ਕੈਨੇਡਾ: ਸਿੱਖ ਪੁਲਿਸ ਅਫ਼ਸਰਾਂ ਨਾਲ ਵਿਤਕਰੇ ਦੀ ਪ੍ਰਧਾਨ ਮੰਤਰੀ ਟਰੂਡੋ ਨੇ ਕੀਤੀ ਆਲੋਚਨਾ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਰਸੀਐਮਪੀ ਵੱਲੋਂ ਸਿੱਖ ਅਤੇ ਮੁਸਲਿਮ ਪੁਲਿਸ ਅਫਸਰਾਂ ਨੂੰ ਦਾੜ੍ਹੀ ਕਾਰਨ ਫਰੰਟ ਲਾਈਨ ਤੋਂ ਹਟਾਉਣ ਦੀ ਕਾਰਵਾਈ ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਆਰਸੀਐੱਮਪੀ. ਵੱਲੋਂ ਅਜਿਹਾ ਫੈਸਲਾ ਨਹੀਂ ਸੀ ਲਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮੈਨੂੰ ਇਸ ਦਾ ਬੜਾ ਦੁੱਖ ਹੋਇਆ ਹੈ ਅਤੇ ਆਸ ਹੈ ਕਿ ਆਰ.ਸੀ.ਐੱਮ.ਪੀ. ਇਸ ਵਿਚ ਸੋਧ ਕਰੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਹਤ ਅਤੇ ਸੁਰੱਖਿਆ ਸਬੰਧੀ ਰੈਗੂਲੇਸ਼ਨ ਬੇਹੱਦ ਜ਼ਰੂਰੀ ਹਨ ਅਤੇ ਦੇਸ਼ ਦੀਆਂ ਸਾਰੀਆਂ ਕੰਮ ਵਾਲੀਆਂ ਥਾਵਾਂ ‘ਤੇ ਇਸ ਦੀ ਪਾਲਣਾ ਹੋਣੀ ਚਾਹੀਦੀ ਹੈ ਅਤੇ ਬਹੁਤ ਸਾਰੀਆਂ ਸੰਸਥਾਵਾਂ ਕਰਮਚਾਰੀ ਨਾਲ ਬਿਨਾਂ ਕੋਈ ਪੱਖਪਾਤ ਕੀਤੇ ਸਿਹਤ ਨਿਰਦੇਸ਼ਾਂ ਦੀ ਪਾਲਣਾ ਸਫਲਤਾ ਨਾਲ ਕਰ ਰਹੀਆਂ ਹਨ। ਪਰ ਆਰਸੀਐਮਪੀ ਦੇ ਇਸ ਫੈਸਲੇ ਬਾਰੇ ਸੁਣ ਕੇ ਉਨ੍ਹਾਂ ਨੂੰ ਬਹੁਤ ਨਿਰਾਸ਼ਾ ਹੋਈ ਹੈ ਕਿਉਂਕਿ ਕਈ ਹੋਰ ਪੁਲਿਸ ਫੋਰਸਿਜ਼ ਅਤੇ ਸੰਗਠਨਾਂ ਵਿਚ ਅਜਿਹਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜ਼ਰੂਰਤ ਇਹ ਹੈ ਕਿ ਸੁਰੱਖਿਆ ਦੇ ਮਿਆਰਾਂ ਨੂੰ ਬਰਕਰਾਰ ਰੱਖਣ ਸਮੇਂ ਕਿਸੇ ਵਿਅਕਤੀ ਵਿਸ਼ੇਸ਼ ਨਾਲ ਉਸ ਦੇ ਧਰਮ ਕਾਰਨ ਵਿਤਕਰਾ ਨਾ ਹੋਵੇ।

ਪਬਲਿਕ ਸੇਫਟੀ ਮੰਤਰੀ ਬਿਲ ਬਲੇਅਰ ਨੇ ਵੀ ਇਸ ਨੀਤੀ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਸ ਨੂੰ ਬਦਲਣ ਦੀ ਜ਼ਰੂਰਤ ਹੈ। ਉਨ੍ਹਾਂ ਦੇ ਦਫਤਰ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸਾਰੇ ਅਧਿਕਾਰੀਆਂ ਨੂੰ ਆਪਣੀ ਨਿਹਚਾ ਦੀ ਪਾਲਣਾ ਕਰਦਿਆਂ ਭਾਈਚਾਰੇ ਦੀ ਸੇਵਾ ਕਰਨ ਲਈ ਬਰਾਬਰ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ।

ਬੀ.ਸੀ. ਦੇ ਸੂਬਾਈ ਸਿਹਤ ਅਫਸਰ ਡਾ. ਬੋਨੀ ਹੈਨਰੀ ਨੇ ਵੀ ਸਪੱਸ਼ਟ ਕੀਤਾ ਹੈ ਕਿ ਜ਼ਿਆਦਾਤਰ ਲਾਅ ਇਨਫੋਰਸਮੈਂਟ ਅਫਸਰਾਂ ਲਈ ਐਨ 95 ਕਿਸਮ ਦੇ ਮਾਸਕ ਪਹਿਨਣ ਦੀ ਲੋੜ ਨਹੀਂ। ਵੈਨਕੂਵਰ ਪੁਲਿਸ ਵਿਭਾਗ ਅਜਿਹਾ ਨਹੀਂ ਹੈ ਅਤੇ ਨਾ ਹੀ ਟੋਰਾਂਟੋ, ਕੈਲਗਰੀ ਅਤੇ ਮਾਂਟਰੀਅਲ ਵਿਚ ਪੁਲਿਸ ਫੋਰਸਿਜ਼ ਦੀ ਅਜਿਹੀਆਂ ਨੀਤੀਆਂ ਹਨ।

  • 143
  •  
  •  
  •  
  •