ਅੱਜ ‘ਪੰਜਾਬ ਬੰਦ’ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ, ਕਿਸਾਨਾਂ ਵਾਸਤੇ ਲੰਗਰ ਦੀ ਸੇਵਾ ਲਈ ਪਹੁੰਚੀ ‘ਖ਼ਾਲਸਾ ਏਡ’

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ। ਅੱਜ ਪੰਜਾਬ ਬੰਦ ਦੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਦਾ ਮੁਕੰਮਲ ਅਸਰ ਦੇਖਣ ਨੂੰ ਮਿਲਿਆ। ਕਿਸਾਨ ਜਥੇਬੰਦੀਆਂ ਵੱਲੋਂ ਮਿਲ ਕੇ ਵੱਖ-ਵੱਖ 125 ਥਾਂਵਾਂ ‘ਤੇ ਮਾਰਚ ਕੱਢੇ ਗਏ ਅਤੇ ਧਰਨੇ ਲਗਾ ਕੇ ਸੜਕੀ ਆਵਾਜ਼ਾਈ ਬੰਦ ਕੀਤੀ ਗਈ। ਦੁਕਾਨਦਾਰਾਂ, ਵਪਾਰੀਆਂ ਅਤੇ ਆੜ੍ਹਤੀਆਂ ਵੱਲੋਂ ਵੀ ਇਸ ਬੰਦ ਦਾ ਸਮਰਥਨ ਕਰਕੇ ਆਪਣੇ ਕਾਰੋਬਾਰ ਬੰਦ ਰੱਖੇ ਗਏ।

ਵਿਸਥਾਰਤ ਖਬਰ ਅਨੁਸਾਰ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਨੇ ਰੇਲਾਂ ਦਾ ਵੀ ਚੱਕਾ ਜਾਮ ਕੀਤਾ ਹੋਇਆ ਹੈ। ਕਿਸਾਨਾਂ ਨੇ 24 ਤੋਂ 26 ਸਤੰਬਰ ਤੱਕ ਰੇਲਾਂ ਰੋਕਣ ਦਾ ਐਲਾਨ ਕੀਤਾ ਕੀਤਾ ਹੋਇਆ ਹੈ। ਅੰਮ੍ਰਿਤਸਰ, ਫਿਰੋਜ਼ਪੁਰ, ਪਟਿਆਲਾ, ਜਲੰਧਰ, ਲੁਧਿਆਣਾ, ਸੰਗਰੂਰ ਆਦਿ ਜ਼ਿਲ੍ਹਿਆਂ ’ਚ ਕਿਸਾਨਾਂ ਦੇ ਰੇਲ ਪਟੜੀਆਂ ’ਤੇ ਧਰਨਿਆਂ ਦੀ ਖਬਰ ਮਿਲ ਰਹੀ ਹੈ।

ਅੱਜ ਕਈ ਥਾਂਵਾਂ ‘ਤੇ ਕਿਸਾਨਾਂ ਨਾਲ ਧਰਨਿਆਂ ਤੇ ਮੁਜ਼ਾਹਿਰਆਂ ਵਿਚ ਵਪਾਰੀ ਵਰਗ ਦੇ ਲੋਕ ਵੀ ਸ਼ਾਮਲ ਹੋਏ। ਇਸ ਤੋਂ ਇਲਾਵਾ ਸਿਆਸੀ ਲੀਡਰ ਤੇ ਪੰਜਾਬੀ ਕਲਾਕਾਰ ਵੱਖ-ਵੱਖ ਥਾਵਾਂ ‘ਤੇ ਧਰਨੇ ਦੇ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅੱਜ ਟਰੈਕਟਰ ‘ਤੇ ਸਵਾਰ ਹੋ ਕੇ ਲੰਬੀ ਨੇੜੇ ਚੱਕਾ ਜਾਮ ਧਰਨੇ ਵਿਚ ਸ਼ਾਮਲ ਹੋਏ।

