ਸੰਯੁਕਤ ਰਾਸ਼ਟਰ ‘ਚ ਇਮਰਾਨ ਖਾਨ ਨੇ ਕਸ਼ਮੀਰ ਮੁੱਦੇ ਤੋਂ ਇਲਾਵਾ ਮੋਦੀ ਤੇ ਆਰਐੱਸਐੱਸ ਦਾ ਕੀਤਾ ਵਿਰੋਧ

ਨਵੀਂ ਦਿੱਲੀ – ਸੰਯੁਕਤ ਰਾਸ਼ਟਰ ਮਹਾਸਭਾ ਦੀ 75ਵੀਂ ਬੈਠਕ ਦੌਰਾਨ ਸ਼ੁੱਕਰਵਾਰ ਯੂਐਨ ‘ਚ ਸੰਬੋਧਨ ਦੌਰਾਨ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਈ ਮੁੱਦਿਆਂ ਬਾਰੇ ਗੱਲਬਾਤ ਕੀਤੀ। ਉਹ ਹਰ ਥਾਂ ਕਸ਼ਮੀਰ ਮੁੱਦੇ ਬਾਰੇ ਬੋਲਦੇ ਹਨ ਤੇ ਇਸ ਵਾਰ ਵੀ ਬੋਲੇ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੇ ਮੰਚ ਜਰੀਏ ਭਾਰਤ ਖਿਲਾਫ਼ ਕਈ ਮੁੱਦਿਆਂ ਨੂੰ ਛੂਹਿਆ ਜਿਸ ‘ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰੀ ਸਵੈ-ਸੇਵਕ ਸੰਘ ਅਤੇ ਭਾਰਤੀ ਫੌਜ ਨੂੰ ਨਿਸ਼ਾਨੇ ‘ਤੇ ਲਿਆ। ਇਮਰਾਨ ਦੇ ਵਿਰੋਧ ਵਿਚ ਉਸ ਸਮੇਂ ਯੂ. ਐੱਨ. ਜੀ. ਏ. ਦੇ ਕਾਨਫਰੰਸ ਹਾਲ ਹੀ ਵਿਚ ਮੌਜੂਦ ਭਾਰਤੀ ਡਿਪਲੋਮੈਟ ਨੇ ਵਾਕਆਊਟ ਕੀਤਾ।

ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਰਾਸ਼ਟਰੀ ਸਵੈ-ਸੇਵਕ ਸੰਘ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਆਖਿਆ ਕਿ ਆਰ. ਐੱਸ. ਐੱਸ., ਗਾਂਧੀ ਅਤੇ ਨਹਿਰੂ ਦੇ ਸੈਕੂਲਰ ਮੁੱਲਾਂ ਨੂੰ ਪਿੱਛੇ ਛੱਡ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਲੱਗਾ ਹੋਇਆ ਹੈ। 2002 ਦੇ ਗੁਜਰਾਤ ਦੰਗਿਆਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਆਖਿਆ ਕਿ ਭਾਰਤ ਵਿਚ ਮੁਸਲਮਾਨਾਂ ‘ਤੇ ਅਤਿਆਚਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਭਾਰਤ ਵਿੱਚ ਇਸਲਾਮੋਫੋਬੀਆ ਹਾਵੀ ਹੈ ਅਤੇ ਉੱਥੇ ਰਹਿਣ ਵਾਲੇ ਲਗਭਗ 20 ਕਰੋੜ ਮੁਸਲਮਾਨਾਂ ਨੂੰ ਖ਼ਤਰਾ ਹੈ। ਇਸ ਦੇ ਪਿੱਛੇ ਕਾਰਨ ਆਰ. ਐਸ. ਐਸ. ਦੀ ਵਿਚਾਰਧਾਰਾ ਹੈ ਜੋ ਬਦਕਿਸਮਤੀ ਨਾਲ ਅੱਜ ਭਾਰਤ ‘ਤੇ ਰਾਜ ਕਰਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਹਿੰਦੂਆਂ ਲਈ ਵਿਸ਼ੇਸ਼ ਹੈ ਅਤੇ ਹੋਰ ਭਾਈਚਾਰੇ ਦੇ ਨਾਗਰਿਕਾਂ ਲਈ ਕੋਈ ਬਰਾਬਰ ਅਧਿਕਾਰ ਨਹੀਂ ਹਨ।

