ਪੰਜਾਬ ‘ਚ ਨਹੀਂ ਰੁਕ ਰਿਹਾ ਬੇਅਦਬੀਆਂ ਦਾ ਸਿਲਸਿਲਾ, ਤਾਜ਼ਾ ਮਾਮਲਾ ਮੰਡੀ ਗੋਬਿੰਦਗੜ੍ਹ ਤੋਂ ਆਇਆ ਸਾਹਮਣੇ

ਫਤਿਹਗੜ੍ਹ ਸਾਹਿਬ: ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ, ਹੁਣ ਮੰਡੀ ਗੋਬਿੰਦਗੜ੍ਹ ਦੇ ਨੇੜਲੇ ਪਿੰਡ ਤੂਰਾਂ ‘ਚ ਸੋਮਵਾਰ ਸਵੇਰੇ ਗੁਰਦੁਆਰਾ ਸਾਹਿਬ ‘ਚ ਉਸ ਵੇਲੇ ਮੰਦਭਾਗੀ ਘਟਨਾ ਵਾਪਰੀ, ਜਦੋਂ ਪਿੰਡ ਦਾ ਹੀ 40 ਸਾਲ ਕਰੀਬ ਉਮਰ ਦਾ ਇੱਕ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਸਰੂਪ ‘ਤੇ ਬੈਠ ਗਿਆ।

ਉਕਤ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਬੇਅਦਬੀ ਦੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ‘ਚ ਕੈਦ ਹੋ ਗਈ। ਇਸ ਬੇਅਦਬੀ ਤੋਂ ਬਾਅਦ ਇਲਾਕੇ ਦੀਆਂ ਸੰਗਤਾਂ ਵਿਚ ਭਾਰੀ ਰੋਸ ਹੈ। ਸਿਰਫ ਇੰਨਾ ਹੀ ਨਹੀਂ ਇਸ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੁਸ਼ੋਭਿਤ ਸ਼ਸਤਰਾਂ ਨੂੰ ਵੀ ਖਿਲਾਰਿਆ ਗਿਆ। ਲੋਕਾਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਪਿਛਲੇ ਦੋ-ਤਿੰਨ ਦਿਨ ਤੋਂ ਗੁਰਦੁਆਰਾ ਸਾਹਿਬ ਆ ਰਿਹਾ ਹੈ।

ਐਸ. ਪੀ. ਡੀ., ਫਤਿਹਗੜ੍ਹ ਸਾਹਿਬ ਜਗਜੀਤ ਸਿੰਘ ਜੱਲਾ ਨੇ ਕਿਹਾ ਕਿ ਗੁਰਦੁਆਰਾ ਸਾਹਿਬ ‘ਚ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਖ਼ਿਲਾਫ਼ ਬਣਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਤਫ਼ਤੀਸ਼ ਦੌਰਾਨ ਇਹ ਵਿਅਕਤੀ ਮਾਨਸਿਕ ਤੌਰ ‘ਤੇ ਰੋਗੀ ਪਾਇਆ ਗਿਆ ਹੈ। ਇਸ ਮਾਮਲੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਰਵਿੰਦਰ ਸਿੰਘ ਖ਼ਾਲਸਾ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ ਅਤੇ ਕਥਿਤ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਗਈ ਹੈ।

ਉਧਰ ਦੂਜੇ ਪਾਸੇ ਤੂਰਾਂ ਪਿੰਡ ਦੀ ਸਿੱਖ ਸੰਗਤ ਨੇ ਕਿਹਾ ਕਿ ਪੁਲਿਸ ਵਿਅਕਤੀ ਨੂੰ ਮਾਨਸਿਕ ਰੋਗੀ ਕਰਾਰ ਦੇ ਕੇ ਮਾਮਲੇ ਨੂੰ ਦਬਾਉਣਾ ਚਾਹੁੰਦੀ ਹੈ ਅਤੇ ਉਨ੍ਹਾਂ ਨੂੰ ਪ੍ਰਸ਼ਾਸ਼ਨ ਉੱਤੇ ਬਿਲਕੁਲ ਵੀ ਭਰੋਸਾ ਨਹੀਂ ਹੈ। ਸੰਗਤ ਨੇ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਵੇ ਤਾਂ ਕਿਸੇ ਵਿਅਕਤੀ ਵਿਚ ਬੇਅਦਬੀ ਕਰਨ ਦਾ ਹੌਂਸਲਾ ਨਾ ਪਵੇ ਪਰ ਇਸ ਦੇ ਉਲਟ ਪ੍ਰਸ਼ਾਸ਼ਨ ਹਰ ਦਿਨ ਹੋ ਰਹੀਆਂ ਬੇਦਅਬੀ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਪੱਕਾ ਹੱਲ ਕੱਢਣ ਵਿਚ ਨਾਕਾਮ ਰਹੀ ਹੈ।

  • 272
  •  
  •  
  •  
  •