ਪੰਜਾਬ ਵਿਚ ਲੱਗੇ ਧਰਨਿਆਂ ‘ਤੇ ਕਿਸਾਨ ਆਗੂ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਉਹ ਖੇਤੀ ਬਿੱਲਾਂ ਨੂੰ ਕਿਸਾਨ ਮਾਰੂ ਕਹਿ ਕੇ ਇਹ ਬਿੱਲ ਵਾਪਿਸ ਕਰਨ ਦੀ ਮੰਗ ਕਰ ਰਹੇ ਹਨ। ਕਿਸਾਨਾਂ ਵੱਲੋਂ ਬੀਜੇਪੀ ਦੇ ਆਗੂਆਂ ਦੇ ਬਾਈਕਾਟ ਦੇ ਸੱਦੇ ਦਿੱਤੇ ਜਾ ਰਹੇ ਹਨ।
ਇਸ ਤੋਂ ਇਲਾਵਾ ਯੂਨਾਇਟਡ ਸਿੱਖਸ ਨੇ ਧਰਨਿਆਂ ਵਿਚ ਦੂਰ ਦੁਰਾਡੇ ਤੋਂ ਪੁੱਜੇ ਕਿਸਾਨਾਂ ਲਈ ਫਲਾਂ ਦਾ ਲੰਗਰ ਲਗਾਇਆ। ਯੂਨਾਇਟਡ ਸਿੱਖਸ ਵੱਲੋਂ ਹਜ਼ਾਰਾਂ ਲੱਖਾਂ ਦੀ ਗਿਣਤੀ ਵਿਚ ਆਏ ਕਿਸਾਨਾਂ ਨੂੰ ਫ਼ਲ ਵੰਡੇ ਗਏ।

ਵਿਸ਼ਵ ਪ੍ਰਸਿੱਧ ਸਿੱਖ ਸੰਸਥਾ ‘ਖ਼ਾਲਸਾ ਏਡ’ ਵੀ ਸ਼ੰਭੂ ਬਾਰਡਰ, ਬਰਨਾਲਾ, ਮਾਨਸਾ, ਨਾਭਾ ਅਤੇ ਜਲੰਧਰ ਵਿਖੇ ਧਰਨੇ ‘ਤੇ ਪਹੁੰਚਣ ਵਾਲੇ ਕਿਸਾਨਾਂ ਲਈ ਲੰਗਰ ਪਾਣੀ ਦੀ ਸੇਵਾ ਲੈ ਕੇ ਪਹੁੰਚ ਗਈ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸ਼ੰਭੂ ਬਾਰਡਰ ਪੁੱਜੇ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਦੱਸਿਆ ਕਿ ਖ਼ਾਲਸਾ ਏਡ ਵਾਲੇ ਕਿਸਾਨਾਂ ਤੋਂ ਵੀ ਪਹਿਲਾਂ ਸ਼ੰਭੂ ਪਹੁੰਚ ਚੁੱਕੇ ਨੇ ਤਾਂ ਜੋ ਇੱਥੇ ਆਉਣ ਵਾਲੇ ਕਿਸਾਨਾਂ ਲਈ ਲੰਗਰ ਪਾਣੀ ਦੀ ਸੇਵਾ ਕਰ ਸਕਣ।

ਦੱਸ ਦੇਈਏ ਕਿ ਖ਼ਾਲਸਾ ਏਡ ਨੇ ਪੰਜਾਬ ਵਿਚ ਆਏ ਹੜ੍ਹਾਂ ਸਮੇਂ ਵੀ ਕਿਸਾਨਾਂ ਦੀ ਵੱਡੇ ਪੱਧਰ ‘ਤੇ ਮਦਦ ਕੀਤੀ ਸੀ। ਖ਼ਾਲਸਾ ਏਡ ਵੱਲੋਂ ਕਈ ਥਾਵਾਂ ‘ਤੇ ਜਿੱਥੇ ਕਿਸਾਨਾਂ ਨੂੰ ਬੀਜ, ਖਾਦਾਂ, ਦਵਾਈਆਂ ਆਦਿ ਦਿੱਤੀਆਂ ਗਈਆਂ ਸਨ, ਉਥੇ ਹੀ ਬਹੁਤ ਥਾਵਾਂ ‘ਤੇ ਟ੍ਰੈਕਟਰ ਵੀ ਦਿੱਤੇ ਗਏ ਸਨ ਤਾਂ ਜੋ ਆਰਥਿਕ ਪੱਖੋਂ ਟੁੱਟੇ ਕਿਸਾਨਾਂ ਨੂੰ ਮੁੜ ਤੋਂ ਖੜ੍ਹਾ ਕੀਤਾ ਜਾ ਸਕੇ।

  • 1.6K
  •  
  •  
  •  
  •