ਸੰਯੁਕਤ ਰਾਸ਼ਟਰ ‘ਚ ਕੋਰੋਨਾ ਵਾਇਰਸ ਨੂੰ ਲੈ ਕੇ ਅਮਰੀਕਾ ਤੇ ਚੀਨ ਨੇ ਇੱਕ ਦੂਜੇ ਖਿਲਾਫ਼ ਕੀਤੀ ਬਿਆਨਬਾਜ਼ੀ

ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਾਅਦ ਅਮਰੀਕਾ ਤੇ ਚੀਨ ਦੇ ਆਪਸੀ ਸੰਬੰਧ ਵਿਗੜੇ ਹੋਏ ਹਨ। ਇਹ ਵਿਗੜੇ ਸੰਬੰਧਾਂ ਦਾ ਅਸਰ ਵਿਸ਼ਵ ਦੀ ਰਾਜਨੀਤੀ ‘ਤੇ ਦੇਖਣ ਨੂੰ ਮਿਲਦਾ ਹੈ। ਸੰਯੁਕਤ ਰਾਸ਼ਟਰ ਦੇ 75ਵੇਂ ਸੈਸ਼ਨ ਵਿਚ ਬੀਤੇ ਦਿਨ ਭਾਵ 22 ਸਤੰਬਰ 2020 ਨੂੰ ਹੋਈ ਉੱਚ ਪੱਧਰੀ ਆਮ ਬਹਿਸ ਵਿਚ ਦੋਵੇਂ ਦੇਸ਼ਾਂ ਦੇ ਰਾਸ਼ਟਰਪਤੀਆਂ ਨੇ ਡਿਜੀਟਲ ਤਰੀਕੇ ਨਾਲ ਆਪਣੇ ਬਿਆਨ ਦਿੱਤੇ ਤੇ ਕੋਰੋਨਾ ਨੂੰ ਲੈਕੇ ਇੱਕ ਦੂਜੇ ਖਿਲਾਫ਼ ਬਿਆਨਬਾਜ਼ੀ ਕੀਤੀ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਿਰਫ 7 ਮਿੰਟਾਂ ਦਾ ਭਾਸ਼ਣ ਦਿੱਤਾ। ਟਰੰਪ ਨੂੰ ਦਿੱਤੇ ਗਏ ਸਮੇਂ ਦੇ ਅੱਧੇ ਤੋਂ ਘੱਟ ਸਮੇਂ ‘ਚ ਆਪਣੀ ਗੱਲ ਖਤਮ ਕਰ ਦਿੱਤੀ। ਡੋਨਾਲਡ ਟਰੰਪ ਨੇ ਆਪਣੇ ਭਾਸ਼ਣ ਦੇ ਜ਼ਿਆਦਾ ਹਿੱਸੇ ਵਿਚ ਚੀਨ ਉੱਪਰ ਹਮਲਾ ਕੀਤਾ। ਉਨ੍ਹਾਂ ਨੇ ਪੂਰੇ ਭਾਸ਼ਣ ਵਿਚ 11 ਵਾਰ ਚੀਨ ਦਾ ਨਾਂ ਲਿਆ। ਭਾਸ਼ਣ ਦੀ ਸ਼ੁਰੂਆਤ ਦੇ ਕੁੱਝ ਸਕਿੰਟ ਵਿਚ ਉਨ੍ਹਾਂ ਨੇ ਕੋਵਿਡ-19 ਨੂੰ ‘ਚੀਨ ਵਾਇਰਸ’ ਦਾ ਨਾਂ ਦਿੱਤਾ ਸੀ ਅਤੇ ਬੀਜ਼ਿੰਗ ਨੂੰ ਇਸ ਦੇ ਲਈ ਜਵਾਬਦੇਹ ਠਹਿਰਾਇਆ।

