ਲਾਪਤਾ ਪਾਵਨ ਸਰੂਪ ਮਾਮਲੇ ‘ਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦੋਸ਼ੀਆਂ ਲਈ ਧਾਰਮਿਕ ਸਜ਼ਾ ਦਾ ਐਲਾਨ

ਲਾਪਤਾ ਪਾਵਨ ਸਰੂਪਾਂ ਦਾ ਮਾਮਲਾ ਭਖਿਆ ਹੋਇਆ ਹੈ। ਸਿੱਖ ਜਥੇਬੰਦੀਆਂ ਵੱਲੋਂ ਲਗਾਤਾਰ ਦੋਸ਼ੀਆਂ ਨੂੰ ਸਜ਼ਾਵਾਂ ਦੀ ਮੰਗ ਹੋ ਰਹੀ ਹੈ। ਇਸ ਮਾਮਲੇ ‘ਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਸਾਲ 2016 ਵਾਲੀ ਅੰਤਰਿੰਗ ਕਮੇਟੀ ਨੂੰ ਧਾਰਮਿਕ ਸਜ਼ਾ ਲਗਾਈ ਗਈ ਹੈ।

ਇਸ ਦੇ ਨਾਲ ਹੀ ਮੌਜੂਦਾ ਅੰਤਰਿੰਗ ਕਮੇਟੀ ਨੂੰ ਵੀ ਧਾਰਮਿਕ ਸਜ਼ਾ ਲਗਾਈ ਗਈ ਅਤੇ ਸੁੱਚਾ ਸਿੰਘ ਲੰਗਾਹ ਨੂੰ ਸਮਰਥਨ ਦੇਣ ਦੇ ਮਾਮਲੇ ‘ਚ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਗੁਰਿੰਦਰਪਾਲ ਸਿੰਘ ਗੋਰਾ, ਰਤਨ ਸਿੰਘ ਜੱਫਰਵਾਲ ਅਤੇ ਪ੍ਰੋਫੈਸਰ ਸਰਚਾਂਦ ਸਿੰਘ ਨੂੰ ਵੀ ਧਾਰਮਿਕ ਸਜ਼ਾ ਦਾ ਐਲਾਨ ਕੀਤਾ ਗਿਆ। ਇਹ ਧਾਰਮਿਕ ਸਜ਼ਾ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਕਾਲ ਤਖ਼ਤ ਸਾਹਿਬ ਤੋਂ ਸੁਣਾਈ ਗਈ ਹੈ।

ਜਥੇਦਾਰ ਸਾਹਿਬ ਵੱਲੋਂ ਸੁਣਾਈ ਗਈ ਧਾਰਮਿਕ ਸਜ਼ਾ ‘ਚ 2016 ਵਾਲੀ ਅੰਤਰਿੰਗ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਇੱਕ ਸਹਿਜ ਪਾਠ ਖ਼ੁਦ ਕਰਨ ਜਾਂ ਪਾਠੀ ਸਿੰਘ ਪਾਸੋਂ ਸਰਵਣ ਕਰਨ, ਆਪਣੇ ਨਜ਼ਦੀਕੀ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨ ਅਤੇ ਇੱਕ ਸਾਲ ਤੱਕ ਸ਼੍ਰੋਮਣੀ ਕਮੇਟੀ ‘ਚ ਕੋਈ ਵੀ ਅਹੁਦਾ ਨਾ ਲੈਣ ਦੀ ਸਜ਼ਾ ਸ਼ਾਮਲ ਹੈ। ਭਾਈ ਰਜਿੰਦਰ ਸਿੰਘ ਮਹਿਤਾ ਹੁਣ ਵਾਲੀ ਅੰਤਰਿੰਗ ਕਮੇਟੀ ‘ਚ ਬਤੌਰ ਸੀਨੀਅਰ ਮੀਤ ਪ੍ਰਧਾਨ ਸੇਵਾਵਾਂ ਨਿਭਾ ਰਹੇ ਸਨ, ਜੋ ਕਿ ਹੁਣ ਆਪਣੇ ਅਹੁਦੇ ਨੂੰ ਛੱਡਣਗੇ।

ਉੱਥੇ ਹੀ ਸੁੱਚਾ ਸਿੰਘ ਲੰਗਾਹ ਮਾਮਲੇ ‘ਚ ਗੁਰਿੰਦਰਪਾਲ ਸਿੰਘ ਗੋਰਾ, ਰਤਨ ਸਿੰਘ ਜ਼ਫਰਵਾਲ ਅਤੇ ਸਰਚਾਂਦ ਸਿੰਘ ਨੂੰ ਇੱਕ-ਇੱਕ ਸਹਿਜ ਪਾਠ ਖ਼ੁਦ ਕਰਨ ਜਾਂ ਸਰਵਣ ਕਰਨ, ਨਜ਼ਦੀਕੀ ਗੁਰਦੁਆਰਾ ਸਾਹਿਬ ਵਿਖੇ ਬਰਤਨ ਸਾਫ਼ ਕਰਨ ਅਤੇ ਕੀਰਤਨ ਸਰਵਣ ਕਰਨ ਤੇ ਗਿਆਰਾਂ-ਗਿਆਰਾਂ ਸੌ ਰੁਪਏ ਦੀ ਕੜਾਹ ਪ੍ਰਸਾਦ ਦੀ ਦੇਗ ਕਰਾਉਣ ਅਤੇ ਇੰਨੀ ਮਾਇਆ ਗੋਲਕ ‘ਚ ਪਾਉਣ ਦੀ ਸਜ਼ਾ ਸੁਣਾਈ ਗਈ ਹੈ।

ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਪਸ਼ਚਾਤਾਪ ਵਜੋਂ ਸ੍ਰੀ ਰਾਮਸਰ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਕਰਵਾਏਗੀ। ਇਸ ਦੇ ਨਾਲ ਹੀ ਨਾਲ ਮੈਂਬਰ ਸਾਰਾਗੜ੍ਹੀ ਸਰਾਂ ਤੋਂ ਲੈ ਕੇ ਘੰਟਾ ਘਰ ਚੌਕ ਤੱਕ ਝਾੜੂ ਦੀ ਸੇਵਾ ਕਰਿਆ ਕਰਨਗੇ।

  • 665
  •  
  •  
  •  
  •