ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ‘ਚ ਸ਼੍ਰੋਮਣੀ ਕਮੇਟੀ ਖਿਲਾਫ਼ ਰੋਸ ਮਾਰਚ

ਸੁਲਤਾਨਪੁਰ ਲੋਧੀ: ਲਾਪਤਾ ਪਾਵਨ ਸਰੂਪਾਂ ਦਾ ਮਾਮਲਾ ਹੁਣ ਭਖਿਆ ਹੋਇਆ ਹੈ। ਵੱਖ-ਵੱਖ ਥਾਂਵਾ ‘ਤੇ ਸਿੱਖ ਸੰਗਤਾਂ ਸ਼੍ਰੋਮਣੀ ਕਮੇਟੀ ਦਾ ਵਿਰੋਧ ਕਰ ਰਹੀਆਂ ਹਨ। ਅੱਜ ਸੁਲਤਾਨਪੁਰ ਲੋਧੀ ਦੀਆਂ ਸਿੱਖ ਸੰਗਤਾਂ ਨੇ ਸੁਲਤਾਨਪੁਰ ਲੋਧੀ ਤੋਂ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਮੋਟਰ-ਸਾਈਕਲ ਰੋਸ ਮਾਰਚ ਕੱਢਿਆ ਤੇ ਸ਼੍ਰੋਮਣੀ ਕਮੇਟੀ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।

ਖਬਰ ਮੁਤਾਬਕ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਚੌਕ ‘ਚ ਸਤਿਕਾਰ ਕਮੇਟੀ ਦੇ ਆਗੂ ਭਾਈ ਸੁਖਜੀਤ ਸਿੰਘ ਖੋਸੇ, ਭਾਈ ਗੁਰਮੀਤ ਸਿੰਘ ਸੋਢੀ ਤੇ ਭਾਈ ਨਿਸ਼ਾਨ ਸਿੰਘ ਹਜ਼ਾਰਾ ਦੀ ਅਗਵਾਈ ‘ਚ ਵੱਡੀ ਗਿਣਤੀ ‘ਚ ਸਿੱਖ ਨੌਜਵਾਨ ਇਕੱਠੇ ਹੋ ਕੇ ਹੱਥਾਂ ‘ਚ ਕੇਸਰੀ ਝੰਡੇ ਤੇ ਬੈਨਰ ਫੜ੍ਹ ਕੇ ਸ਼੍ਰੋਮਣੀ ਕਮੇਟੀ ਖਿਲਾਫ ਨਾਅਰੇਬਾਜ਼ੀ ਕਰਦੇ ਮੋਟਰ ਸਾਈਕਲਾਂ ਤੇ ਰਵਾਨਾ ਹੋਏ, ਜਿਨ੍ਹਾਂ ਗੁਰਦੁਆਰਾ ਬੇਰ ਸਾਹਿਬ ਚੌਕ ਤੋਂ ਤਲਵੰਡੀ ਪੁਲ ਚੌਕ ਤੱਕ ਪੈਦਲ ਰੋਸ ਮਾਰਚ ਕੱਢਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਆਗੂਆਂ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਸਮੇਤ 10 ਸਿੱਖ ਜਥੇਬੰਦੀਆਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਸ਼੍ਰੋਮਣੀ ਕਮੇਟੀ ਦਫਤਰ ਅੰਮ੍ਰਿਤਸਰ ਮੁਹਰੇ ਰੋਸ ਧਰਨਾ ਦਿੱਤਾ ਜਾ ਰਿਹਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਹੋਏ ਪਾਵਨ ਸਰੂਪਾਂ ਦੇ ਮਾਮਲੇ ‘ਚ ਦੋਸ਼ੀ ਪਾਏ ਗਏ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਜਿਸ ਸ਼੍ਰੋਮਣੀ ਕਮੇਟੀ ਕੋਲੋਂ ਆਪਣੇ ਦਫਤਰਾਂ ‘ਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਸਤਿਕਾਰ ਨਹੀਂ ਹੋ ਸਕਿਆ ਉਸ ਤੋਂ ਹੋਰ ਕੀ ਆਸ ਰੱਖੀ ਜਾ ਸਕਦੀ ਹੈ । ਉਨ੍ਹਾਂ ਦੱਸਿਆ ਕਿ ਅੱਜ 50 ਦੇ ਕਰੀਬ ਮੋਟਰ ਸਾਈਕਲਾਂ ਤੇ ਸਵਾਰ ਹੋ ਕੇ ਸਿੱਖ ਨੌਜਵਾਨ ਸੁਲਤਾਨਪੁਰ ਲੋਧੀ ਤੋਂ ਅੰਮ੍ਰਿਤਸਰ ਤੱਕ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਦੀਆਂ ਸੰਗਤਾਂ ਨੂੰ ਜਾਗਰੂਕ ਕਰਾਂਗੇ ਤਾਂ ਜੋ ਪਾਵਨ ਸਰੂਪ ਲਾਪਤਾ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾ ਸਕੇ।

  • 222
  •  
  •  
  •  
  •