ਸੰਯੁਕਤ ਰਾਸ਼ਟਰ ‘ਚ ਤੁਰਕੀ ਨੇ ਜੰਮੂ ਕਸ਼ਮੀਰ ਦਾ ਮੁੱਦਾ ਚੁੱਕਿਆ, ਭਾਰਤ ਨੇ ਪ੍ਰਗਟਾਈ ਨਾਰਾਜ਼ਗੀ

ਸੰਯੁਕਤ ਰਾਸ਼ਟਰ ਮਹਾਂਸਭਾ ਵਿਚ ਤੁਰਕੀ ਨੇ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦਾ ਮੁੱਦਾ ਚੁੱਕਿਆ ਤੇ ਭਾਰਤ ਦਾ ਵਿਰੋਧ ਕੀਤਾ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਅਪ ਐਰਦੋਆਨ ਨੇ ਸੰਯੁਕਤ ਰਾਸ਼ਟਰ ਦੀ ਬੈਠਕ ਵਿਚ ਕਿਹਾ ਕਿ ਕਸ਼ਮੀਰ ਹਾਲੇ ਵੀ ਇਕ ਸਰਗਰਮ ਮੁੱਦਾ ਹੈ। ਪਰ ਦੂਜੇ ਪਾਸੇ ਭਾਰਤ ਨੇ ਇਸ ‘ਤੇ ਸਖ਼ਤ ਇਤਰਾਜ਼ ਕੀਤਾ।

ਜਾਣਕਾਰੀ ਅਨੁਸਾਰ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਬੈਠਕ ‘ਚ ਤੁਰਕੀ ਦੇ ਰਾਸ਼ਟਰਪਤੀ ਨੇ ਰਿਕਾਰਡ ਕੀਤੇ ਸੰਦੇਸ਼ ਵਿਚ ਕਿਹਾ ਕਿ ਕਸ਼ਮੀਰ ਵਿਵਾਦ ਦੱਖਣੀ ਏਸ਼ੀਆ ਦੀ ਸ਼ਾਂਤੀ ਅਤੇ ਸਥਿਰਤਾ ਲਈ ਬਹੁਤ ਮਹੱਤਵਪੂਰਨ ਹੈ ਅਤੇ ਹਾਲੇ ਵੀ ਇਕ ਸਰਗਰਮ ਮੁੱਦਾ ਹੈ। ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਦੇ ਬਾਅਦ ਜਿਹੜੇ ਕਦਮ ਚੁੱਕੇ ਗਏ ਹਨ, ਉਹਨਾਂ ਨਾਲ ਮਾਮਲਾ ਹੋਰ ਵਿਗੜ ਗਿਆ ਹੈ।

ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦਾ ਮੁੱਦਾ ਯੂ.ਐਨ ਦੇ ਨਿਯਮਾਂ ਮੁਤਾਬਿਕ ਜਲਦੀ ਹੱਲ ਹੋਣਾ ਚਾਹੀਦਾ ਹੈ। ਜੇਕਰ ਹੋ ਸਕੇ ਤਾਂ ਜੰਮੂ-ਕਸ਼ਮੀਰ ਦੇ ਲੋਕਾਂ ਦੀ ਰਾਇਸ਼ਮੁਾਰੀ ਕਰਵਾਈ ਜਾਵੇ ਕਿ ਉਹਨਾਂ ਨੇ ਆਪਣੇ ਖਿੱਤੇ ਲਈ ਕੀ ਫੈਸਲਾ ਲੈਣਾ ਹੈ।

ਦੂਜੇ ਪਾਸੇ ਭਾਰਤ ਨੇ ਤੁਰਕੀ ਦੇ ਇਸ ਬਿਆਨ ਦਾ ਵਿਰੋਧ ਕੀਤਾ। ਸੰਯੁਕਤ ਰਾਸ਼ਟਰ ਵਿਚ ਭਾਰਤੀ ਰਾਜਦੂਤ ਟੀ.ਐੱਸ. ਤ੍ਰਿਮੂਰਤੀ ਨੇ ਮੰਗਲਵਾਰ ਨੂੰ ਟਵੀਟ ਕੀਤਾ, “ਅਸੀਂ ਭਾਰਤ ਦੇ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਬਾਰੇ ਤੁਰਕੀ ਦੇ ਰਾਸ਼ਟਰਪਤੀ ਦੀਆਂ ਟਿਪਣੀਆਂ ਸੁਣੀਆਂ। ਉਹ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਹੈ ਅਤੇ ਭਾਰਤ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਦਾ ਹੈ। ਤੁਰਕੀ ਨੂੰ ਦੂਜੇ ਦੇਸ਼ਾਂ ਦੀ ਪ੍ਰਭੂਸੱਤਾ ਦੀ ਇੱਜ਼ਤ ਕਰਨੀ ਚਾਹੀਦੀ ਹੈ ਅਤੇ ਆਪਣੀਆਂ ਨੀਤੀਆਂ ‘ਤੇ ਡੂੰਘਾਈ ਨਾਲ ਵਿਚਾਰ ਕਰਨਾ ਚਾਹੀਦਾ ਹੈ।’

  • 151
  •  
  •  
  •  
  •