ਹਰ ਮੌਤ ਨੂੰ ਕਰੋਨਾ ਨਾਲ ਜੋੜਨ ਦਾ ਸੱਚ

ਡਾ. ਪਿਆਰੇ ਲਾਲ ਗਰਗ

ਕਰੋਨਾ ਸਬੰਧੀ ਇਹ ਅਫ਼ਵਾਹ ਵੀ ਆਮ ਹੀ ਫੈਲਾਈ ਜਾ ਰਹੀ ਹੈ ਕਿ ਕੋਵਿਡ-19 ਨਾਲ ਹੋਈਆਂ ਮੌਤਾਂ ਦਾ ਅੰਕੜਾ ਵਧਾ-ਚੜ੍ਹਾ ਕੇ ਦੱਸਿਆ ਜਾ ਰਿਹਾ ਹੈ। ਹਰੇਕ ਮੌਤ ਨੂੰ ਕੋਵਿਡ ਮੌਤ ਗਰਦਾਨਿਆ ਜਾਂਦਾ ਹੈ। ਅਫ਼ਵਾਹ ਹੈ ਕਿ ਡਾਕਟਰਾਂ ਅਨੁਸਾਰ ਉਨ੍ਹਾਂ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਹਰੇਕ ਮੌਤ ਨੂੰ ਕੋਵਿਡ ਮੌਤ ਕਰਾਰ ਦਿੱਤਾ ਜਾਵੇ। ਅਜਿਹਾ ਝੂਠ ਵੀ ਲੋਕਾਂ ਨੂੰ ਗੁਮਰਾਹ ਕਰਕੇ ਭੀੜਤੰਤਰ ਬਣਾਉਣ ਵਾਸਤੇ ਫੈਲਾਇਆ ਜਾ ਰਿਹਾ ਹੈ।

ਸਾਡੇ ਮੁਲਕ ਵਿੱਚ ਤਾਂ ਸਾਰੀਆਂ ਮੌਤਾਂ ਦਾ ਡਾਕਟਰੀ ਸਰਟੀਫਿਕੇਟ ਦਿੱਤਾ ਹੀ ਨਹੀਂ ਜਾ ਰਿਹਾ, ਸਿਰਫ ਪਰਿਵਾਰ ਜਾਂ ਸਬੰਧੀਆਂ ਦੇ ਕਹਿਣ ’ਤੇ ਮੌਤ ਦਰਜ ਕਰ ਲਈ ਜਾਂਦੀ ਹੈ।

ਇਸ ਦੇ ਉਲਟ ਸਾਰੇ ਸੰਸਾਰ ਵਿੱਚ ਮੌਤਾਂ ਦੇ ਕਾਰਨ ਜਾਣ ਕੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ ਅਗਲੇ ਕਦਮ ਚੁੱਕਣ ਵਾਸਤੇ ਬਹੁਤ ਪਹਿਲਾਂ ਤੋਂ ਹੀ ਹਰ ਹਸਪਤਾਲ ਅਤੇ ਹਰੇਕ ਸਿਹਤ ਸੰਸਥਾ ਤੋਂ ਅੰਕੜੇ ਇਕੱਤਰ ਕਰਨ ਦੀ ਇੱਕ ਪ੍ਰਣਾਲੀ ਹੈ। ਹਰ ਰੋਜ਼ ਆਊਟਡੋਰ, ਇਨਡੋਰ, ਨਵੇਂ, ਪੁਰਾਣੇ ਮਰੀਜ਼ਾਂ ਦਾ ਉਨ੍ਹਾਂ ਦੀਆਂ ਬਿਮਾਰੀਆਂ ਦਾ ਵੇਰਵਾ ਪੱਤਰ ਤਿਆਰ ਹੁੰਦਾ ਹੈ ਅਤੇ ਇਸ ਦਾ ਦਸਤਾਵੇਜ਼ੀਕਰਨ ਹੁੰਦਾ ਰਹਿੰਦਾ ਹੈ। ਭਾਰਤ ਵਿੱਚ ਤਾਂ ਸਿਵਾਏ ਮੈਡੀਕੋਲੀਗਲ ਕੇਸਾਂ ਦੇ, ਬਹੁਤੀਆਂ ਮੌਤਾਂ ਦੇ ਪੋਸਟਮਾਰਟਮ ਕੀਤੇ ਹੀ ਨਹੀਂ ਜਾਂਦੇ। ਪਰ ਹਰ ਹਸਪਤਾਲ ਵਿੱਚ ਹੋਈ ਮੌਤ ਦਾ ਇੱਕ ਫਾਰਮ ਭਰਨਾ ਜ਼ਰੂਰੀ ਹੈ, ਜਿਸ ਵਿੱਚ ਮੌਤ ਦਾ ਕਾਰਨ ਵੀ ਲਿਖਣਾ ਹੁੰਦਾ ਹੈ। ਮੌਤ ਦਾ ਫੌਰੀ ਕਾਰਨ ਅਤੇ ਅਸਲੀ ਕਾਰਨ ਭਰਨ ਦਾ ਵੀ ਖਾਨਾ ਹੁੰਦਾ ਹੈ। ਹਰ ਮੌਤ ਦਾ ਫੌਰੀ ਪੜਾਅ ਦਿਲ ਰੁਕਣਾ/ਸਾਹ ਰੁਕਣਾ, ਜਾਂ ਇਨਫੈਕਸ਼ਨ ਕਰਕੇ ਕਈ ਅੰਗਾਂ ਦਾ ਫੇਲ੍ਹ ਹੋਣਾ ਆਦਿ ਹੀ ਹੁੰਦਾ ਹੈ। ਸੰਸਾਰ ਭਰ ਵਿੱਚ ਮੌਤ ਦਾ ਐਲਾਨ ਲਗਾਤਾਰ ਨਬਜ਼ ਰੁਕੇ ਰਹਿਣ ਨਾਲ ਹੀ ਕੀਤਾ ਜਾਂਦਾ ਹੈ।