ਟਰੰਪ ਨੇ ਕੋਰੋਨਾ ਦੀ ਦੂਜੇ ਵਿਸ਼ਵ ਯੁੱਧ ਨਾਲ ਤੁਲਨਾ ਕਰਦੇ ਹੋਏ ਇਸ ਨੂੰ ਭਿਆਨਕ ਗਲੋਬਲ ਸੰਘਰਸ਼ ਦੱਸਿਆ। ਗਾਰਡੀਅਨ ਦੇ ਸੰਪਾਦਕ ਜੂਲੀਅਨ ਬੋਰਜ਼ਰ ਟਵਿੱਟਰ ‘ਤੇ ਟਰੰਪ ਦੇ ਭਾਸ਼ਣ ਬਾਰੇ ਲਿੱਖਿਆ ਹੈ ਕਿ ਇਹ ਭਾਸ਼ਣ ਰਾਸ਼ਟਰਪਤੀ ਚੋਣਾਂ ਲਈ ਡਿਜ਼ਾਈਨ ਕੀਤਾ ਗਿਆ ਭਾਸ਼ਣ ਸੀ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਚੀਨੀ ਸਰਕਾਰ ਅਤੇ ਡਬਲਯੂ. ਐੱਚ. ਓ. ਜੋ ਚੀਨ ਦੇ ਕੰਟਰੋਲ ਵਿਚ ਹੈ, ਇਹ ਦੋਵੇਂ ਕੋਰੋਨਾ ਦੇ ਫੈਲਾਅ ਲਈ ਜ਼ਿੰਮੇਵਾਰ ਹਨ ਅਤੇ ਸੰਯੁਕਤ ਰਾਸ਼ਟਰ ਵੀ ਨੂੰ ਵੀ ਚਾਹੀਦਾ ਹੈ ਕਿ ਉਹ ਇੰਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਉਣ।

ਦੂਸਰੇ ਪਾਸੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕੋਰੋਨਾ ‘ਤੇ ਗੱਲ ਕਰਦਿਆਂ ਕਿਹਾ, ‘ਕੋਵਿਡ-19 ਸਾਨੂੰ ਯਾਦ ਦਿਵਾਉਂਦਾ ਕਿ ਆਰਥਿਕ ਗਲੋਬਲਜਾਇਸ਼ਨ ਇਕ ਨਿਰਵਿਵਾਦ ਅਤੇ ਇਤਿਹਾਸਕ ਪ੍ਰਵਿਰਤੀ ਹੈ। ਸ਼ੁਤਰਮੁਰਗ ਦੀ ਤਰ੍ਹਾਂ ਰੇਤ ‘ਚ ਸਿਰ ਘੁਸਾਉਣਾ ਜਾਂ ਬਦਲਾਅ ਦੇ ਪੁਰਾਣੇ ਤਰੀਕੇ ਇਤਿਹਾਸ ਦੀ ਪ੍ਰਵਿਰਤੀ ਦੇ ਖਿਲਾਫ ਜਾਂਦੇ ਹਨ। ਸਾਨੂੰ ਸਾਫ ਪਤਾ ਹੋਣਾ ਚਾਹੀਦਾ ਹੈ ਦੁਨੀਆਂ ਕਦੇ ਵੀ ਅਲਗਾਵ ‘ਚ ਨਹੀਂ ਪਰਤੇਗੀ ਅਤੇ ਕੋਈ ਵੀ ਦੇਸ਼ਾਂ ਦੇ ਵਿਚ ਸਬੰਧਾਂ ਨੂੰ ਨਹੀਂ ਬਦਲ ਸਕਦਾ।’

ਇਸ ਤੋਂ ਇਲਾਵਾ ਸ਼ੀ ਨੇ ਕਿਹਾ ਕਿ ਕੋਰੋਨਾ ਮਹਾਂਮਰੀ ਦੇ ਸੰਬੰਧ ਵਿਚ ਰਾਜਨੀਤੀ ਨਹੀਂ ਕਰਨੀ ਚਾਹੀਦੀ ਅਤੇ ਇਸ ਨੂੰ ਹਰਾਉਣ ਲਈ ਸਾਰੇ ਦੇਸ਼ਾਂ ਨੂੰ ਇੱਕਜੁੱਟ ਹੋਕੇ ਵਿਸ਼ਵ ਸਿਹਤ ਸੰਗਠਨ ਨੂੰ ਮੋਹਰੀ ਰੋਲ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਲਕ ਨੂੰ ਸੁਪਰ ਪਾਵਰ ਕਹਾ ਕੇ ਕਿਸੇ ਦੇਸ਼ ‘ਤੇ ਅਧਿਕਾਰ ਜਮਾਉਣ ਦਾ ਕੋਈ ਹੱਕ ਨਹੀਂ ਅਤੇ ਅਸੀਂ ਕਿਸੇ ਮੁਲਕ ਨਾਲ ਕੋਈ ਸ਼ੀਤ ਜੰਗ ਸ਼ੁਰੂ ਕਰਨਾ ਨਹੀਂ ਚਾਹੁੰਦੇ।

  • 86
  •  
  •  
  •  
  •