ਸੰਯੁਕਤ ਰਾਸ਼ਟਰ ਦੇ ਇਤਿਹਾਸਕ 75ਵੇਂ ਸੈਸ਼ਨ ਦੀ ਡਿਜੀਟਲ ਸ਼ੁਰੂਆਤ

ਦੁਨੀਆ ਵਿਚ ਕੋਰੋਨਾ ਮਹਾਮਾਰੀ ਦੌਰਾਨ ਸੰਯੁਕਤ ਰਾਸ਼ਟਰ ਮਹਾਂਸਭਾ ਦਾ ਇਤਿਹਾਸਕ 75ਵਾਂ ਸੈਸ਼ਨ ਸ਼ੁਰੂ ਹੋ ਗਿਆ ਹੈ। ਪਹਿਲੀ ਵਾਰ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਦੇ ਨੁਮਾਇੰਦੇ ਅਤੇ ਸਰਕਾਰ ਦੇ ਮੁਖੀ ਅਤੇ ਕੂਟਨੀਤਿਕ ਸੰਮੇਲਨ ਲਈ ਨਿਊਯਾਰਕ ਵਿੱਚ ਇਕੱਠੇ ਨਹੀਂ ਹੋਣਗੇ। ਇਸ ਵਿਸ਼ਵ ਵਿਆਪੀ ਸੰਸਥਾ ਦੇ 75 ਸਾਲਾ ਇਤਿਹਾਸ ਵਿਚ ਪਹਿਲੀ ਵਾਰ ਵਿਸ਼ਵ ਆਗੂ ਡਿਜੀਟਲ ਢੰਗ ਨਾਲ ਸੈਸ਼ਨ ਵਿਚ ਸ਼ਾਮਲ ਹੋਣਗੇ। ਆਮ ਬਹਿਸ ਸਭਾ 22 ਸਤੰਬਰ ਭਾਵ ਅੱਜ ਤੋਂ ਸ਼ੁਰੂ ਹੋਕੇ 29 ਸਤੰਬਰ ਤੱਕ ਚੱਲੇਗੀ।

ਤੁਰਕੀ ਦੇ ਡਿਪਲੋਮੈਟ ਵੋਲਕਾਨ ਬੋਜ਼ਕੀਰ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ 75ਵੇਂ ਸੈਸ਼ਨ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ। ਸੰਯੁਕਤ ਰਾਸ਼ਟਰ ਦੀ ਵਰਚੁਅਲ ਆਮ ਸਭਾ ਵਿਚ 119 ਮੁਲਕਾਂ ਦੇ ਮੁਖੀ ਤੇ 54 ਸਰਕਾਰੀ ਨੁਮਾਇੰਦੇ ਪਹਿਲਾਂ ਤੋਂ ਰਿਕਾਰਡ ਵੀਡੀਓ ਬਿਆਨਾਂ ਰਾਹੀਂ ਹਾਜ਼ਰੀ ਭਰਨਗੇ। ਇਹ ਪਹਿਲੀ ਵਾਰ ਹੋਵੇਗਾ ਕਿ ਵੱਖ ਵੱਖ ਆਗੂ ਪਹਿਲਾਂ ਤੋਂ ਰਿਕਾਰਡ ਕੀਤੀ ਵੀਡੀਓ ਬਿਆਨਾਂ ਰਾਹੀਂ ਸੰਬੋਧਨ ਕਰ ਸਕਦੇ ਹਨ।

ਯੂਐੱਨ ਦੇ ਸਕੱਤਰ ਜਨਰਲ ਗੁਟੇਰੇਜ਼ ਨੇ ਕਿਹਾ ਕਿ ਆਮ ਸਭਾ ਦੌਰਾਨ ਆਲਮੀ ਆਗੂ ਆਪਣੇ ਹੀ ਮੁਲਕਾਂ ਵਿੱਚ ਕੌਮੀ ਬਿਆਨ ਰਿਕਾਰਡ ਕਰਨਗੇ, ਜਿਸ ਨੂੰ ਜਨਰਲ ਅਸੈਂਬਲੀ ਰੂਮ ਵਿੱਚ ਸਥਾਈ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਚਲਾਇਆ ਜਾਵੇਗਾ।
ਗੁਟੇਰੇਜ਼ ਨੇ ਕਿਹਾ, ‘ਵਰਚੁਅਲ ਸ਼ਮੂਲੀਅਤ ਤੋਂ ਭਾਵ ਹੈ ਕਿ ਆਲਮੀ ਆਗੂ ਹਫ਼ਤਾ ਭਰ ਚੱਲਣ ਵਾਲੀ ਇਸ ਮੀਟਿੰਗ ਵਿੱਚ ਰਿਕਾਰਡ ਗਿਣਤੀ ’ਚ ਸ਼ਾਮਲ ਹੋਣਗੇ, ਪਰ ਆਨਲਾਈਨ ਹੋਣਾ ਬਿਨਾਂ ਸ਼ੱਕ ਨਵੀਂ ਚੁਣੌਤੀਆਂ ਲੈ ਕੇ ਆਏਗਾ।

ਦੱਸ ਦਈਏ ਕਿ ਇਸ ਸਾਲਾਨਾ ਕਾਨਫਰੰਸ ਵਿੱਚ ਵਿਸ਼ਵ ਭਰ ਦੇ ਆਗੂ ਮਨੁੱਖਤਾ ਨੂੰ ਦਰਪੇਸ਼ ਸਭ ਤੋਂ ਗੰਭੀਰ ਖਤਰਿਆਂ ਬਾਰੇ ਵਿਚਾਰ ਵਟਾਂਦਰੇ ਕਰਨਗੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਸਤੰਬਰ ਨੂੰ ਸੰਬੋਧਨ ਕਰਨਗੇ, ਪਰ ਇਸ ਤੋਂ ਇੱਕ ਦਿਨ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਰਚੁਅਲ ਤਰੀਕੇ ਨਾਲ ਆਪਣਾ ਭਾਸ਼ਣ ਦੇਣਗੇ ਅਤੇ ਕਸ਼ਮੀਰ ਸਮੇਤ ਕਈ ਅਹਿਮ ਮੁੱਦੇ ਉਠਾ ਸਕਦੇ ਹਨ। ਇਸ ਤੋਂ ਇਲਾਵਾ ਵਿਸ਼ਵ ਭਰ ਦੇ ਲੋਕਾਂ ਦਾ ਧਿਆਨ ਅਮਰੀਕਾ, ਚੀਨ, ਰੂਸ, ਇਰਾਨ ਤੇ ਹੋਰ ਮੁਲਕਾਂ ਤੇ ਹੋਵੇਗਾ।

  •  
  •  
  •  
  •  
  •