ਕਰੋਨਾ ਪਾਜ਼ੇਟਿਵ ਜਾਂ ਕੋਵਿਡ ਦੀਆਂ ਨਿਸ਼ਾਨੀਆਂ ਵਾਲਿਆਂ ਦੀ ਮੌਤ ਦਾ ਵੀ ਆਮ ਕਾਰਨ ਤਾਂ ਕੋਵਿਡ-19 ਰੋਗ ਹੀ ਹੁੰਦਾ ਹੈ। ਪਰ ਕੋਈ ਵੀ ਮੌਤ ਆਖਰ ਹੁੰਦੀ ਤਾਂ ਆਕਸੀਜਨ ਦੀ ਕਮੀ, ਸਾਹ ਪ੍ਰਣਾਲੀ ਫੇਲ੍ਹ ਹੋਣ, ਦਿਲ ਰੁਕਣ, ਗੁਰਦੇ ਆਦਿ ਫੇਲ੍ਹ ਹੋਣ, ਬਲੱਡ ਪ੍ਰੈਸ਼ਰ ਘਟਣ, ਨਾੜੀਆਂ ਵਿੱਚ ਖੂਨ ਜੰਮਣ ਜਾਂ ਕਈ ਅੰਗਾਂ ਦੇ ਫੇਲ੍ਹ ਹੋਣ ਕਾਰਨ ਹੀ ਹੈ। ਉਸ ਦਾ ਮੂਲ ਕਾਰਨ ਕਰੋਨਾ ਇਸ ਕਰਕੇ ਬਣਦਾ ਹੈ ਕਿ ਕਰੋਨਾ ਸਰੀਰ ਦੀਆਂ ਸਾਰੀਆਂ ਪ੍ਰਣਾਲੀਆਂ ਉਪਰ ਹਮਲਾ ਕਰਦਾ ਹੈ। ਇਸ ਕਰਕੇ ਕਿਸੇ ਦਾਇਮੀ ਬਿਮਾਰੀ, ਜਿਸ ਦਾ ਸਰੀਰ ਆਮ ਹਾਲਤ ਵਿੱਚ ਮੁਕਾਬਲਾ ਕਰ ਰਿਹਾ ਹੁੰਦਾ ਹੈ, ਕਰੋਨਾ ਸਾਹਮਣੇ ਉਹ ਕਮਜ਼ੋਰ ਪੈ ਜਾਂਦਾ ਹੈ। ਇਸ ਕਰਕੇ ਮੌਤ ਦਾ ਕਾਰਨ ਕੋਵਿਡ ਹੀ ਬਣਦਾ ਹੈ। ਸਿਰਫ ਕਿਸੇ ਸੜਕੀ ਜਾਂ ਹੋਰ ਹਾਦਸਿਆਂ ਕਰਕੇ ਹੋਈ ਮੌਤ ’ਤੇ ਤਾਂ ਸੰਦੇਹ ਹੋ ਸਕਦਾ ਹੈ, ਬਾਕੀ ਕੋਵਿਡ ਮੌਤਾਂ ’ਤੇ ਸੰਦੇਹ ਕਰਕੇ ਅਫ਼ਵਾਹਾਂ ਫੈਲਾਉਣ ਵਾਲਿਆਂ ਦੀ ਗੱਲ ’ਤੇ ਵਿਸ਼ਵਾਸ ਕਰਨਾ ਜਾਂ ਨਾ ਕਰਨਾ ਆਪਣੀ ਮਰਜ਼ੀ ਹੈ।

ਸੰਪਰਕ: 99145-05009

  • 105
  •  
  •  
  •  
  •