ਨੇਪਾਲ ਨੇ ਸਕੂਲੀ ਪਾਠ ਪੁਸਤਕਾਂ ‘ਚ ਭਾਰਤੀ ਇਲਾਕੇ ਆਪਣੇ ਦਿਖਾਏ

ਨੇਪਾਲ ਨੇ ਆਪਣੇ ਸਕੂਲਾਂ ਲਈ ਜਾਰੀ ਕੀਤੀਆਂ ਨਵੀਆਂ ਪਾਠ ਪੁਸਤਕਾਂ ਵਿਚ ਮੁਲਕ ਦਾ ਸੋਧਿਆ ਹੋਇਆ ਸਿਆਸੀ ਨਕਸ਼ਾ ਸ਼ਾਮਲ ਕੀਤਾ ਹੈ ਜਿਸ ’ਚ ਉਸ ਨੇ ਰਣਨੀਤਕ ਪੱਖੋਂ ਤਿੰਨ ਅਹਿਮ ਭਾਰਤੀ ਇਲਾਕਿਆਂ ਨੂੰ ਨੇਪਾਲ ਦਾ ਹਿੱਸਾ ਦੱਸਿਆ ਹੈ। ਕੇਂਦਰ ‘ਚ ਸੂਚਨਾ ਅਧਿਕਾਰੀ ਗਣੇਸ਼ ਭੱਟਰਾਈ ਨੇ ਇਹ ਜਾਣਕਾਰੀ ਦਿੱਤੀ।

ਨੇਪਾਲ ਨੇ ਅਜਿਹਾ ਉਸ ਸਮੇਂ ਕੀਤਾ ਹੈ ਜਦੋਂ ਉਸ ਦਾ ਭਾਰਤ ਨਾਲ ਸਰਹੱਦੀ ਵਿਵਾਦ ਚੱਲ ਰਿਹਾ ਹੈ। ਨੇਪਾਲੀ ਸੰਸਦ ਵੱਲੋਂ ਇਸ ਨਵੇਂ ਨਕਸ਼ੇ ਨੂੰ ਪ੍ਰਵਾਨਗੀ ਦਿੱਤੇ ਜਾਣ ਮਗਰੋਂ ਭਾਰਤ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਨੇਪਾਲ ਨੇ ਮੁਲਕ ਦੇ ਨਵੇਂ ਨਕਸ਼ੇ ’ਚ ਭਾਰਤ ਦੇ ਲਿਪੁਲੇਖ, ਕਾਲਾਪਾਣੀ ਤੇ ਲਿਪਿਆਧੁਰਾ ਇਲਾਕੇ ਨੂੰ ਆਪਣਾ ਇਲਾਕਾ ਦਿਖਾਇਆ ਹੈ।
ਇਸ ਨਕਸ਼ੇ ਨੂੰ ਨੇਪਾਲ ਦੀ ਸੰਸਦ ਵੱਲੋਂ ਸਾਰਿਆਂ ਦੀ ਸਹਿਮਤੀ ਨਾਲ ਮਨਜੂਰੀ ਦਿੱਤੇ ਜਾਣ ਤੋਂ ਬਾਅਦ ਭਾਰਤ ਨੇ ਇਸ ਨੂੰ ‘ਸਰਹੱਦਾਂ ਦਾ ਨਕਲੀ ਵਿਸਥਾਰ’ ਕਿਹਾ ਸੀ। ਨੇਪਾਲ ਦੇ ਖੇਤਰ ਅਤੇ ਸਰਹੱਦੀ ਮੁੱਦਿਆਂ ‘ਤੇ ਅਧਿਐਨ ਸਮੱਗਰੀ’ ਸਿਰਲੇਖ ਵਾਲੀਆਂ ਨਵੀਆਂ ਕਿਤਾਬਾਂ 9ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਲਿਖੀਆਂ ਗਈਆਂ ਹਨ।

ਭਾਰਤ ਵੱਲੋਂ ਨਵੰਬਰ 2019 ‘ਚ ਨਵਾਂ ਨਕਸ਼ਾ ਜਾਰੀ ਕਰਨ ਦੇ ਛੇ ਮਹੀਨੇ ਤੋਂ ਜ਼ਿਆਦਾ ਸਮੇਂ ਬਾਅਦ ਨੇਪਾਲ ਨੇ ਮਈ ‘ਚ ਦੇਸ਼ ਦਾ ਸੋਧਿਆ ਰਾਜਨੀਤਕ ਅਤੇ ਪ੍ਰਬੰਧਕੀ ਨਕਸ਼ਾ ਜਾਰੀ ਕੀਤਾ ਸੀ ਜਿਸ ‘ਚ ਉਤਰਾਖੰਡ ਦੇ ਰਣਨੀਤਕ ਰੂਪ ਨਾਲ ਮਹੱਤਵਪੂਰਣ ਤਿੰਨ ਖੇਤਰਾਂ ‘ਤੇ ਦਾਅਵਾ ਕੀਤਾ ਗਿਆ ਸੀ।

  • 143
  •  
  •  
  •  
  •