿਸ਼ਵ ਭਰ ਵਿਚ 15 ਕਰੋੜ ਹੋਰ ਬੱਚੇ ਗਰੀਬੀ ਦੀ ਦਲਦਲ ਵਿਚ ਫਸ ਗਏ। ਇਸ ਦੇ ਨਾਲ ਹੀ ਦੁਨੀਆਂ ਵਿਚ ਗਰੀਬੀ ਦੇ ਵੱਖ ਵੱਖ ਹਲਾਤਾਂ ਵਿਚ ਰਹਿਣ ਵਾਲੇ ਬੱਚਿਆਂ ਦੀ ਗਿਣਤੀ ਕਰੀਬ 1.2 ਅਰਬ ਹੋ ਗਈ ਹੈ।

ਨਵੇਂ ਵਿਸ਼ਲੇਸ਼ਣ ਵਿਚ ਕਿਹਾ ਗਿਆ ਹੈ ਕਿ, ‘ਵੱਖ-ਵੱਖ ਤਰ੍ਹਾਂ ਦੀ ਗਰੀਬੀ ਵਿਚ ਰਹਿ ਰਹੇ ਬੱਚਿਆਂ ਦੀ ਗਿਣਤੀ ਕੋਵਿਡ-19 ਕਾਰਨ ਵਧ ਕੇ ਕਰੀਬ 1.2 ਅਰਬ ਹੋ ਗਈ ਹੈ।’ ਯੂਨੀਸੇਫ ਨੇ ਇਕ ਬਿਆਨ ਵਿਚ ਕਿਹਾ ਕਿ ਵੱਖ-ਵੱਖ ਗਰੀਬੀ ਦੇ ਮੁਲਾਂਕਣ ਵਿਚ 70 ਦੇਸ਼ਾਂ ਦੀ ਸਿੱਖਿਆ, ਸਿਹਤ ਸਬੰਧੀ ਦੇਖਭਾਲ, ਰਿਹਾਇਸ਼, ਪੋਸ਼ਣ, ਸਵੱਛਤਾ ਅਤੇ ਜਲ ਦੀ ਵਰਤੋਂ ਦੇ ਅੰਕੜੇ ਸ਼ਾਮਲ ਹਨ।

ਇਸ ਤੋਂ ਪਤਾ ਚੱਲਿਆ ਹੈ ਕਿ ਇਹਨਾਂ ਵਿਚੋਂ ਕਰੀਬ 45 ਫੀਸਦੀ ਬੱਚੇ ਮੁੱਢਲੀਆਂ ਜ਼ਰੂਰਤਾਂ ਵਿਚੋਂ ਘੱਟੋ ਘੱਟ ਇਕ ਜ਼ਰੂਰਤ ਤੋਂ ਵਾਂਝੇ ਹਨ। ਯੂਨੀਸੇਫ ਦਾ ਕਹਿਣਾ ਹੈ ਕਿ ਆਉਣ ਵਾਲੇ ਮਹੀਨਿਆਂ ਵਿਚ ਇਹ ਸਥਿਤੀ ਹੋਰ ਵੀ ਬਦਤਰ ਹੋ ਸਕਦੀ ਹੈ। ਰਿਪੋਰਟ ਮੁਤਾਬਕ ਜ਼ਿਆਦਾ ਗਿਣਤੀ ਵਿਚ ਬੱਚੇ ਗਰੀਬੀ ਦਾ ਸਾਹਮਣਾ ਕਰ ਰਹੇ ਹਨ।

ਇਸ ਤੋਂ ਇਲਾਵਾ ਜੋ ਪਹਿਲਾਂ ਤੋਂ ਹੀ ਗਰੀਬ ਹਨ, ਉਹ ਬੱਚੇ ਹੋਰ ਗਰੀਬ ਹੋ ਰਹੇ ਹਨ। ਯੂਨੀਸੇਫ ਦੇ ਕਾਰਜਕਾਰੀ ਨਿਰਦੇਸ਼ਕ ਹੈਨਰੀਟਾ ਫੋਰੇ ਦਾ ਕਹਿਣਾ ਹੈ, ‘ਕੋਵਿਡ -19 ਨੂੰ ਫੈਲਣ ਤੋਂ ਰੋਕਣ ਲਈ ਲਗਾਈ ਗਈ ਤਾਲਾਬੰਦੀ ਕਾਰਨ ਲੱਖਾਂ ਹੋਰ ਬੱਚੇ ਗਰੀਬੀ ਦਾ ਸ਼ਿਕਾਰ ਹੋ ਗਏ ਹਨ। ਵਧੇਰੇ ਚਿੰਤਾ ਵਾਲੀ ਗੱਲ ਇਹ ਹੈ ਕਿ ਅਸੀਂ ਇਸ ਸੰਕਟ ਦੇ ਅੰਤ ਵਿਚ ਨਹੀਂ, ਬਲਕਿ ਸ਼ੁਰੂਆਤ ਵਿਚ ਹਾਂ’।

‘ਸੇਵ ਦ ਚਿਲਡਰਨ’ ਦੀ ਸੀਈਓ ਇੰਗਰ ਐਸ਼ਿੰਗ ਨੇ ਕਿਹਾ, ‘ਇਸ ਮਹਾਂਮਾਰੀ ਨੇ ਇਤਿਹਾਸ ਦੀ ਸਭ ਤੋਂ ਵੱਡੀ ਗਲੋਬਲ ਸਿੱਖਿਆ ਐਮਰਜੈਂਸੀ ਦੀ ਸਥਿਤੀ ਪੈਦਾ ਕੀਤੀ ਹੈ। ਗਰੀਬੀ ਵਧਣ ਕਾਰਨ ਬਹੁਤ ਹੀ ਸੰਵੇਦਨਸ਼ੀਲ ਬੱਚਿਆਂ ਅਤੇ ਉਹਨਾਂ ਦੇ ਪਰਿਵਾਰਾਂ ਦਾ ਇਸ ਵਿਚੋਂ ਉਭਰਨਾ ਹੋਰ ਵੀ ਮੁਸ਼ਕਲ ਹੋ ਜਾਵੇਗਾ’। ਉਹਨਾਂ ਕਿਹਾ ਕਿ ਹੋਰ ਜ਼ਿਆਦਾ ਬੱਚੇ ਸਕੂਲ. ਦਵਾਈ, ਭੋਜਨ, ਜਲ ਅਤੇ ਰਿਹਾਇਸ਼ ਆਦਿ ਮੁੱਢਲੀਆਂ ਲੋੜਾਂ ਤੋਂ ਵਾਂਝੇ ਨਾ ਹੋਣ, ਇਸ ਲਈ ਦੇਸ਼ਾਂ ਨੂੰ ਤੁਰੰਤ ਕਦਮ ਚੁੱਕਣੇ ਹੋਣਗੇ।

  • 127
  •  
  •  
  •  
  •