ਇਮਰਾਨ ਨੇ ਆਪਣੇ ਭਾਸ਼ਣ ਦੌਰਾਨ ਕਸ਼ਮੀਰੀ ਲੋਕਾਂ ਦੇ ਦਰਦ ਦੀ ਗੱਲ ਵੀ ਕੀਤੀ। ਉਨ੍ਹਾਂ ਆਖਿਆ ਕਿ ਕਸ਼ਮੀਰ ‘ਤੇ ਗੈਰ-ਕਾਨੂੰਨੀ ਤਰੀਕੇ ਨਾਲ ਕਬਜ਼ਾ ਕੀਤਾ ਹੋਇਆ ਹੈ ਅਤੇ ਭਾਰਤ ਉਥੋਂ ਦੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਨੂੰ ਆਪਣੇ ਰੈਜ਼ੋਲੇਸ਼ਨ ਦੇ ਤਹਿਤ ਇਸ ਦਾ ਹੱਲ ਕੱਢਣਾ ਚਾਹੀਦਾ ਹੈ ਤਾਂ ਜੋ ਦੱਖਣੀ ਏਸ਼ੀਆ ਵਿਚ ਸ਼ਾਂਤੀ ਆਵੇ। ਉਨ੍ਹਾਂ ਨੇ ਧਾਰਾ-370 ਦੇ ਖਾਤਮੇ ਦਾ ਜ਼ਿਕਰ ਕਰਦੇ ਹੋਏ ਆਖਿਆ ਕਿ ਇਸ ਨਾਲ ਕਸ਼ਮੀਰੀ ਲੋਕਾਂ ਦੇ ਅਧਿਕਾਰਾਂ ਨੂੰ ਖਤਮ ਕੀਤਾ ਗਿਆ ਹੈ।

ਇਮਰਾਨ ਖਾਨ ਨੇ ਕਿਹਾ ਕਿ ਭਾਰਤੀ ਸੁਰੱਖਿਆ ਬਲਾਂ ਨੇ ਹਜ਼ਾਰਾਂ ਨੌਜਵਾਨ ਕਸ਼ਮੀਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਲੋਕਾਂ ਦੇ ਘਰਾਂ ‘ਤੇ ਛਾਪੇ ਮਾਰੇ ਜਾ ਰਹੇ ਹਨ, ਕੁੱਟ-ਕੁੱਟ ਕੇ ਮਾਰਿਆ ਜਾ ਰਿਹਾ ਹੈ ਤੇ ਅਣਮਨੁੱਖੀ ਤਸ਼ੱਦਦ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਦੌਰਾਨ ਹਜ਼ਾਰਾਂ ਪ੍ਰਦਰਸ਼ਨਕਾਰੀ ਪੈਲੇਟ-ਗੰਨ ਹਮਲਿਆਂ ਵਿੱਚ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚ ਸੈਂਕੜੇ ਲੋਕ ਇੱਕ ਜਾਂ ਦੋਵੇਂ ਅੱਖਾਂ ਤੋਂ ਅੰਨ੍ਹੇ ਹੋਏ ਹਨ। ਉਨ੍ਹਾਂ ਕਿਹਾ ਕਸ਼ਮੀਰ ਵਿਚ ਧਾਰਾ 370 ਖਤਮ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਅਤੇ ਇੰਟਰਨੈੱਟ ‘ਤੇ ਪਾਬੰਦੀ ਲੱਗੀ ਹੋਈ ਹੈ, ਜਿਸ ਨਾਲ ਕਸ਼ਮੀਰੀ ਇੱਕ ਹਨੇਰੇ ਵਿਚ ਜਿਉਂ ਰਹੇ ਹਨ।
ਉਨ੍ਹਾਂ ਕਿਹਾ ਕਿ ਅੰਤਰਾਸ਼ਟਰੀ ਕਾਨੂੰਨਾਂ ਅਧੀਨ ਅੱਤਵਾਦ ਤੇ ਮਨੁੱਖਤਾ ਵਿਰੁੱਧ ਇਸ ਗੰਭੀਰ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਭਾਰਤੀ ਫ਼ੌਜ਼ੀਆਂ ਤੇ ਅਧਿਕਾਰੀਆਂ ਉੱਪਰ ਮੁਕੱਦਮੇ ਚਲਾਉਣੇ ਚਾਹੀਦੇ ਹਨ।

  • 151
  •  
  •  
  •  
  •